ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਨਵੀਂ ਦਿੱਲੀ, 16 ਜੁਲਾਈ- ਦਿੱਲੀ ਦੇ ਦੋ ਨਿੱਜੀ ਸਕੂਲਾਂ ਵਿਚ ਬੰਬ ਦੀ ਧਮਕੀ ਮਿਲਣ ਕਾਰਨ ਦਹਿਸ਼ਤ ਫੈਲ ਗਈ, ਜਿਸ ਕਾਰਨ ਅਧਿਕਾਰੀਆਂ ਨੇ ਤੁਰੰਤ ਜਾਂਚ ਲਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ। ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਰਾਸ਼ਟਰੀ ਰਾਜਧਾਨੀ ਵਿਚ ਸਿੱਖਿਆ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜੋ ਕਿ ਪਿਛਲੇ ਦੋ ਦਿਨਾਂ ਵਿਚ ਝੂਠੀਆਂ ਸਾਬਤ ਹੋਈਆਂ ਹਨ।
ਅਧਿਕਾਰੀ ਨੇ ਕਿਹਾ ਕਿ ਦੁਆਰਕਾ ਦੇ ਸੇਂਟ ਥਾਮਸ ਸਕੂਲ ਨੂੰ ਉਡਾਉਣ ਦੀ ਧਮਕੀ ਵਾਲਾ ਇਕ ਈ.ਮੇਲ ਸਵੇਰੇ 5.26 ਵਜੇ ਪ੍ਰਾਪਤ ਹੋਇਆ ਸੀ, ਜਦੋਂ ਕਿ ਵਸੰਤ ਵੈਲੀ ਸਕੂਲ ਨੂੰ ਸਵੇਰੇ 6.30 ਵਜੇ ਵੀ ਅਜਿਹੀ ਹੀ ਧਮਕੀ ਮਿਲੀ। ਸਾਵਧਾਨੀ ਵਜੋਂ ਰਾਤ ਭਰ ਇਨ੍ਹਾਂ ਸਕੂਲਾਂ ਵਿਚ ਰਹਿਣ ਵਾਲੇ ਸਟਾਫ਼ ਨੂੰ ਤੁਰੰਤ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।
ਸੇਂਟ ਥਾਮਸ ਸਕੂਲ ਨੂੰ ਇਹ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਦੂਜੀ ਬੰਬ ਨਾਲ ਉਡਾਉਣ ਦੀ ਧਮਕੀ ਸੀ।
ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਸਾਈਬਰ ਮਾਹਿਰਾਂ ਦੀਆਂ ਟੀਮਾਂ ਨੂੰ ਸਕੂਲਾਂ ਵਿਚ ਭੇਜਿਆ ਗਿਆ ਅਤੇ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।