ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਦੋਰਾਹਾ ਨਗਰ ਕੌਂਸਲ ਅਧਿਕਾਰੀ ਨਾਲ ਹੱਥੋਪਾਈ, ਕਰਮਚਾਰੀਆਂ ਕੀਤੀ ਹੜਤਾਲ

ਦੋਰਾਹਾ,1 ਅਗਸਤ (ਮਨਜੀਤ ਸਿੰਘ ਗਿੱਲ)-ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋਰਾਹਾ ਵਿਖੇ ਨਗਰ ਕੌਂਸਲ ਵਲੋਂ ਸਮਾਗਮ ਕਰਵਾਇਆ ਜਾ ਰਿਹਾ ਸੀ, ਜਿਸ ਦੌਰਾਨ ਨਗਰ ਕੌਂਸਲ ਦੋਰਾਹਾ ਦੇ ਸੈਨੇਟਰੀ ਸੁਪਰਡੈਂਟ ਵਿਸ਼ਨੂ ਦੱਤ ਨਾਲ ਸਥਾਨਕ 'ਆਪ' ਆਗੂਆਂ ਵਲੋਂ ਹੱਥੋਂਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਨੇਟਰੀ ਸੁਪਰਡੈਂਟ ਵਿਸ਼ਨੂ ਦੱਤ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਦੋਰਾਹਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਕਰਵਾਇਆ ਜਾ ਰਿਹਾ ਸੀ ਅਤੇ ਉਹ ਬਤੌਰ ਸਟੇਜ ਸਕੱਤਰ ਸੰਬੋਧਨ ਕਰ ਰਹੇ ਸਨ ਤਾਂ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੁਝ ਸਥਾਨਕ ਆਗੂ ਇਸ ਦਾ ਵਿਰੋਧ ਕਰਨ ਲੱਗੇ ਅਤੇ ਗੱਲ ਹੱਥੋਪਾਈ ਤੱਕ ਜਾ ਪੁੱਜੀ। ਦੋਰਾਹਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਹਰਨਰਿੰਦਰ ਸਿੰਘ ਸ਼ੇਰ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਸਮਾਗਮ ਕਰਵਾ ਰਹੇ ਸਨ ਅਤੇ ਕੁਝ ਵਿਅਕਤੀਆਂ ਨੇ ਇਸ ਸਮਾਗਮ ਦੌਰਾਨ ਵਿਸ਼ਨੂ ਦੱਤ ਨਾਲ ਗਲਤ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਉਹ ਪ੍ਰਸ਼ਾਸਨ ਤੱਕ ਪਹੁੰਚ ਕਰ ਰਹੇ ਹਨ ਤਾਂ ਕਿ ਭਵਿੱਖ ਵਿਚ ਨਗਰ ਕੌਂਸਲ ਦੀਆਂ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਦੇ ਕੰਮਕਾਜ ਵਿਚ ਕੋਈ ਵਿਅਕਤੀ ਵਿਘਨ ਨਾ ਪਾ ਸਕੇ। ਇਸ ਘਟਨਾ ਦੇ ਰੋਸ ਵਜੋਂ ਅੱਜ ਦੋਰਾਹਾ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਫਾਈ ਕਰਮੀਆਂ ਨੇ ਵੀ ਮੁਕੰਮਲ ਹੜਤਾਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।