JALANDHAR WEATHER

ਫਰਨੀਚਰ ਕਾਰੋਬਾਰੀ ਤੇ ਉਸ ਦੀ ਪਤਨੀ ਕਾਰ ਸਮੇਤ ਨਹਿਰ 'ਚ ਡਿੱਗੇ, ਪਤਨੀ ਦੀ ਮੌਤ, ਪਤੀ ਲਾਪਤਾ

ਕਰਨਾਲ, 1 ਅਗਸਤ (ਗੁਰਮੀਤ ਸਿੰਘ ਸੱਗੂ)-ਕਰਨਾਲ ’ਚ ਇਕ ਕਰੇਟਾ ਕਾਰ ਪੱਛਮੀ ਯਮੁਨਾ ਨਹਿਰ ਵਿਚ ਡਿੱਗ ਗਈ, ਜਿਸ ਵਿਚ ਫਰਨੀਚਰ ਕਾਰੋਬਾਰੀ ਅਤੇ ਉਸ ਦੀ ਪਤਨੀ ਸਵਾਰ ਸਨ। ਮਹਿਲਾ ਦੀ ਲਾਸ਼ ਘਟਨਾ ਸਥਾਨ ਤੋਂ ਮਿਲ ਗਈ ਹੈ ਜਦਕਿ ਪਤੀ ਹਾਲੇ ਵੀ ਲਾਪਤਾ ਹੈ। ਗੋਤਾਖੋਰਾਂ ਦੀ ਮਦਦ ਨਾਲ ਖੋਜ ਜਾਰੀ ਹੈ। ਹਾਦਸੇ ਦੇ ਕਾਰਨਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਕਰਨਾਲ ਦੇ ਸੈਕਟਰ-13 ਦੇ ਨਿਵਾਸੀ ਅਮਿਤ ਮਿਗਲਾਨੀ ਆਪਣੀ ਪਤਨੀ ਨਿਸ਼ਾ ਮਿਗਲਾਨੀ ਨਾਲ ਘਰ ਤੋਂ ਦੋਵਾਂ ਬੱਚਿਆਂ ਨੂੰ ਛੱਡ ਕੇ ਖਾਣਾ ਖਾ ਕੇ ਕਾਰ ਵਿਚ ਘੁੰਮਣ ਨਿਕਲੇ ਸਨ ਪਰ ਕੈਥਲ ਰੋਡ ’ਤੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨਹਿਰ ਵਿਚ ਡਿੱਗ ਗਈ।

ਗੋਤਾਖੋਰ ਕਰਨ ਉਥੇ ਨੇੜੇ ਹੀ ਸਨ, ਉਨ੍ਹਾਂ ਨੇ ਨਹਿਰ ਵਿਚ ਕਾਰ ਦੀ ਬੈਕ ਲਾਈਟ ਦੇਖੀ ਅਤੇ ਇਕ ਮਹਿਲਾ ਤੇ ਪੁਰਸ਼ ਦੀ ਆਵਾਜ਼ ਸੁਣੀ ਜੋ ਕਿ ਕਾਰ ਵਿਚੋਂ ਚੀਕਾਂ ਮਾਰ ਰਹੇ ਸਨ। ਕਰਨ ਨੇ ਦੱਸਿਆ ਕਿ ਸ਼ਾਇਦ ਇਹ ਕਾਰ ਕਾਛਵਾ ਪੁਲ ਤੋਂ ਡਿੱਗੀ ਸੀ ਅਤੇ ਲਗਭਗ ਇਕ ਤੋਂ ਡੇਢ ਕਿਲੋਮੀਟਰ ਤੱਕ ਵਹਿ ਗਈ। ਉਸ ਨੇ ਤੁਰੰਤ ਨਹਿਰ ਵਿਚ ਛਾਲ ਮਾਰੀ ਅਤੇ ਕਾਰ ਦੇ ਪਿੱਛੇ ਗਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਕਾਰ ਨੂੰ ਫੜ ਨਹੀਂ ਸਕਿਆ। ਕਾਰ ਨਹਿਰ ਵਿਚ ਡੁੱਬ ਗਈ, ਜਿਸ ਤੋਂ ਬਾਅਦ ਉਸ ਨੇ ਬਾਹਰ ਨਿਕਲ ਕੇ ਪੁਲਿਸ ਨੂੰ ਸੂਚਨਾ ਦਿੱਤੀ।

ਜਾਣਕਾਰੀ ਮਿਲਦੇ ਹੀ ਸ਼ਾਸਨ ਅਤੇ ਪ੍ਰਸ਼ਾਸਨ ਐਕਟਿਵ ਹੋ ਗਿਆ। ਥੋੜ੍ਹੀ ਦੇਰ ਵਿਚ ਅਸੰਧ ਤੋਂ ਵਿਧਾਇਕ ਯੋਗੇਸ਼ ਰਾਣਾ, ਡੀ.ਐਸ.ਪੀ. ਸਿਵਲ ਲਾਈਨ ਅਤੇ ਰਾਮਨਗਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਹਾਈਡਰ ਮਸ਼ੀਨਾਂ ਵੀ ਮੌਕੇ ’ਤੇ ਪਹੁੰਚ ਗਈਆਂ। ਗੋਤਾਖੋਰ ਪ੍ਰਗਟ ਸਿੰਘ, ਕਰਨ ਅਤੇ ਪੁਲਿਸ ਟੀਮਾਂ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਲਗਭਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਾਰ ਮਿਲ ਗਈ ਅਤੇ ਮਹਿਲਾ ਦੀ ਲਾਸ਼ ਵੀ ਕਾਰ ਤੋਂ ਮਿਲ ਗਈ। ਮਹਿਲਾ ਨੂੰ ਬਾਹਰ ਕੱਢ ਕੇ ਸੀ. ਪੀ. ਆਰ. ਦਿੱਤਾ ਗਿਆ ਅਤੇ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਗਭਗ ਢਾਈ ਘੰਟੇ ਦੀ ਮਿਹਨਤ ਤੋਂ ਬਾਅਦ ਕਾਰ ਨੂੰ ਬਾਹਰ ਕੱਢ ਲਿਆ ਗਿਆ। ਗੋਤਾਖੋਰਾਂ ਨੇ ਕਾਰ ਨੂੰ ਹਾਈਡਰਾਂ ਦੀ ਮਦਦ ਨਾਲ ਕੱਢਿਆ।

ਜਾਂਚ ਦੌਰਾਨ ਅੰਦਰੋਂ ਅਮਿਤ ਮਿਗਲਾਨੀ ਦੀ ਲਾਸ਼ ਨਹੀਂ ਮਿਲੀ। ਕਾਰ ਵਿਚੋਂ ਦੋ ਮੋਬਾਇਲ ਮਿਲੇ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਗੋਤਾਖੋਰ ਨੇ ਦੱਸਿਆ ਕਿ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ। ਅਮਿਤ ਦੇ ਪਿਤਾ ਨੇ ਦੱਸਿਆ ਕਿ ਅਮਿਤ ਅਤੇ ਨਿਸ਼ਾ ਉਰਫ਼ ਮੀਨੂ ਆਪਣੀ ਕਾਰ ਵਿਚ ਪੱਛਮੀ ਯਮੁਨਾ ਨਹਿਰ ਵੱਲ ਬਾਈਪਾਸ ਰਾਹੀਂ ਕਿਸੇ ਕੰਮ ਲਈ ਗਏ ਸਨ। ਹੁਣ ਉੱਥੇ ਕਿਸੇ ਅਣਜਾਣ ਵਾਹਨ ਨੇ ਟੱਕਰ ਮਾਰੀ ਜਾਂ ਹੋਰ ਕੀ ਹੋਇਆ, ਇਹ ਸਪੱਸ਼ਟ ਨਹੀਂ ਹੈ। ਉਹ ਕਾਰ ਸਮੇਤ ਨਹਿਰ ਵਿਚ ਡਿੱਗੇ ਹੋਏ ਸਨ ਅਤੇ ਚੀਕਾਂ ਮਾਰ ਰਹੇ ਸਨ। ਸਿਵਲ ਲਾਈਨ ਥਾਣਾ ਇੰਚਾਰਜ ਸ਼੍ਰੀ ਭਗਵਾਨ ਨੇ ਦੱਸਿਆ ਕਿ ਪੱਛਮੀ ਯਮੁਨਾ ਨਹਿਰ ਵਿਚ ਕਰੇਟਾ ਕਾਰ ਡਿੱਗੀ ਸੀ, ਜਿਸ ਵਿਚ ਅਮਿਤ ਅਤੇ ਉਸ ਦੀ ਪਤਨੀ ਨਿਸ਼ਾ ਸਨ। ਨਿਸ਼ਾ ਦੀ ਲਾਸ਼ ਬਾਹਰ ਕੱਢ ਲਈ ਗਈ ਸੀ ਪਰ ਅਮਿਤ ਦੀ ਲਾਸ਼ ਹਾਲੇ ਨਹੀਂ ਮਿਲੀ। ਸਵੇਰੇ ਤੋਂ ਸਰਚ ਆਪਰੇਸ਼ਨ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ