ਅੰਮ੍ਰਿਤਸਰ ਹਵਾਈ ਅੱਡੇ 'ਤੇ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਕਾਰਨ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, 2 ਜਨਵਰੀ (ਹਰਦੀਪ ਸਿੰਘ ਖੀਵਾ) - ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਜਿਸ ਦੇ ਚੱਲਦਿਆਂ 4 ਅੰਤਰਰਾਸ਼ਟਰੀ ਤੇ 3 ਘਰੇਲੂ ਉਡਾਣਾਂ ਰੱਦ ਹੋ ਗਈਆਂ । ਰਾਤ 8.30 ਵਜੇ ਕੁਆਲਾਲੰਪੁਰ ਤੋਂ ਅੰਮਿ੍ਤਸਰ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਇਨ ਰੱਦ ਹੋ ਗਈ। ਇਸ ਤੋਂ ਇਲਾਵਾ 2 ਤੇ 3 ਜਨਵਰੀ ਦੀ ਦਰਮਿਆਨੀ ਰਾਤ 1.15 ਵਜੇ ਦੁਬਈ ਤੋਂ ਏਥੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰ:192 ਵੀ ਰੱਦ ਕਰ ਦਿੱਤੀ ਗਈ। ਦੁਬਈ ਤੋਂ ਸਵੇਰੇ 7.50 ਵਜੇ ਪਹੁੰਚਣ ਵਾਲੀ ਸਪਾਈਸ ਜੈੱਟ ਦੀ ਉਡਾਣ ਕਰੀਬ 4 ਘੰਟੇ ਦੇਰੀ ਨਾਲ ਪਹੁੰਚੀ ਅਤੇ ਸ਼ਾਰਜਾਹ ਤੋਂ ਏਥੇ ਬਾਅਦ ਦੁਪਿਹਰ 3 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਕਰੀਬ ਸਾਢੇ 3 ਘੰਟੇ ਦੇਰੀ ਨਾਲ ਪਹੁੰਚੀ। ਮੁੰਬਈ ਤੇ ਦਿੱਲੀ ਤੋਂ ਏਥੇ ਪਹੁੰਚਣ ਵਾਲੀਆਂ ਘਰੇਲੂ ਉਡਾਣਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ ਦੇਰੀ ਨਾਲ ਪਹੁੰਚੀਆਂ।
ਰਵਾਨਾ ਹੋਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 'ਚ ਬਾਅਦ ਦੁਪਿਹਰ 4.05 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਅਤੇ ਰਾਤ 9.30 ਵਜੇ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਮਲੇਸ਼ੀਆ ਏਅਰ ਲਾਇਨ ਦੀ ਉਡਾਣ ਵੀ ਰੱਦ ਹੋ ਗਈਆਂ। ਜਦੋਂ ਕਿ ਦੋਹਾ ਦੀ ਕਤਰ ਏਅਰਵੇਜ਼ ਤੇ ਦੁਬਈ ਦੀ ਏਅਰ ਇੰਡੀਆ ਐਕਸਪ੍ਰੈਸ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 2 ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਇਨ੍ਹਾਂ ਪ੍ਰਭਾਵਿਤ ਹੋਈਆਂ ਉਡਾਣਾਂ ਕਾਰਨ ਯਾਤਰੀਆਂ ਨੂੰ ਅਤੇ ਯਾਤਰੀਆਂ ਨੂੰ ਅੱਗੋਂ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
;
;
;
;
;
;
;
;