ਮੋਟਰਸਾਈਕਲ ਸਵਾਰ ਨੌਜਵਾਨ ਬੋਰੀ ਵਿਚ ਲੜਕੀ ਦੀ ਲਾਸ਼ ਸੁੱਟ ਕੇ ਹੋਏ ਫਰਾਰ

ਲੁਧਿਆਣਾ, 9 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਆਰਤੀ ਚੌਂਕ ਵਿਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਇਕ ਲੜਕੀ ਦੀ ਲਾਸ਼ ਨੂੰ ਬੋਰੀ ਵਿਚ ਪਾ ਸੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਆਰਤੀ ਚੌਂਕ ਵਿਚ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਉੱਥੇ ਇਕ ਬੋਰੀ ਸੁੱਟ ਦਿੱਤੀ ਤੇ ਉੱਥੇ ਨੇੜੇ ਰੇਹੜੀ ਲਗਾ ਰਹੇ ਇਕ ਵਿਅਕਤੀ ਨੇ ਜਦੋਂ ਉਨ੍ਹਾਂ ਤੋਂ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੋਰੀ ਵਿਚ ਖਰਾਬ ਅੰਬ ਹਨ।
ਸ਼ੱਕ ਹੋਣ ’ਤੇ ਉਨ੍ਹਾਂ ਨੇ ਉਕਤ ਮੋਟਰਸਾਈਕਲ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਨੌਜਵਾਨ ਉਥੋਂ ਫਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਜਦੋਂ ਬੋਰੀ ਖੋਲ ਕੇ ਦੇਖੀ ਤਾਂ ਉਸ ਵਿਚ ਇਕ ਨੌਜਵਾਨ ਲੜਕੀ ਦੀ ਲਾਸ਼ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।