ਵਿਦਿਆਰਥਣਾਂ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਧਿਆਪਕ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਜੇਲ੍ਹ

ਗੁਰੂ ਹਰ ਸਹਾਏ , 13 ਜੁਲਾਈ (ਕਪਿਲ ਕੰਧਾਰੀ) - ਫ਼ਰੀਦਕੋਟ ਰੋਡ 'ਤੇ ਸਥਿਤ ਸਕੂਲ ਆਫ ਐਮੀਨੈਂਸ ਵਿਚ ਪੜ੍ਹਦੀਆਂ 12 ਤੋਂ 15 ਦੇ ਕਰੀਬ ਵਿਦਿਆਰਥਣਾਂ ਦੇ ਨਾਲ ਸਕੂਲ ਦੇ ਹੀ ਇਕ ਅਧਿਆਪਕ ਵਲੋਂ ਸਰੀਰਕ ਸ਼ੋਸ਼ਣ ਦੇ ਚਲਦਿਆ ਜਿੱਥੇ ਗੁਰੂ ਹਰ ਸਹਾਏ ਪੁਲਿਸ ਵਲੋਂ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਗੁਰੂ ਹਰ ਸਹਾਏ ਦੇ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਵਿਚ ਪੜ੍ਹਦੀਆਂ ਵਿਦਿਆਰਥਣਾਂ ਨਾਲ ਅਧਿਆਪਕ ਰਾਜਕੁਮਾਰ ਚੁੱਘ ਵਲੋਂ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਅਧਿਆਪਕ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਅਧਿਆਪਕ ਕੋਲੋਂ ਹੋਰ ਪੁੱਛਗਿੱਛ ਕਰਨ ਦੇ ਲਈ ਮਾਨਯੋਗ ਅਦਾਲਤ ਵਿਚ ਉਸ ਨੂੰ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ ਗਿਆ ਸੀ। ਮਾਨਯੋਗ ਅਦਾਲਤ ਤੋਂ ਰਿਮਾਂਡ ਨਾ ਮਿਲਣ 'ਤੇ ਉਸ ਨੂੰ ਜੁਡੀਸ਼ਅਲ ਰਿਮਾਂਡ ਤਹਿਤ ਫ਼ਿਰੋਜ਼ਪੁਰ ਦੀ ਸੈਂਟਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।