ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵਧਣਾ ਜਾਰੀ, ਸਥਿਤੀ ਖ਼ਤਰਨਾਕ

ਹਰੀਕੇ ਪੱਤਣ, 26 ਅਗਸਤ (ਸੰਜੀਵ ਕੁੰਦਰਾ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਲਗਾਤਾਰ ਉਚਾਈਆਂ ਛੂਹ ਰਿਹਾ ਹੈ ਜੋ ਕਿ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕਿਆਂ ਲਈ ਵੱਡੀ ਆਫ਼ਤ ਬਣ ਗਿਆ ਹੈ। ਇਹ ਪਾਣੀ ਦਾ ਪੱਧਰ ਜੋ ਅੱਜ ਸਵੇਰੇ 2 ਲੱਖ 44 ਹਜ਼ਾਰ ਕਿਊਸਿਕ ਸੀ ਤੇ ਸ਼ਾਮ 4 ਵਜੇ ਵੱਧ ਕੇ 2 ਲੱਖ 73 ਹਜ਼ਾਰ ਕਿਊਸਿਕ ਹੋ ਗਿਆ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਤਰ੍ਹਾਂ ਪੋਂਗ ਡੈਮ ਅਤੇ ਭਾਖੜਾ ਡੈਮ ਦੇ ਪਾਣੀ ਤੋਂ ਇਲਾਵਾ ਪੰਜਾਬ ਵਿਚ ਹੋ ਰਹੀਆਂ ਬਾਰਿਸ਼ਾਂ ਦਾ ਪਾਣੀ ਵੀ ਹਰੀਕੇ ਹੈੱਡ ਵਰਕਸ ਵਿਚ ਪਹੁੰਚ ਰਿਹਾ ਹੈ, ਤੋਂ ਲੱਗਦਾ ਹੈ ਕਿ ਅਜੇ ਜਲਦ ਮਾਹੌਲ ਸੁਖਾਵਾਂ ਨਹੀਂ ਹੁੰਦਾ।
ਹੜ੍ਹਾਂ ਵਿਚ ਡੁੱਬ ਰਹੇ ਕਿਸਾਨ ਬਾਰਿਸ਼ਾਂ ਰੁਕਣ ਦੀਆਂ ਅਰਦਾਸਾਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੰਨ 2023 ਵਿਚ ਹਰੀਕੇ ਹਥਾੜ ਖੇਤਰ ਵਿਚ ਆਏ ਹੜ੍ਹਾਂ ਨੇ ਫਸਲਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਜ਼ਮੀਨਾਂ ਵਿਚ ਕਈ-ਕਈ ਫੁੱਟ ਰੇਤਾ ਅਤੇ ਡੂੰਘੇ ਗੱਡਿਆਂ ਦੇ ਵੱਡੇ ਜ਼ਖ਼ਮ ਛੱਡ ਗਿਆ ਸੀ ਤੇ ਇਸ ਮਾਰ ਤੋਂ ਹੁਣ 2 ਸਾਲ ਬਾਅਦ ਲੋਕਾਂ ਦੇ ਲੱਕ ਸਿੱਧੇ ਨਹੀਂ ਹੋਏ ਸਨ ਕਿ ਹੁਣ ਆਈ ਆਫ਼ਤ ਨੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਕੁਦਰਤ ਦੀ ਮਾਰ ਕਾਰਨ ਬਾਰਿਸ਼ਾਂ ਵਿਚ ਲੋਕ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ।