ਸਾਊਦੀ ਅਰਬ ਗਏ ਨੌਜਵਾਨ ਦੀ ਮੌਤ, ਪਰਿਵਾਰ ਦੀ ਸਰਕਾਰ ਅੱਗੇ ਮਿ੍ਤਕ ਦੇਹ ਭਾਰਤ ਲਿਆਉਣ ਦੀ ਗੁਹਾਰ

ਕੋਟਲੀ ਸੂਰਤ ਮੱਲੀ (ਗੁਰਦਾਸਪੁਰ), 3 ਅਗਸਤ - (ਕੁਲਦੀਪ ਸਿੰਘ ਨਾਗਰਾ) - ਰੋਜ਼ੀ ਰੋਟੀ ਕਮਾਉਣ ਗਏ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਨੌਜਵਾਨ ਦੀ ਸਾਉਦੀ ਅਰਬ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ (28) ਲਗਭਗ 14 ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਸਊਦੀ ਅਰਬ ਚ ਗਿਆ ਸੀ, ਜਿੱਥੇ ਬੀਤੇ ਦਿਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ। ਨੌਜਵਾਨ ਪੁੱਤ ਦੀ ਮੌਤ ਕਰਕੇ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਨੌਜਵਾਨ ਗਗਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।