ਸ਼੍ਰੋਮਣੀ ਅਕਾਲੀ ਦਲ ਤੋਂ ਇਕ ਪਰਿਵਾਰ ਦੀ 3 ਦਹਾਕਿਆਂ ਦੀ ਇਜ਼ਾਰੇਦਾਰੀ ਅੱਜ ਖਤਮ ਹੋਈ - ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 11 ਅਗਸਤ (ਜਸਵੰਤ ਸਿੰਘ ਜੱਸ/ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਭਰਤੀ ਕਮੇਟੀ ਦੇ ਡੈਲੀਗੇਟ ਇਜਲਾਸ ਵਲੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹਾਜ਼ਰ ਡੈਲੀਗੇਟਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਤਿੰਨ ਦਹਾਕਿਆਂ ਤੋਂ ਅਕਾਲੀ ਦਲ ਤੋਂ ਇਕ ਪਰਿਵਾਰ ਦੀ ਇਜ਼ਾਦੇਦਾਰੀ ਖਤਮ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਸੇਵਾਦਾਰ ਵਜੋਂ ਕੰਮ ਕਰਾਂਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਚੋਣ ਨਹੀਂ ਲੜਾਂਗਾ।
ਉਨ੍ਹਾਂ ਕਿਹਾ ਕਿ ਮੇਰੇ ਉਤੇ ਭਰੋਸਾ ਪ੍ਰਗਟ ਕਰਕੇ ਜੋ ਸੇਵਾ ਸੌਂਪੀ ਗਈ ਹੈ, ਮੈਂ ਉਸ ਭਰੋਸੇ ਉਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਪੰਥਕ ਰਾਜਧਾਨੀ ਬਣਾਇਆ ਜਾਵੇਗਾ ਜਦੋਂਕਿ ਚੰਡੀਗੜ੍ਹ ਤੋਂ ਵੀ ਦਾਅਵਾ ਨਹੀਂ ਛੱਡਿਆ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾ ਸਿਧਾਂਤਾਂ ਅਤੇ ਅਸੂਲਾਂ ਉਤੇ ਖੜ੍ਹਾ ਰਿਹਾ ਹਾਂ ਅਤੇ ਖੜ੍ਹਾ ਰਹਾਂਗਾ। ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਮੇ ਸਮੇਂ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਾਰੀ ਆਦੇਸ਼ਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਦੇਸ਼ਾਂ ਦੀ ਡਰਾਫਟਿੰਗ ਕਿਤੋਂ ਉਪਰੋਂ ਆਈ ਹੋਵੇ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਤੇ ਡਿਪੈਂਡ ਉਤੇ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਸਨ, ਪੰਜ ਮੈਂਬਰੀ ਭਰਤੀ ਕਮੇਟੀ ਉਨ੍ਹਾਂ ਆਦੇਸ਼ਾਂ ਉਤੇ ਪੂਰੀ ਤਰ੍ਹਾਂ ਅਮਲ ਕਰਨ ਵਿਚ ਸਫਲ ਸਿੱਧ ਹੋਈ ਹੈ।