ਪੰਜਾਬ ਦੇ ਕਿਸਾਨਾਂ ਦਾ ਹੋਇਆ ਬਹੁਤ ਵੱਡਾ ਨੁਕਸਾਨ, 20 ਹਜ਼ਾਰ ਕਰੋੜ ਦੇ ਰਾਹਤ ਫ਼ੰਡ ਦੀ ਹੈ ਲੋੜ- ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ, 11 ਸਤੰਬਰ- ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਨਹੀਂ ਜਾਣਦੇ। ਉਹ ਨਹੀਂ ਜਾਣਦੇ ਕਿ ਮੁੰਡੀਆਂ ਕੌਣ ਹੈ ਅਤੇ ਉਨ੍ਹਾਂ ਕੋਲ ਕਿਹੜੇ ਵਿਭਾਗ ਹਨ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਹ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਮੁੰਡੀਆਂ ਨੇ ਕਿਹਾ ਕਿ ਸਾਹਨੇਵਾਲ ਹਲਕੇ ਦੇ ਲਗਭਗ 2.75 ਲੱਖ ਵੋਟਰਾਂ ਨੇ ਮੈਨੂੰ ਚੁਣਿਆ ਹੈ ਅਤੇ ਮੈਨੂੰ ਵਿਧਾਨ ਸਭਾ ਵਿਚ ਭੇਜਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ 3 ਵਿਸ਼ੇਸ਼ ਵਿਭਾਗ ਦੇ ਕੇ ਮੰਤਰੀ ਬਣਾਇਆ ਹੈ। ਜੇਕਰ ਜਾਖੜ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਿਭਾਗ ਨਹੀਂ ਪਤਾ, ਤਾਂ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਮਝਣਗੇ?
ਉਨ੍ਹਾਂ ਕਿਹਾ ਕਿ ਜਾਖੜ ਕਦੇ ਵੀ ਪੰਜਾਬ ਨੂੰ ਪਿਆਰ ਨਹੀਂ ਕਰ ਸਕਦੇ। ਅੱਜ ਆਮ ਆਦਮੀ ਪਾਰਟੀ ਵਿਚ ਅਸੀਂ ਆਮ ਘਰਾਂ ਦੇ ਲੋਕ, ਮੰਤਰੀ ਬਣ ਗਏ ਹਾਂ, ਇਸੇ ਲਈ ਇਹ ਆਗੂ ਸਾਨੂੰ ਜਾਣਦੇ ਵੀ ਨਹੀਂ ਹਨ।
ਮੁੰਡੀਆਂ ਨੇ ਕਿਹਾ ਕਿ ਮੈਂ ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਮਾਮਲਾ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਰੱਖਿਆ ਸੀ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਉੱਥੇ ਕੀ ਸਥਿਤੀ ਹੈ। ਪੰਜਾਬ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਵੇਲੇ ਸਿਰਫ਼ ਇਕ ਫ਼ਸਲ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਆਉਣ ਵਾਲੇ ਸਮੇਂ ਵਿਚ ਹੋਰ ਫ਼ਸਲਾਂ ਵੀ ਬੀਜੀਆਂ ਨਹੀਂ ਜਾ ਸਕਣਗੀਆਂ। ਖੇਤ ਤਿਆਰ ਕਰਨ ਵਿਚ ਬਹੁਤ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਹੈ। ਪੰਜਾਬ ਨੂੰ ਲਗਭਗ 20 ਹਜ਼ਾਰ ਕਰੋੜ ਦੇ ਰਾਹਤ ਫੰਡ ਦੀ ਲੋੜ ਹੈ। ਬਹੁਤ ਸਾਰੇ ਪਰਿਵਾਰ ਬਰਬਾਦ ਹੋ ਗਏ ਹਨ। ਪੰਜਾਬ ਨੂੰ ਪਹਿਲਾਂ ਵਾਂਗ ਲਿਆਉਣਾ ਬਹੁਤ ਮੁਸ਼ਕਿਲ ਹੈ। ਜੇਕਰ ਮੈਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ, ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਦੁਖ ਹੋਇਆ ਅਤੇ ਸੁਨੀਲ ਜਾਖੜ ਨੂੰ ਵੀ।
ਜਾਖੜ ਸਿਰਫ਼ ਆਪਣੇ ਮਾਲਕਾਂ ਨੂੰ ਹੀ ਦੇਖ ਸਕਦੇ ਹਨ, ਉਹ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਆਗੂਆਂ ਨੂੰ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਮੈਂ ਜਾਖੜ ਦਾ ਸਤਿਕਾਰ ਕਰਦਾ ਸੀ ਪਰ ਉਨ੍ਹਾਂ ਨੇ ਇੰਨੀ ਸਸਤੀ ਭਾਸ਼ਾ ਦੀ ਵਰਤੋਂ ਕਰਕੇ ਮੈਨੂੰ ਦੁੱਖ ਪਹੁੰਚਾਇਆ ਹੈ।