ਪੰਜਾਬ ਦੇ ਸਰਕਾਰੀ ਸਕੂਲ ਵਧੀਆ ਪ੍ਰਦਰਸ਼ਨ ਕਾਰਨ ਸੂਬੇ 'ਚੋਂ ਰਹੇ ਮੋਹਰੀ - ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 12 ਜੁਲਾਈ (ਅਜਾਇਬ ਔਜਲਾ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਜੋ ਬੁਨਿਆਦੀ ਤੌਰ ਉਤੇ ਸਕੂਲਾਂ ਵਿਚ ਲਾਜਵਾਬ ਕਾਰਜ ਹੋਇਆ ਹੈ, ਉਸ ਲਈ ਸਾਡੇ ਅਧਿਆਪਕ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਦੇ ਸਕੂਲ ਪ੍ਰਾਈਵੇਟ ਅਤੇ ਸੈਂਟਰਲ ਸਰਕਾਰੀ ਸਕੂਲਾਂ ਵਿਚੋਂ ਮੋਹਰੀ ਨੰਬਰ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਕਲਾਸ ਤੀਜੀ, ਛੇਵੀਂ ਅਤੇ ਕਲਾਸ ਨੌਵੀਂ ਦੇ ਭਾਰਤ ਸਰਕਾਰ ਵਲੋਂ ਕੀਤੇ ਸਰਵੇ ਵਿਚ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਵਿਚ ਸਭ ਤੋਂ ਵੱਧ ਪ੍ਰਤੀਸ਼ਤ ਨੰਬਰ ਲੈਣ ਵਾਲੇ ਵਿਦਿਆਰਥੀ ਹੋ ਨਿੱਬੜੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਹਜ਼ਾਰਾਂ ਹੀ ਅਧਿਆਪਕ ਅਤੇ ਸਿੱਖਿਆ ਨਾਲ ਜੁੜੇ ਸਕੂਲਾਂ ਦੇ ਹੋਰ ਕਰਮਚਾਰੀ ਵੀ ਇਸ ਵਧਾਈ ਦੇ ਹੱਕਦਾਰ ਬਣਦੇ ਹਨ। ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਬਾਰਡਰ ਏਰੀਏ ਦੇ ਸਕੂਲਾਂ ਵਿਚ ਜਿਥੇ ਪ੍ਰਾਈਵੇਟ ਸਕੂਲ ਨਾਮਾਤਰ ਹਨ, ਉਥੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਕੂਲਾਂ ਵਿਚ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਜੋ ਕਿ ਵਿਦਿਆਰਥੀਆਂ ਲਈ ਜ਼ਰੂਰੀ ਸਨ। ਉਨ੍ਹਾਂ ਕਿਹਾ ਕਿ ਅਸੀਂ ਜ਼ਿਆਦਾਤਰ ਆਪਣੀ ਭਾਸ਼ਾ ਪੰਜਾਬੀ ਮਾਂ ਬੋਲੀ ਉਤੇ ਵਧੇਰੇ ਧਿਆਨ ਕੇਂਦਰਿਤ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਉਤੇ ਕਿਸੇ ਤਰ੍ਹਾਂ ਦਾ ਕੋਈ ਮੈਂਟਲੀ ਬੋਝ ਨਹੀਂ ਪੈਣ ਦਿੱਤਾ ਗਿਆ, ਜਿਸ ਕਰਕੇ ਸਾਰੇ ਸਰਕਾਰੀ ਸਕੂਲ ਇਸ ਵਾਰ ਆਪਣੇ ਵਧੀਆ ਕਾਰਜ ਭੂਮਿਕਾ ਨਿਭਾਅ ਸਕੇ ਹਨ।