ਡੀ.ਐਸ.ਪੀ. ਅਤੁਲ ਸੋਨੀ ਦੇ ਪਿਤਾ ਨਾਲ 22 ਲੱਖ ਦੀ ਠੱਗੀ, ਪਿਓ-ਪੁੱਤ ਖਿਲਾਫ ਮਾਮਲਾ ਦਰਜ

ਡੇਰਾਬੱਸੀ, 12 ਜੁਲਾਈ (ਰਣਬੀਰ ਸਿੰਘ)-ਪੰਜਾਬ ਪੁਲਿਸ ਵਿਚ ਤਰਨਤਾਰਨ ਜ਼ਿਲ੍ਹੇ 'ਚ ਤਾਇਨਾਤ ਡੀ.ਐਸ.ਪੀ. ਅਤੁਲ ਸੋਨੀ ਦੇ ਪਿਤਾ ਨਾਲ 22 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਡੇਰਾਬੱਸੀ 'ਚ ਰਹਿ ਰਹੇ ਇਕ ਪਿਤਾ-ਪੁੱਤਰ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਡੀ.ਐਸ.ਪੀ. ਅਤੁਲ ਸੋਨੀ ਦੀ ਸ਼ਿਕਾਇਤ 'ਤੇ ਹਰਵਿੰਦਰ ਸਿੰਘ ਗੁਲਾਟੀ ਅਤੇ ਉਸ ਦੇ ਪੁੱਤਰ ਵਾਸੀ ਗੁਲਮੋਹਰ ਸਿਟੀ ਐਕਸਟੈਂਸ਼ਨ ਹੈਬਤਪੁਰ ਰੋਡ ਡੇਰਾਬੱਸੀ ਖ਼ਿਲਾਫ ਦਰਜ ਕੀਤਾ ਗਿਆ ਹੈ।
ਇਹ ਧੋਖਾਧੜੀ ਭਾਵੇਂ ਡੇਰਾਬੱਸੀ ਹਲਕੇ 'ਚ ਪ੍ਰਾਪਰਟੀ ਦੇ ਬਿਆਨਿਆਂ ਨੂੰ ਲੈ ਕੇ ਹੋਈ ਸੀ ਪਰ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾਬੱਸੀ ਥਾਣੇ 'ਚ 2014 ਦੌਰਾਨ ਛੇ ਮਹੀਨੇ ਤਕ ਸੇਵਾ ਦੇਣ ਤੋਂ ਇਲਾਵਾ ਲਾਲੜੂ ਥਾਣਾ ਇੰਚਾਰਜ ਰਹਿ ਚੁੱਕੇ ਅਤੁਲ ਸੋਨੀ ਉਸ ਵੇਲੇ ਸਬ-ਇੰਸਪੈਕਟਰ ਸਨ। ਪਿਛਲੇ ਸੱਤ ਸਾਲਾਂ ਤੋਂ ਉਹ ਬਾਰਡਰ ਇਲਾਕਿਆਂ 'ਚ ਤਾਇਨਾਤ ਹਨ ਤੇ ਇਸ ਵੇਲੇ ਤਰਨਤਾਰਨ 'ਚ ਡਿਊਟੀ ਨਿਭਾਅ ਰਹੇ ਹਨ। ਡੇਰਾਬੱਸੀ 'ਚ ਤਾਇਨਾਤੀ ਦੌਰਾਨ ਹਰਵਿੰਦਰ ਸਿੰਘ ਨਾਲ ਜਾਣ-ਪਛਾਣ ਹੋਈ ਜੋ ਕਿ ਉਨ੍ਹਾਂ ਦੇ ਪਰਿਵਾਰ ਨਾਲ ਵੀ ਨੇੜਤਾ ਬਣਾਉਣ ਵਿਚ ਸਫਲ ਰਿਹਾ। ਡੀ.ਐਸ.ਪੀ. ਦੇ ਤਬਾਦਲੇ ਅਤੇ ਤਰੱਕੀ ਮਗਰੋਂ ਹਰਵਿੰਦਰ ਨੇ ਉਨ੍ਹਾਂ ਦੇ ਪਿਤਾ ਜੋ ਕਿ ਬੈਂਕ ਤੋਂ ਰਿਟਾਇਰਡ ਮੈਨੇਜਰ ਸਨ, ਨਾਲ ਨੇੜਤਾ ਬਣਾਈ ਅਤੇ ਉਨ੍ਹਾਂ ਨੂੰ ਰੀਅਲ ਅਸਟੇਟ 'ਚ ਨਿਵੇਸ਼ ਲਈ ਪ੍ਰੇਰਿਤ ਕੀਤਾ। ਲਗਭਗ ਇਕ ਦਰਜਨ ਪ੍ਰਾਪਰਟੀਆਂ ਲਈ ਬਿਆਨੇ ਕੀਤੇ ਗਏ। ਅਤੁਲ ਸੋਨੀ ਅਨੁਸਾਰ, ਇਹ ਸਾਰੀ ਧੋਖਾਧੜੀ ਉਨ੍ਹਾਂ ਨੂੰ ਦਸੰਬਰ 2024 ਵਿਚ ਪਿਤਾ ਦੀ ਮੌਤ ਮਗਰੋਂ ਪਤਾ ਲੱਗੀ। ਜਦੋਂ ਉਨ੍ਹਾਂ ਨੇ ਦਸਤਾਵੇਜ਼ ਜਾਂਚਣੇ ਸ਼ੁਰੂ ਕੀਤੇ ਤਾਂ ਪਤਾ ਲੱਗਾ ਕਿ ਜਿਨ੍ਹਾਂ ਜਾਇਦਾਦਾਂ ਲਈ ਬਿਆਨੇ ਕੀਤੇ ਗਏ ਸਨ, ਉਹ ਕਿਸੇ ਹੋਰ ਦੇ ਕਬਜ਼ੇ 'ਚ ਹਨ ਜਾਂ ਉਨ੍ਹਾਂ ਦੇ ਪਤੇ ਝੂਠੇ ਹਨ। ਲਗਭਗ 8-9 ਬਿਆਨਿਆਂ ਦੀ ਪੁਸ਼ਟੀ ਹੋਈ। ਪਿਤਾ ਦੀ ਡਾਇਰੀ 'ਚੋਂ ਵੀ ਠੱਗੀ ਨਾਲ ਜੁੜੀਆਂ ਜਾਣਕਾਰੀਆਂ ਮਿਲੀਆਂ। ਹਰਵਿੰਦਰ ਆਖਰੀ ਵਾਰ ਸਿਰਫ਼ ਪਿਤਾ ਦੀ ਮੌਤ 'ਤੇ ਮਿਲਿਆ ਸੀ, ਫਿਰ ਮਿਲਣ ਤੋਂ ਪਰਹੇਜ਼ ਕਰਨ ਲੱਗ ਪਿਆ ਤੇ ਫ਼ੋਨ ਵੀ ਬੰਦ ਕਰ ਦਿੱਤੇ। ਇਸ ਵੇਲੇ ਦੋਵੇਂ ਪਿਤਾ-ਪੁੱਤਰ ਫਰਾਰ ਹਨ।
ਜਦੋਂ ਅਤੁਲ ਸੋਨੀ ਨੇ ਧੋਖਾਧੜੀ ਦੀ ਪੁਸ਼ਟੀ ਲਈ ਹਰਵਿੰਦਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਲਟਾ ਅਤੁਲ ਖ਼ਿਲਾਫ਼ ਹੀ ਹਾਈਕੋਰਟ 'ਚ ਚਾਰ ਵੱਖ-ਵੱਖ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਜਿਨ੍ਹਾਂ 'ਚ ਧਮਕਾਉਣ, ਝੂਠੇ ਮਾਮਲੇ 'ਚ ਫਸਾਉਣ ਆਦਿ ਦੇ ਦੋਸ਼ ਲਗਾਏ ਗਏ ਪਰ ਡੀ.ਐਸ.ਪੀ. ਵਲੋਂ ਪੱਖ ਰੱਖੇ ਜਾਣ 'ਤੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ। ਅਤੁਲ ਸੋਨੀ ਵਲੋਂ 200 ਤੋਂ ਵੱਧ ਸਫ਼ਿਆਂ 'ਚ ਮੁਕੰਮਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਤੇ ਡੀ.ਏ. ਜ਼ਿਲ੍ਹਾ ਅਟਾਰਨੀ ਦੀ ਲੀਗਲ ਰਾਏ ਮਗਰੋਂ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ। ਹਾਲੇ ਤਕ 22 ਲੱਖ ਰੁਪਏ ਦੀ ਧੋਖਾਧੜੀ ਦੀ ਪੁਸ਼ਟੀ ਹੋਈ ਹੈ।