ਨਾਮੀਬੀਆ ਪੁੱਜੇ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਨਾਲ ਕਰਨਗੇ ਦੁਵੱਲੀ ਗੱਲਬਾਤ

ਵਿੰਡਹੋਕ (ਨਾਮੀਬੀਆ), 9 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ’ਤੇ ਅੱਜ ਨਾਮੀਬੀਆ ਪਹੁੰਚੇ, ਜਿਸ ਦੌਰਾਨ ਉਹ ਰਾਸ਼ਟਰਪਤੀ ਨੇਤੁੰਬੋ ਨੰਦੀ-ਨਦੈਤਵਾਹ ਨਾਲ ਦੁਵੱਲੀ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ ਦਾ ਇਹ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ, ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 1998 ਵਿਚ ਨਾਮੀਬੀਆ ਗਏ ਸਨ। ਇਸ ਤੋਂ ਪਹਿਲਾਂ 1990 ਵਿਚ, ਤਤਕਾਲੀ ਪ੍ਰਧਾਨ ਮੰਤਰੀ ਵੀ. ਪੀ. ਸਿੰਘ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਕਈ ਉੱਚ-ਦਰਜੇ ਦੇ ਨੇਤਾ ਨਾਮੀਬੀਆ ਦੇ ਆਜ਼ਾਦੀ ਦਿਵਸ ’ਤੇ ਇਸ ਦਾ ਦੌਰਾ ਕਰ ਚੁੱਕੇ ਸਨ।
ਮੋਦੀ ਦੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਪੰਜ ਦੇਸ਼ਾਂ ਦੇ ਦੌਰੇ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਇਕ ਪ੍ਰੈਸ ਰਿਲੀਜ਼ ਵਿਚ ਵਿਦੇਸ਼ ਮੰਤਰਾਲੇ (ਐਮਈਏ) ਨੇ ਕਿਹਾ ਕਿ ਮੋਦੀ ਰਾਸ਼ਟਰਪਤੀ ਨੰਦੀ-ਨਦੈਤਵਾਹ ਦੇ ਸੱਦੇ ’ਤੇ ਨਾਮੀਬੀਆ ਦਾ ਦੌਰਾ ਕਰ ਰਹੇ ਹਨ।
ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਰਾਸ਼ਟਰਪਤੀ ਨੰਦੀ-ਨਦੈਤਵਾਹ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨਾਮੀਬੀਆ ਦੇ ਸੰਸਥਾਪਕ ਪਿਤਾ ਅਤੇ ਨਾਮੀਬੀਆ ਦੇ ਪਹਿਲੇ ਰਾਸ਼ਟਰਪਤੀ, ਸਵਰਗੀ ਡਾ. ਸੈਮ ਨੁਜੋਮਾ ਨੂੰ ਵੀ ਸ਼ਰਧਾਂਜਲੀ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਮੀਬੀਆ ਦੀ ਸੰਸਦ ਵਿਚ ਭਾਸ਼ਣ ਦੇਣ ਦੀ ਵੀ ਉਮੀਦ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦਾ ਦੌਰਾ ਨਾਮੀਬੀਆ ਨਾਲ ਭਾਰਤ ਦੇ ਬਹੁ-ਪੱਖੀ ਅਤੇ ਡੂੰਘੇ ਇਤਿਹਾਸਕ ਸੰਬੰਧਾਂ ਨੂੰ ਦੁਹਰਾਉਂਦਾ ਹੈ।