ਉਪ-ਕੁਲਪਤੀ ਵਿਵਾਦ ਮਾਮਲੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਪੱਸ਼ਟੀਕਰਨ ਜਾਰੀ
ਅੰਮ੍ਰਿਤਸਰ, 1 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵਲੋਂ ਇਕ ਅਧਿਕਾਰਿਕ ਸੂਚਨਾ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਪ-ਕੁਲਪਤੀਆਂ ਦੀ ਮੀਟਿੰਗ ਨੂੰ ਲੈ ਕੇ ਕੁਝ ਮੀਡੀਆ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਗਲਤ ਅਟਕਲਾਂ ਲਾਈਆਂ ਜਾ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਬੇਆਧਾਰ ਹਨ।
ਸੂਚਨਾ ਅਨੁਸਾਰ, ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ, ਕੋਚੀ ਵਿਚ ਹੋਈ ਉਪਰੋਕਤ ਉਪ-ਕੁਲਪਤੀਆਂ ਦੀ ਇਕੱਤਰਤਾ ਵਿਚ ਸ਼ਿਰਕਤ ਕਰਨ ਲਈ ਐਸੋਸੀਏਸ਼ਨ ਦੇ ਆਧਿਕਾਰਿਕ ਸੱਦੇ 'ਤੇ ਗਏ ਸਨ। ਇਥੇ ਉਨ੍ਹਾਂ ਨੇ ਆਪਣੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕੁਝ ਮਹੱਤਵਪੂਰਨ ਪ੍ਰੋਜੈਕਟਾਂ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਲੋੜ ਬਣਾਉਣ ਲਈ ਡਿਜੀਟਾਈਜ਼ੇਸ਼ਨ ਉਪਰਾਲਾ, ਵਾਤਾਵਰਣ ਸੰਬੰਧੀ ਅਭਿਆਨ ਅਤੇ ਸਿੱਖ ਚੇਤਨਾ ਦੀ ਪ੍ਰਚਾਰ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੂਚਨਾ ਵਿਚ ਸਾਫ਼ ਕੀਤਾ ਗਿਆ ਹੈ ਕਿ ਉਕਤ ਸਮਾਗਮ ਵਿਚ ਮੁੱਖ ਮਹਿਮਾਨਾਂ ਅਤੇ ਹੋਰ ਵਿਅਕਤੀਆਂ ਨੂੰ ਸੱਦੇ ਕੋਚੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਭੇਜੇ ਗਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਅਜਿਹੇ ਕਿਸੇ ਵੀ ਸੱਦੇ ਜਾਂ ਆਯੋਜਨ ਵਿਚ ਸਿੱਧੀ ਭੂਮਿਕਾ ਨਹੀਂ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੀ ਅਧੂਰੀ ਜਾਂ ਗਲਤ ਜਾਣਕਾਰੀ ਆਧਾਰਿਤ ਅਟਕਲਾਂ ਜਾਂ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵਿਦਿਅਕ ਮੰਚਾਂ ਉਤੇ ਯੂਨੀਵਰਸਿਟੀ ਦੀ ਇੱਜ਼ਤ ਅਤੇ ਗੰਭੀਰਤਾ ਨੂੰ ਕਾਇਮ ਰੱਖਣੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।