ਪਾਕਿ ਦੇ ਰਹੀਮ ਯਾਰ ਖਾਨ 'ਚ ਨਾਕੇ 'ਤੇ ਰਾਕਟ ਹਮਲਾ-5 ਪੁਲਿਸ ਕਰਮੀ ਹਲਾਕ

ਅੰਮਿ੍ਤਸਰ, 1 ਅਗਸਤ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ 'ਚ ਸ਼ੇਖਨੀ ਚੈੱਕਪੋਸਟ 'ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਹਮਲੇ 'ਚ 5 ਈਲੀਟ ਫੋਰਸ ਦੇ ਕਰਮਚਾਰੀ ਮਾਰੇ ਗਏ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਇਹ ਹਮਲਾ ਇੰਧਰ ਤੇ ਬੁਖੀਰਾਨੀ ਗੈਂਗ ਦੇ ਮੈਂਬਰਾਂ ਵਲੋਂ ਕੀਤਾ ਗਿਆ | ਹਮਲਾਵਰਾਂ ਨੇ ਹਮਲੇ ਦੌਰਾਨ ਰਾਕਟ ਲਾਂਚਰ ਤੇ ਹੱਥ ਗੋਲੇ (ਹੈਂਡ ਗ੍ਰਨੇਡ) ਦੀ ਵਰਤੋਂ ਕੀਤੀ | ਘਟਨਾ ਸਮੇਂ 7 ਮੁਲਾਜ਼ਮ ਚੌਕੀ 'ਤੇ ਡਿਊਟੀ 'ਤੇ ਸਨ | ਪੁਲਿਸ ਨੇ ਕਿਹਾ ਕਿ ਮਾਰੇ ਗਏ ਸਿਪਾਹੀਆਂ ਇਰਫਾਨ, ਸਲੀਮ, ਖਲੀਲ, ਗਜ਼ਨਫਰ ਤੇ ਨਖਿਲ 'ਚੋਂ ਤਿੰਨ ਬਹਾਵਲਨਗਰ ਅਤੇ 2 ਰਹੀਮ ਯਾਰ ਖਾਨ ਦੇ ਸਨ | ਪੁਲਿਸ ਮੁਤਾਬਿਕ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਮਾਰੇ ਗਏ ਜਵਾਨਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ |