ਪਿੰਡ ਕਾਲੇਕੇ ਵਿਚ ਇਕ ਥਾਣੇਦਾਰ ਦੀ ਰਹੱਸਮਈ ਹਾਲਤ ਵਿਚ ਮੌਤ

ਧਨੌਲਾ, (ਬਰਨਾਲਾ), 11 ਅਗਸਤ (ਜਤਿੰਦਰ ਸਿੰਘ ਧਨੌਲਾ)- ਬੀਤੀ ਰਾਤ ਨੇੜਲੇ ਪਿੰਡ ਕਾਲੇਕੇ ਵਿਖੇ ਪਿੰਡ ਕਾਲੇਕੇ ਤੋਂ ਭੈਣੀ ਜੱਸਾ ਲਿੰਕ ਰੋਡ ’ਤੇ ਬਰਨਾਲਾ ਦੇ ਰਹਿਣ ਵਾਲੇ ਪੁਲਿਸ ਵਿਭਾਗ ਦੇ ਮੌਜੂਦਾ ਏ. ਐਸ. ਆਈ. ਜੋਗਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਦੀ ਰਹੱਸਮਈ ਹਾਲਤ ਵਿਚ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪਿੰਡ ਬੁਗਰਾ ਨੇੜੇ ਦਰਾਜ ਦਾ ਰਹਿਣ ਵਾਲਾ ਹੈ ਅਤੇ ਬਤੌਰ ਏ. ਐਸ. ਆਈ. ਡਿਊਟੀ ਕਰਦਾ ਸੀ ਤੇ ਅੱਜ ਕੱਲ੍ਹ ਮਹਿਕਮੇ ਵਲੋਂ ਲੰਬੀ ਛੁੱਟੀ ’ਤੇ ਚੱਲ ਰਿਹਾ ਸੀ।
ਇਹ ਵੀ ਪਤਾ ਲੱਗਾ ਕਿ ਜੋਗਿੰਦਰ ਸਿੰਘ ਦੀ ਰਿਹਾਇਸ਼ ਬਰਨਾਲੇ ਰੱਖੀ ਹੋਈ ਹੈ। ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਦਾ ਉਸ ਦੇ ਸਕੇ ਭਰਾ ਸੁਖਦੇਵ ਸਿੰਘ ਪੁੱਤਰ ਭਰਪੂਰ ਸਿੰਘ ਨਾਲ ਲੰਮੇ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਝਗੜਾ ਚਲਦਾ ਆ ਰਿਹਾ ਸੀ। ਸੁਖਦੇਵ ਸਿੰਘ ਪਿੰਡ ਕਾਲੇਕੇ ਨਾਨਕੇ ਘਰ ਰਹਿੰਦਾ ਹੈ। ਇਕੱਤਰ ਜਾਣਕਾਰੀ ਅਨੁਸਾਰ ਝਗੜੇ ਨੂੰ ਲੈ ਕੇ ਜੋਗਿੰਦਰ ਸਿੰਘ ਆਪਣੇ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਕਾਲੇਕੇ ਆਇਆ ਸੀ। ਪਰੰਤੂ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਜਾ ਕੇ ਦੇਖਿਆ ਤਾਂ ਜੋਗਿੰਦਰ ਸਿੰਘ ਦਾ ਬੁਲਟ ਮੋਟਰਸਾਈਕਲ ਚਕਣਾ ਚੂਰ ਹਾਲਤ ਵਿਚ ਨੇੜੇ ਚੌਲਾਂ ਦੇ ਖੇਤ ਵਿਚ ਪਿਆ ਸੀ। ਇਸ ਤੋਂ ਥੋੜੀ ਦੂਰ ਸੁਖਦੇਵ ਸਿੰਘ ਦਾ ਮਹਿੰਦਰਾ ਟਰੈਕਟਰ ਵੀ ਚੌਲਾਂ ਵਿਚ ਡਿੱਗਿਆ ਦਿਖਾਈ ਦਿੱਤਾ।
ਇਹ ਵੀ ਪਤਾ ਲੱਗਾ ਹੈ ਕਿ ਬੁਗਰੇ ਪਿੰਡ ਖੇਤ ਵਿਚ ਘਰ ਬਣਿਆ ਹੋਇਆ ਸੀ, ਜਿਸ ਦੀ ਜ਼ਮੀਨ ਇਕ ਭਰਾ ਦੇ ਹਿੱਸੇ ਆ ਗਈ ਜਦਕਿ ਬਣੇ ਹੋਏ ਮਕਾਨ ’ਤੇ ਦੂਸਰਾ ਭਰਾ ਆਪਣਾ ਹੱਕ ਸਮਝਦਾ ਸੀ। ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਵਲੋਂ ਬਾਰੀਕੀ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜੋਗਿੰਦਰ ਸਿੰਘ ਦਾ ਇਕ ਬੇਟਾ ਬੀ. ਐਸ. ਐਫ਼. ਦਾ ਮੁਲਾਜ਼ਮ ਵੀ ਹੈ।