ਸਰਹੱਦ 'ਤੇ ਡਿਊਟੀ ਦੌਰਾਨ ਖੂਹੀ 'ਚ ਡਿੱਗਣ ਨਾਲ ਬੀ. ਐਸ. ਐਫ. ਜਵਾਨ ਦੀ ਮੌਤ

ਮਮਦੋਟ/ਫਿਰੋਜ਼ਪੁਰ, 8 ਜੁਲਾਈ (ਸੁਖਦੇਵ ਸਿੰਘ ਸੰਗਮ)-ਭਾਰਤ-ਪਾਕਿ ਸਰਹੱਦ 'ਤੇ ਮਮਦੋਟ ਖੇਤਰ ਵਿਚ ਤਾਇਨਾਤ ਇਕ ਬੀ. ਐਸ. ਐਫ. ਦੇ ਜਵਾਨ ਦੀ ਦੇਰ ਰਾਤ ਡਿਊਟੀ ਦੌਰਾਨ ਮੋਟਰ ਦੀ ਖੂਹੀ ਵਿਚ ਡਿੱਗਣ ਨਾਲ ਮੌਤ ਹੋ ਗਈ। ਘਟਨਾਂ ਦਾ ਪਤਾ ਲੱਗਦੇ ਹੀ ਜਵਾਨਾਂ ਅਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਜਵਾਨ ਦੀ ਪਛਾਣ ਡਾਲੂ ਰਾਮ ਵਜੋਂ ਹੋਈ ਹੈ।
ਬੀ. ਐੱਸ. ਐੱਫ. ਸੂਤਰਾਂ ਨੇ ਦੱਸਿਆ ਕਿ ਡਾਲੂ ਦੇਰ ਰਾਤ ਬੀ. ਐਸ. ਐਫ. ਚੈੱਕ ਪੋਸਟ ਐਲ. ਐਸ. ਵਾਲਾ (ਮਮਦੋਟ) ਨੇੜੇ ਕੰਡਿਆਲੀ ਤਾਰ ਨੇੜੇ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਜ਼ਿਆਦਾ ਹਨੇਰਾ ਹੋਣ ਕਾਰਨ ਜਵਾਨ ਅਣਜਾਣੇ ਵਿਚ ਖੇਤ ਵਿਚ ਬਣੀ ਮੋਟਰ ਵਾਲੀ ਖੂਹੀ ਵਿਚ ਡਿੱਗ ਗਿਆ, ਜਿਸ ਕਾਰਨ ਉਹ ਸਿਰ ਅਤੇ ਹੋਰ ਥਾਵਾਂ 'ਤੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜਦੋਂ ਡਿਊਟੀ 'ਤੇ ਤਾਇਨਾਤ ਜਵਾਨਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸਨੂੰ ਖੂਹੀ ਤੋਂ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਸੱਟਾਂ ਕਾਰਨ ਉਸਦੀ ਮੌਤ ਹੋ ਗਈ। ਬੀ. ਐੱਸ. ਐੱਫ. ਜਵਾਨ ਹੈੱਡ ਕਾਂਸਟੇਬਲ ਡਾਲੂ ਰਾਮ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।