ਬੇਅਦਬੀ ਦੀਆਂ ਘਟਨਾਵਾਂ ਨਾਲ ਵਲੂੰਧਰੇ ਜਾਂਦੇ ਹਨ ਹਰੇਕ ਦੇ ਹਿਰਦੇ- ਮੁੱਖ ਮੰਤਰੀ

ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਬੇਅਦਬੀ ਬਿੱਲ ’ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ, ਜਿਸ ’ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕੱਲ ਵੀ ਮੈਂ ਕਿਹਾ ਸੀ ਕਿ ਮੈਨੂੰ ਨਹੀਂ ਲਗਦਾ ਕਿ ਕੋਈ ਇਸ ਬਿੱਲ ਦਾ ਵਿਰੋਧ ਕਰੇਗਾ। ਸਾਡੀ ਲਿੱਪੀ ਗੁਰਮੁਖੀ ਹੈ, ਗੁਰੂ ਦੇ ਮੁੱਖ ਤੋਂ ਨਿਕਲੀ ਲਿੱਪੀ ਤੇ ਮੈਨੂੰ ਨਹੀਂ ਲੱਗਦਾ ਕਿ ਸ਼ਬਦ ਗੁਰੂ ਤੋਂ ਕੋਈ ਵੱਡਾ ਹੋਵੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਉਂਦੇ ਸਰੂਪ ਹਨ । ਉਨ੍ਹਾਂ ਕਿਹਾ ਕਿ ਜੋ ਵੀ ਪਿਛਲੇ ਸਮੇਂ ਦੌਰਾਨ ਹੋਇਆ ਹਰ ਇਕ ਦੇ ਹਿਰਦੇ ਵਲੂੰਧਰੇ ਗਏ। ਭਾਵੇਂ ਧਾਰਮਿਕ ਸਥਾਨ ’ਤੇ ਇਕੱਲੀ ਘਟਨਾ ਹੋਵੇ ਜਾਂ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਜਾਵੇ, ਸਾਡੇ ਹਿਰਦੇ ਵਲੂੰਧਰੇ ਜਾਂਦੇ ਹਨ। ਇਸ ਲਈ ਮਿਸਾਲੀ ਸਜ਼ਾ ਦੇਣ ਲਈ ਸਖ਼ਤ ਕਾਨੂੰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਨਹੀਂ ਮਿਲੇਗੀ ਤਾਂ ਕੋਈ ਡਰੇਗਾ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਮੈ ਸਾਰੇ ਮੈਂਬਰਾਂ ਦੀ ਭਾਵਨਾ ਨੂੰ ਦੇਖਦੇ ਹੋਏ ਪ੍ਰਸਤਾਵ ਕਰਦਾ ਹਾਂ ਕਿ ਇਸ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ ਅਤੇ ਸਾਰੀਆਂ ਧਾਰਮਿਕ ਜਥੇਬੰਦੀਆਂ, ਆਮ ਲੋਕਾਂ , ਮਾਹਿਰਾਂ ਦੀ ਰਾਏ ਲਈ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ 3 ਤੋਂ 4 ਮਹੀਨੇ ਦਾ ਸਮਾਂ ਮਿੱਥ ਲਿਆ ਜਾਵੇ , ਕਾਹਲੀ ਨਾ ਕੀਤੀ ਜਾਵੇ, ਕਿਉਂਕਿ ਇਹ ਕਾਨੂੰਨ ਸਦੀਆਂ ਤੱਕ ਚੱਲਣਾ ਹੈ।