ਮੱਖਣ ਸਿੰਘ ਲਾਲਕਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ

ਨਾਭਾ, 12 ਅਗਸਤ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਹਾਈਕਮਾਂਡ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੱਡੀ ਪੱਧਰ ਉਤੇ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਇਸੇ ਤਹਿਤ ਪਾਰਟੀ ਹਾਈਕਮਾਂਡ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਭਾ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੂੰ ਪਾਰਟੀ ਦਾ ਕੌਮੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੱਖਣ ਸਿੰਘ ਲਾਲਕਾ ਨੂੰ ਕੌਮੀ ਉਪ ਪ੍ਰਧਾਨ ਬਣਾਉਣ ਉਪਰੰਤ ਨਾਭਾ ਹਲਕੇ ਦੇ ਵਰਕਰਾਂ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ।
ਕੌਮੀ ਉਪ ਪ੍ਰਧਾਨ ਬਣਨ ਉਤੇ ਮੱਖਣ ਸਿੰਘ ਲਾਲਕਾ ਨੇ ਪਾਰਟੀ ਹਾਈ ਕਮਾਂਡ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਵਲੋਂ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਕੀਤੀ ਗਈ ਸੇਵਾ ਦਾ ਫਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਦੀ ਤਰ੍ਹਾਂ ਦਿਨ-ਰਾਤ ਇਕ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਮੱਖਣ ਸਿੰਘ ਲਾਲਕਾ ਨੂੰ ਵਧਾਈ ਦੇਣ ਵਾਲਿਆਂ ਵਿਚ ਗੁਰਸੇਵਕ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਿੰਸ ਤੁੰਗ, ਨੰਬਰਦਾਰ ਦੇਵਰਾਜ ਦੁਲੱਦੀ, ਬਬਲੂ ਚੌਹਾਨ, ਮੋਹਨ ਸਿੰਘ ਰਾਮਗੜ੍ਹ ਆਦਿ ਪਾਰਟੀ ਵਰਕਰ ਮੌਜੂਦ ਸਨ।