ਬਿਹਾਰ ਵਿਚ ਵਿਰੋਧੀ ਧਿਰ ਵਲੋਂ ਚੱਕਾ ਜਾਮ

ਪਟਨਾ, 9 ਜੁਲਾਈ- ਅੱਜ ਇੰਡੀਆ ਗਠਜੋੜ ਨੇ ਬਿਹਾਰ ਵਿਚ ਸੜਕ ਜਾਮ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਅਗਵਾਈ ਹੇਠ ਅੱਜ ਪੂਰਾ ਵਿਰੋਧੀ ਧਿਰ ਰਾਜ ਭਰ ਵਿਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਰਾਸ਼ਟਰੀ ਜਨਤਾ ਦਲ, ਕਾਂਗਰਸ, ਖੱਬੇ ਪੱਖੀ ਪਾਰਟੀਆਂ, ਵਿਕਾਸਸ਼ੀਲ ਇਨਸਾਨ ਪਾਰਟੀ ਦੇ ਵਰਕਰ ਸਵੇਰ ਤੋਂ ਹੀ ਸੜਕਾਂ ’ਤੇ ਉਤਰ ਆਏ ਹਨ। ਉਹ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਦਰਭੰਗਾ, ਭੋਜਪੁਰ, ਜਹਾਨਾਬਾਦ ਵਿਚ ਰੇਲ ਗੱਡੀਆਂ ਰੋਕੀਆਂ ਗਈਆਂ ਹਨ। ਦਰਭੰਗਾ ਵਿਚ ਵਿਰੋਧੀ ਧਿਰ ਦੇ ਵਰਕਰਾਂ ਨਮੋ ਭਾਰਤ ਰੇਲਗੱਡੀ ’ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਪਟਨਾ, ਮੁਜ਼ੱਫਰਪੁਰ, ਪੂਰਨੀਆ, ਭਾਗਲਪੁਰ, ਗਯਾ ਸਮੇਤ ਕਈ ਜ਼ਿਲ੍ਹਿਆਂ ਵਿਚ ਵਿਰੋਧੀ ਧਿਰ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ। ਉਹ ਟਾਇਰ ਸਾੜ ਕੇ ਅੱਗ ਲਗਾ ਰਹੇ ਹਨ। ਪਟਨਾ ਜ਼ਿਲ੍ਹੇ ਦੇ ਮਨੇਰ, ਬਿਹਟਾ ਸਮੇਤ ਕਈ ਥਾਵਾਂ ’ਤੇ ਇੰਡੀਆ ਅਲਾਇੰਸ ਦੇ ਆਗੂਆਂ ਨੇ ਟਾਇਰ ਸਾੜ ਕੇ ਅੱਗ ਲਗਾ ਕੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ, ਮਾਨੇਰ ਵਿਚ ਰਾਸ਼ਟਰੀ ਜਨਤਾ ਦਲ ਦੇ ਆਗੂਆਂ ਨੇ ਰਾਸ਼ਟਰੀ ਰਾਜਮਾਰਗ 30 ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਬਿਹਾਰ ਬੰਦ ਦੇ ਸੰਬੰਧ ਵਿੱਚ ਦਰਭੰਗਾ ਜੰਕਸ਼ਨ ’ਤੇ ਆਰ.ਜੇ.ਡੀ. ਆਗੂਆਂ ਨੇ ਨਮੋ ਭਾਰਤ ਰੇਲਗੱਡੀ ਰੋਕ ਦਿੱਤੀ। ਰੇਲ ਪਟੜੀਆਂ ਰੋਕ ਕੇ ਉਨ੍ਹਾਂ ਨੇ ਐਨ.ਡੀ.ਏ. ਸਰਕਾਰ ਅਤੇ ਚੋਣ ਕਮਿਸ਼ਨ ਤੋਂ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਨੂੰ ਰੋਕਣ ਦੀ ਮੰਗ ਕੀਤੀ। ਰੇਲ ਪਟੜੀਆਂ ਰੋਕ ਰਹੇ ਆਰ.ਜੇ.ਡੀ. ਆਗੂਆਂ ਨੇ ਕਿਹਾ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦਾ ਕੰਮ ਕਮਜ਼ੋਰ ਅਤੇ ਪਛੜੇ ਵਰਗਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਹੈ।
ਕੇਂਦਰ ਸਰਕਾਰ ਚੋਣ ਕਮਿਸ਼ਨ ’ਤੇ ਦਬਾਅ ਪਾ ਕੇ ਸੋਧ ਦਾ ਕੰਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ’ਤੇ ਵਿਚਾਰ ਨਹੀਂ ਕਰਦੀ ਹੈ, ਤਾਂ ਅਸੀਂ ਅੰਦੋਲਨ ਤੇਜ਼ ਕਰਾਂਗੇ। ਆਰ.ਜੇ.ਡੀ. ਅਤੇ ਸੀ.ਪੀ.ਆਈ. ਐਮ.ਐਲ. ਦੇ ਆਗੂਆਂ ਨੇ ਮਹਿਨਾਵਾ ਵਿਚ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਹਾਂਗਠਜੋੜ ਦੇ ਆਗੂਆਂ ਨੇ ਭਾਜਪਾ ਅਤੇ ਮੋਦੀ ਸਰਕਾਰ ਵਿਰੋਧ ਨਾਅਰੇਬਾਜ਼ੀ ਕੀਤੀ। ਸੜਕ ਜਾਮ ਕਾਰਨ ਸੜਕ ’ਤੇ ਵਾਹਨਾਂ ਦੀ ਕਤਾਰ ਲੱਗ ਗਈ। ਮਹਾਂਗਠਜੋੜ ਦੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ, ਮੋਦੀ ਸਰਕਾਰ ਨੇ ਦੇਸ਼ ਵਿਚ ਨੋਟਬੰਦੀ ਦਾ ਕੰਮ ਕੀਤਾ ਹੈ, ਉਸੇ ਤਰ੍ਹਾਂ ਚੋਣਾਂ ਤੋਂ ਪਹਿਲਾਂ ਬਿਹਾਰ ਵਿਚ ਵੋਟਾਂ ’ਤੇ ਪਾਬੰਦੀ ਲਗਾਉਣ ਦਾ ਕੰਮ ਕੀਤਾ ਗਿਆ ਹੈ। ਜਿਸ ਕਾਰਨ ਬਿਹਾਰ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਦੇ ਨਾਮ ਵੋਟਰ ਸੂਚੀ ਵਿਚੋਂ ਹਟਾ ਦਿੱਤੇ ਜਾਣਗੇ। ਬਿਹਾਰ ਦੇ ਲੋਕ ਬਿਹਾਰ ਵਿਚ ਸਰਕਾਰ ਬਦਲਣ ਦੇ ਮੂਡ ਵਿਚ ਹਨ।