01-08-2025
ਸਵੈ-ਜ਼ਾਬਤਾ ਜ਼ਰੂਰੀ ਹੈ
ਮੌਜੂਦਾ ਯੁੱਗ ਵਿਚ ਪ੍ਰਗਟਾਵੇ ਦੀ ਆਜ਼ਾਦੀ ਨਾਲ ਸਵੈ-ਜ਼ਾਬਤਾ ਬਹੁਤ ਜ਼ਰੂਰੀ ਹੋ ਗਿਆ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਜਿੱਥੇ ਹਰ ਵਿਅਕਤੀ ਦੀ ਆਵਾਜ਼ ਸੈਕਿੰਡਾਂ ਵਿਚ ਵਿਸ਼ਵ ਪੱਧਰ 'ਤੇ ਫੈਲ ਜਾਂਦੀ ਹੈ, ਪਰ ਮਨਘੜਤ ਜਾਣਕਾਰੀ ਅਤੇ ਨਫ਼ਰਤ ਭਰੀਆਂ ਪੋਸਟਾਂ ਸਮਾਜ ਲਈ ਵੱਡਾ ਖ਼ਤਰਾ ਬਣ ਰਹੀਆਂ ਹਨ। ਹਾਲੀਆ ਮਾਮਲਿਆਂ ਨੇ ਦਿਖਾਇਆ ਕਿ ਜਦੋਂ ਸਵੈ-ਜ਼ਾਬਤਾ ਨਹੀਂ ਹੁੰਦਾ ਤਾਂ ਆਜ਼ਾਦੀ ਵੀ ਸਰਾਪ ਬਣ ਜਾਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਕਿਸੇ ਨੂੰ ਅਪਮਾਨਿਤ ਕਰਨ, ਨਫ਼ਰਤ ਫੈਲਾਉਣ ਜਾਂ ਸਮਾਜ ਵਿਚ ਵਿਰੋਧ ਪੈਦਾ ਕਰਨਾ ਨਹੀਂ ਹੈ। ਬਿਨਾਂ ਸੋਚੇ-ਸਮਝੇ ਸਮੱਗਰੀ ਸਾਂਝੀ ਕਰਨ ਨਾਲ ਅਸਥਿਰਤਾ ਵਧਦੀ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੇ ਸ਼ਬਦਾਂ ਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਰਕਾਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਖ਼ਤ ਨੀਤੀਆਂ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਸਵੈ-ਜ਼ਾਬਤੇ ਦੀ ਮਹੱਤਤਾ ਸਮਝਾਉਣੀ ਚਾਹੀਦੀ ਹੈ, ਤਾਂ ਜੋ ਆਜ਼ਾਦੀ ਵਰਦਾਨ ਬਣੀ ਰਹੇ, ਨਾ ਕਿ ਸਰਾਪ।
-ਹਰਜਸਪ੍ਰੀਤ ਕੌਰ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਯੁੱਧ ਨਸ਼ਿਆਂ ਵਿਰੁੱਧ
ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ, ਦੇਸ਼ ਭਗਤ ਯੋਧਿਆਂ ਦੀ ਧਰਤੀ ਹੈ। ਪੰਜਾਬ ਨੂੰ ਦੇਸ਼ ਦਾ 'ਅੰਨ ਭੰਡਾਰ' ਭਰਨ ਵਾਲਾ ਸੂਬਾ ਮੰਨਿਆ ਜਾਂਦਾ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹ ਸੂਬਾ ਨਸ਼ਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ। ਸੂਬੇ 'ਚ ਬਣੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਵੀ ਨਸ਼ੇ ਦੀ ਇਸ ਗੰਭੀਰ ਸਮੱਸਿਆ ਵਿਰੁੱਧ ਵਿਆਪਕ ਪੱਧਰ 'ਤੇ ਕਦਮ ਚੁੱਕੇ ਹਨ, ਪਰ ਇਸ ਸਮੱਸਿਆ ਦੇ ਦੈਂਤ 'ਤੇ ਕਦੇ ਵੀ ਪੱਕੀ ਰੋਕ ਨਹੀਂ ਲਗਾਈ ਜਾ ਸਕੀ। ਪਰ ਹੁਣ ਦੇਰ ਆਏ ਦਰੁਸਤ ਆਏ ਤਹਿਤ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੌਰਾਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ।ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਦਕਾ ਹੁਣ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਵੱਡੀ ਗਿਣਤੀ ਵਿਚ ਨੌਜਵਾਨ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਖੇ ਇਲਾਜ ਕਰਵਾ ਰਹੇ ਹਨ। ਪੰਜਾਬ ਦੇ ਲੋਕ ਖ਼ਾਸ ਕਰਕੇ ਪੇਂਡੂ ਲੋਕ, ਇਸ ਲਹਿਰ ਦਾ ਹਿੱਸਾ ਬਣ ਰਹੇ ਹਨ। ਨਸ਼ਿਆਂ ਦੀ ਸਮੱਸਿਆ ਦਾ ਬੁਰਾ ਪ੍ਰਭਾਵ ਭਾਵੇਂ ਸ਼ਹਿਰਾਂ ਤੇ ਪਿੰਡਾਂ ਦੋਹਾਂ ਥਾਵਾਂ 'ਤੇ ਇਕੋ ਜਿਹਾ ਹੈ, ਪਰ ਖੇਤੀ ਪ੍ਰਧਾਨ ਸੂਬੇ ਦੇ ਪਿੰਡਾਂ ਵਿਚ ਇਸ ਸਮੱਸਿਆ ਨੇ ਕੁਝ ਜ਼ਿਆਦਾ ਹੀ ਕਹਿਰ ਵਰਸਾਇਆ ਹੈ। ਸੂਬੇ ਦੇ ਪਿੰਡਾਂ 'ਚੋਂ ਇਸ ਸਮੱਸਿਆ ਦੀ ਜੜ੍ਹ ਪੁੱਟਣੀ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਇਸ ਕਾਰਨ ਖੇਤੀ ਧੰਦਾ ਵੀ ਪ੍ਰਭਾਵਿਤ ਹੋਇਆ ਹੈ। ਪੰਜਾਬ ਨੂੰ ਖੁਸ਼ਹਾਲ ਤੇ ਪਹਿਲਾਂ ਜਿਹਾ ਸ਼ਾਨਾਮੱਤਾ ਸੂਬਾ ਬਣਾਉਣ ਲਈ ਜ਼ਰੂਰੀ ਹੈ ਕਿ ਨਸ਼ਿਆਂ ਵਿਰੁੱਧ ਕੋਈ ਵੀ ਮੁਹਿੰਮ ਚਾਹੇ ਉਹ ਸਰਕਾਰੀ ਧਿਰ ਵਲੋਂ ਹੋਵੇ ਜਾਂ ਕਿਸੇ ਹੋਰ ਧਿਰ ਵਲੋਂ ਹੋਵੇ, ਉਸ ਨੂੰ ਹਰੇਕ ਪੰਜਾਬੀ ਦਾ ਪੂਰਨ ਸਮਰਥਨ ਤੇ ਸਹਿਯੋਗ ਮਿਲਣਾ ਚਾਹੀਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਭਾਰਤ ਵਿਚ ਵੀ ਰਿਲੀਜ਼ ਹੋਵੇ ਸਰਦਾਰ ਜੀ-3
ਦਿਲਜੀਤ ਦੋਸਾਂਝ ਦੀ ਨਵੀਂ ਆਈ ਫਿਲਮ ਸਰਦਾਰ ਜੀ 3, ਜੋ ਕਿ ਮਿਤੀ 27 ਜੂਨ, ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣੀ ਸੀ। ਪਰੰਤੂ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਹੋਣ ਕਰਕੇ ਇਹ ਫ਼ਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਈ। ਫ਼ਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਇਹ ਫ਼ਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਬਣਾਈ ਹੋਈ ਹੈ ਅਤੇ ਇਸ ਦੇ ਨਾਲ ਹੀ ਦੋਹਾਂ ਪੰਜਾਬਾਂ ਦੀ ਜ਼ੁਬਾਨ, ਖਾਣ-ਪੀਣ, ਪਹਿਰਾਵਾ, ਸੱਭਿਆਚਾਰ ਇਕੋ ਜਿਹੇ ਹਨ। ਇਸ ਕਰਕੇ ਦੋਹਾਂ ਪੰਜਾਬਾਂ ਦੇ ਲੋਕਾਂ ਵਿਚਲੀ ਆਪਸੀ ਸਾਂਝ ਅਤੇ ਪਿਆਰ ਨਫ਼ਰਤ ਤੋਂ ਕਿਤੇ ਜ਼ਿਆਦਾ ਵਧ ਕੇ ਹੈ। ਦੋਹਾਂ ਦੇਸ਼ਾਂ ਦੇ ਆਪਸੀ ਟਕਰਾਅ ਦਾ ਦੋਹਾਂ ਪੰਜਾਂਬਾਂ 'ਤੇ ਅਸਰ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹ ਧਰਤੀ ਦਾ ਨਾਂਅ ਹੀ ਪੰਜਾਂ ਪਾਣੀਆਂ ਦੀ ਧਰਤੀ ਹੈ (ਭਾਰਤੀ ਪੰਜਾਬ) ਇਕੱਲਾ ਪੰਜਾਬ ਨਹੀਂ ਹੈ। ਦਿਲਜੀਤ ਦੋਸਾਂਝ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਨੂੰ ਉਚਾਈਆਂ 'ਤੇ ਪਹੁੰਚਾਉਣ ਵਾਲਾ ਕਲਾਕਾਰ ਹੈ। ਅਜਿਹੇ ਅਦਾਕਾਰ ਦੀ ਫ਼ਿਲਮ 'ਤੇ ਰੋਕ ਲਗਾਉਣਾ ਕੋਈ ਇਨਸਾਫ਼ੀ ਨਹੀਂ ਹੈ।
-ਰੋਬਿਨਦੀਪ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਲ ਜ਼ਿੰਦਗੀ ਕੀ ਹੈ..?
ਅੱਜ ਦਾ ਇਨਸਾਨ ਮਸ਼ੀਨੀ ਯੁੱਗ ਵਿਚ ਆਪਣੇ ਆਪ ਨੂੰ ਵੀ ਮਸ਼ੀਨ ਬਣਾਈ ਫਿਰਦਾ ਹੈ, ਜ਼ਿੰਦਗੀ ਦੀ ਭੱਜ-ਦੌੜ ਵਿਚ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਬੇਮੁਖ ਹੋਇਆ ਫਿਰਦਾ ਹੈ, ਜੋ ਉਸ ਦੀ ਜ਼ਿੰਦਗੀ ਹੈ ਹੀ ਨਹੀਂ, ਅਸਲ ਵਿਚ ਇਨਸਾਨ ਦੀ ਜ਼ਿੰਦਗੀ ਹੈ ਕੀ? ਅਸੀਂ ਸੋਸ਼ਲ ਮੀਡੀਆ ਤੇ ਮਸ਼ੀਨਰੀ ਦੀਆਂ ਜੰਗਾਂ ਵਿੱਚ ਅਸਲ ਜ਼ਿੰਦਗੀ ਨੂੰ ਭੁੱਲੀ ਬੈਠੇ ਹਾਂ। ਸਾਡੀਆਂ ਆਪਣਿਆਂ ਤੋਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਦੋਸਤੋ ਜ਼ਿੰਦਗੀ ਬਹੁਤ ਛੋਟੀ ਹੈ। ਇਸ ਨੂੰ ਵੱਡੀ ਕਰਕੇ ਵੇਖਣਾ ਅਤੇ ਜਿਊਣਾ ਸਾਡੇ ਸਭ ਦੇ ਹੱਥ ਹੈ। ਪਰ ਅਸੀਂ ਉਹ ਨਹੀਂ ਕਰ ਰਹੇ। ਅਸਲ ਵਿੱਚ ਅਸੀਂ ਜ਼ਿੰਦਗੀ ਦਾ ਅਸਲ ਮਕਸਦ ਸਮਝ ਹੀ ਨਹੀਂ ਪਾਏ। ਅਸੀਂ ਸਾਰੇ ਬੱਚਿਆਂ ਦੀਆਂ ਗਲਤੀਆਂ ਤੋਂ ਸਿੱਖ ਸਕਦੇ ਹਾਂ, ਆਪਣਿਆਂ ਦੀ ਸੰਗਤ ਕਰਕੇ ਸਿੱਖ ਸਕਦੇ ਹਾਂ। ਜੇਕਰ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ, ਤਾਂ ਆਪਣਿਆਂ ਨੂੰ ਸਮਾਂ ਦੇਣਾ ਪਵੇਗਾ। ਜਦੋਂ ਤੁਸੀਂ ਹਰੇਕ ਵਿਅਕਤੀ ਲਈ ਸਮਾਂ ਕੱਢਣ ਲੱਗ ਜਾਵੋਗੇ ਤਾਂ ਤੁਹਾਨੂੰ ਜ਼ਿੰਦਗੀ ਜਿਊਣੀ ਵੀ ਆ ਜਾਵੇਗੀ ਅਤੇ ਤੁਹਾਨੂੰ ਸਿੱਖਣਾ ਵੀ ਆ ਜਾਵੇਗਾ।
-ਪਲਵਿੰਦਰ ਕੌਰ (ਹੈੱਡ ਟੀਚਰ)
ਸ.ਐਲੀ. ਸਕੂਲ ਨਿਊ, ਯਾਦਵਿੰਦਰਾ ਕਾਲੋਨੀ, ਪਟਿਆਲਾ ।
ਜੁਗਾੜੂ ਰੇਹੜੀਆਂ
ਅੱਜਕੱਲ੍ਹ ਸ਼ਹਿਰਾਂ ਅਤੇ ਪਿੰਡਾਂ ਵਿਚ ਸਾਮਾਨ ਢੋਹਣ ਲਈ ਜੁਗਾੜੂ ਰੇਹੜੀਆਂ ਦੀ ਭਰਮਾਰ ਹੈ। ਇਹ ਜਗਾੜੂ ਰੇਹੜੀਆਂ ਮੋਟਰਸਾਈਕਲ ਦੇ ਪਿੱਛੇ ਡਾਲਾ ਲਗਾ ਕੇ ਬਣਾਈਆਂ ਜਾਂਦੀਆਂ ਹਨ। ਜੁਗਾੜੂ ਰੇਹੜੀ ਵਾਲੇ ਇਸ 'ਤੇ ਕਈ ਕੁਇੰਟਲ ਭਾਰ ਲੱਦ ਕੇ ਇਕ ਥਾਂ ਤੋਂ ਦੂਜੇ ਥਾਂ 'ਤੇ ਲੈ ਜਾਂਦੇ ਹਨ। ਜਿਸ ਕਾਰਨ ਭਾਰ ਢੋਹਣ ਵਾਲੀਆਂ ਛੋਟੀਆਂ ਗੱਡੀਆਂ ਵਾਲੇ ਵਿਹਲੇ ਹੋ ਗਏ ਹਨ। ਇਨ੍ਹਾਂ ਜੁਗਾੜੂ ਰੇਹੜੀਆਂ ਵਾਲਿਆਂ ਕੋਲ ਨਾ ਤਾਂ ਲਾਈਸੈਂਸ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ, ਜਦਕਿ ਥ੍ਰੀ ਵਹੀਲਰ, ਛੋਟਾ ਹਾਥੀ ਜਾਂ ਹੋਰ ਛੋਟੇ ਭਾਰ ਢੋਹਣ ਵਾਲੇ ਵਾਹਨਾਂ ਲਈ ਇਹ ਸਭ ਕੁਝ ਜ਼ਰੂਰੀ ਹੁੰਦਾ ਹੈ। ਇਨ੍ਹਾਂ ਜੁਗਾੜੂ ਰੇਹੜੀਆਂ ਕਾਰਨ ਜਿਥੇ ਸਰਕਾਰ ਨੂੰ ਘਾਟਾ ਪੈ ਰਿਹਾ ਹੈ, ਉਥੇ ਕਈ ਬੰਦੇ ਵਿਹਲੇ ਹੋ ਚੁੱਕੇ ਹਨ। ਸਰਕਾਰ ਨੂੰ ਇਨ੍ਹਾਂ ਜੁਗਾੜੂ ਰੇਹੜੀ ਵਾਲਿਆਂ 'ਤੇ ਕਾਰਵਾਈ ਕਰਕੇ ਇਨ੍ਹਾਂ ਦੀ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਲਾਈਸੈਂਸ, ਪਲਿਊਸ਼ਨ ਆਦਿ ਦਰੁਸਤ ਕਰਵਾਉਣੇ ਚਾਹੀਦੇ ਹਨ, ਜੇਕਰ ਕੋਈ ਜੁਗਾੜੂ ਰੇਹੜੀ ਵਾਲਾ ਇਨ੍ਹਾਂ ਸ਼ਰਤਾਂ ਨੂੰ ਪੂਰੀਆਂ ਨਾ ਕਰੇ ਤਾਂ ਉਸ ਦਾ ਚਲਾਨ ਕੀਤਾ ਜਾਵੇ।
-ਅਸ਼ੀਸ਼ ਸ਼ਰਮਾ
ਜਲੰਧਰ।