ਪੁਤਿਨ ਬਾਕੀਆਂ ਨੂੰ ਬਣਾ ਸਕਦੇ ਹਨ ਮੂਰਖ ਪਰ ਮੈਨੂੰ ਨਹੀਂ- ਟਰੰਪ

ਵਾਸ਼ਿੰਗਟਨ, ਡੀ. ਸੀ. 15 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ’ਤੇ ਯੂਕਰੇਨ ਨਾਲ ਜੰਗ ਖਤਮ ਕਰਨ ਲਈ ਦਬਾਅ ਪਾਉਣ ਲਈ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਮੈਂ ਵਪਾਰ ਨੂੰ ਕਈ ਚੀਜ਼ਾਂ ਲਈ ਵਰਤਦਾ ਹਾਂ, ਪਰ ਇਹ ਯੁੱਧ ਖ਼ਤਮ ਕਰਨ ਲਈ ਬਹੁਤ ਵਧੀਆ ਹੈ।
ਟਰੰਪ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 50 ਦਿਨਾਂ ਵਿਚ ਯੂਕਰੇਨ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਨਹੀਂ ਕਰਦੇ ਹਨ, ਤਾਂ ਉਨ੍ਹਾਂ ’ਤੇ 100% ਟੈਰਿਫ਼ ਲਗਾਇਆ ਜਾਵੇਗਾ। ਟਰੰਪ ਨੇ ਕਿਹਾ ਕਿ ਇਹ ਇਕ ‘ਸੈਕੰਡਰੀ ਟੈਰਿਫ’ ਹੋਵੇਗਾ, ਜਿਸ ਦਾ ਮਤਲਬ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼, ਜਿਵੇਂ ਕਿ ਭਾਰਤ ਅਤੇ ਚੀਨ, ’ਤੇ ਵੀ ਪਾਬੰਦੀ ਲਗਾਈ ਜਾਵੇਗੀ।
ਟਰੰਪ ਨੇ ਵਾਈਟ ਹਾਊਸ ਵਿਖੇ ਓਵਲ ਦਫ਼ਤਰ ਵਿਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਟਰੰਪ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰੂਸੀ ਹਮਲਿਆਂ ਤੋਂ ਬਚਣ ਲਈ ਯੂਕਰੇਨ ਨੂੰ ਹਥਿਆਰਾਂ ਦੀ ਲੋੜ ਹੈ।
ਓਵਲ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ, ਟਰੰਪ ਨੇ ਪੁਤਿਨ ਪ੍ਰਤੀ ਆਪਣੀ ਨਿਰਾਸ਼ਾ ਵਾਰ-ਵਾਰ ਪ੍ਰਗਟ ਕੀਤੀ। ਟਰੰਪ ਨੇ ਕਿਹਾ ਕਿ ਪੁਤਿਨ ਨੇ ਕਲਿੰਟਨ, ਬੁਸ਼, ਓਬਾਮਾ, ਬਿਡੇਨ ਨੂੰ ਮੂਰਖ ਬਣਾਇਆ। ਉਹ ਮੈਨੂੰ ਮੂਰਖ ਨਹੀਂ ਬਣਾ ਸਕਦਾ। ਹੁਣ ਕਾਰਵਾਈ ਕਰਨਾ ਜ਼ਰੂਰੀ ਹੈ। ਪੁਤਿਨ ਜਾਣਦੇ ਹਨ ਕਿ ਸੌਦਾ ਕੀ ਹੈ।
ਪੁਤਿਨ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਅਸੀਂ ਚਾਰ ਵਾਰ ਸ਼ਾਂਤੀ ਸਮਝੌਤਾ ਕੀਤਾ ਸੀ, ਪਰ ਯੁੱਧ ਜਾਰੀ ਰਿਹਾ। ਮੈਂ ਯੁੱਧ ਲਈ ਜ਼ਿੰਮੇਵਾਰ ਨਹੀਂ ਹਾਂ, ਪਰ ਹੁਣ ਮੈਂ ਇਸ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜੰਗਾਂ ਨੂੰ ਸੁਲਝਾਉਣ ਵਿਚ ਬਹੁਤ ਸਫਲ ਰਹੇ ਹਾਂ। ਤੁਹਾਡੇ ਕੋਲ ਭਾਰਤ, ਪਾਕਿਸਤਾਨ ਹੈ... ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਰ ਹਫ਼ਤੇ ਦੇ ਅੰਦਰ ਪ੍ਰਮਾਣੂ ਯੁੱਧ ਹੋ ਜਾਂਦੇ, ਜਿਸ ਤਰ੍ਹਾਂ ਇਹ ਚੱਲ ਰਿਹਾ ਸੀ। ਇਹ ਬਹੁਤ ਬੁਰਾ ਚੱਲ ਰਿਹਾ ਸੀ। ਅਸੀਂ ਵਪਾਰ ਰਾਹੀਂ ਇਹ ਕੀਤਾ। ਮੈਂ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰ ਬਾਰੇ ਗੱਲ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਇਸ ਮਾਮਲੇ ਨੂੰ ਸੁਲਝਾਉਂਦੇ ਨਹੀਂ ਅਤੇ ਉਨ੍ਹਾਂ ਨੇ ਕੀਤਾ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ 3 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ 2022 ਨੂੰ ਯੂਕਰੇਨ ’ਤੇ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ। ਉਦੋਂ ਤੋਂ ਦੋਵੇਂ ਦੇਸ਼ ਇਕ ਦੂਜੇ ’ਤੇ ਹਮਲੇ ਕਰ ਰਹੇ ਹਨ।