ਜ਼ਮੀਨੀ ਵਿਵਾਦ 'ਚ ਭਰਾ ਨੇ ਭਰਾ ਦੇ ਪਰਿਵਾਰ 'ਤੇ ਚੜ੍ਹਾਈ ਕਾਰ

ਮੋਗਾ, 16 ਜੁਲਾਈ-ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ ਜੱਟਾਂ ਵਿਚ ਕੁਝ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੇ ਅੱਜ ਹਿੰਸਕ ਰੂਪ ਲੈ ਲਿਆ, ਜਦੋਂ ਇਕ ਭਰਾ ਨੇ ਆਪਣੀ ਕਾਰ ਆਪਣੇ ਹੀ ਭਰਾ, ਭਰਜਾਈ ਅਤੇ ਭਤੀਜੀ 'ਤੇ ਚੜ੍ਹਾ ਦਿੱਤੀ। ਤਿੰਨਾਂ ਨੂੰ ਜ਼ਖ਼ਮੀ ਹਾਲਤ ’ਚ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਧਰਮਕੋਟ ਥਾਣੇ ਦੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਪਤੀ-ਪਤਨੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਗੰਭੀਰ ਸੱਟਾਂ ਕਾਰਨ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। ਹੁਣ ਲੜਕੀ ਦਾ ਇਲਾਜ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਦਿਲਬਾਗ ਸਿੰਘ, ਜੋ ਕਿ ਮੋਗਾ ’ਚ ਵਕੀਲ ਹੈ, ਦਾ ਆਪਣੇ ਭਰਾ ਬਲਵਿੰਦਰ ਸਿੰਘ ਨਾਲ 3.5 ਏਕੜ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਬਲਵਿੰਦਰ ਸਿੰਘ ਦਾ ਦੋਸ਼ ਹੈ ਕਿ ਵਕੀਲ ਦਿਲਬਾਗ ਸਿੰਘ ਨੇ ਧੋਖਾਧੜੀ ਨਾਲ ਜ਼ਮੀਨ ਆਪਣੇ ਪਿਤਾ ਤੋਂ ਵਸੀਅਤ ਕਰਵਾਈ ਸੀ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਪਰਿਵਾਰਕ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦਿਲਬਾਗ ਸਿੰਘ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਬਲਵਿੰਦਰ ਅਨੁਸਾਰ ਉਹ ਆਪਣੇ ਭਰਾ ਨੂੰ ਜ਼ਮੀਨ ਦੀ ਵਾਜਬ ਕੀਮਤ ਦੇਣ ਲਈ ਤਿਆਰ ਹੈ ਪਰ ਦਿਲਬਾਗ ਸਿੰਘ ਜ਼ਮੀਨ ਕਿਸੇ ਤੀਜੀ ਧਿਰ ਨੂੰ ਵੇਚਣਾ ਚਾਹੁੰਦਾ ਸੀ। ਕੱਲ੍ਹ ਜਦੋਂ ਬਲਵਿੰਦਰ ਨੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਿਲਬਾਗ ਸਿੰਘ ਗੁੱਸੇ ਵਿਚ ਆ ਗਿਆ ਅਤੇ ਘਰ ਦੇ ਬਾਹਰ ਖੜ੍ਹੇ ਆਪਣੇ ਭਰਾ ਦੇ ਪਰਿਵਾਰਕ ਮੈਂਬਰਾਂ ਉੱਤੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸਦਾ ਭਰਾ, ਭਰਜਾਈ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ। ਇਸ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਵਾਇਰਲ ਹੋ ਰਹੀ ਹੈ।