ਦਿੱਲੀ ਜੰਮੂ ਕੱਟੜਾ ਹਾਈਵੇਅ ਲਈ ਐਕਵਾਇਰ ਕੀਤੀ ਜ਼ਮੀਨ ਲਈ ਕਬਜ਼ਾ ਲੈਣ ਸਮੇਂ ਕਿਸਾਨਾਂ ਦੀ ਪੁਲਿਸ ਨਾਲ ਝੜਪ

ਸ੍ਰੀ ਹਰਿਗੋਬਿੰਦਪੁਰ, 8 ਜੁਲਾਈ (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਪਿੰਡ ਨੰਗਲ ਝੌਰ ਦੀ ਜ਼ਮੀਨ ਵਿਚੋਂ ਦੀ ਜੋ ਕੇਂਦਰ ਸਰਕਾਰ ਵਲੋਂ ਭਾਰਤ ਜੋੜੋ ਮਾਲਾ ਤਹਿਤ ਦਿੱਲੀ ਜੰਮੂ ਕੱਟੜਾ ਹਾਈਵੇਅ ਅਧੀਨ ਆਉਣ ਵਾਲੀ ਐਕਵਾਇਰ ਕੀਤੀ ਗਈ ਜ਼ਮੀਨ ’ਤੇ ਕਬਜ਼ਾ ਲੈਣ ਆਏ ਸਿਵਲ ਅਤੇ ਪੁਲਿਸ ਪ੍ਰਾਸ਼ਸਨ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਇੱਕਤਰ ਹੋਏ ਕਿਸਾਨਾਂ ਵਲੋਂ ਜ਼ਮੀਨ ਵਿਚ ਲਾਏ ਗਏ ਝੋਨੇ ਦੀ ਫ਼ਸਲ ਵਿਚ ਵੱਟਾਂ ਪਾਉਣ ਸਮੇਂ ਵਿਰੋਧ ਕਰਕੇ ਰੋਕ ਦਿੱਤਾ ਗਿਆ ਅਤੇ ਹੁਣ ਪੁਲਿਸ ਵਲੋਂ ਕਿਸਾਨਾਂ ਨੂੰ ਤਿੱਤਰ ਬਿੱਤਰ ਕਰਨ ਲਈ ਪੁਲਿਸ ਬੱਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਮੌਕੇ ’ਤੇ ਪੁਲਿਸ ਅਤੇ ਕਿਸਾਨਾਂ ਵਿਚ ਝੜਪਾਂ ਹੋਣ ਦੀਆਂ ਖ਼ਬਰ ਹੈ। ਇਸ ਮੌਕੇ ਪੁਲਿਸ ਵਲੋਂ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ, ਹਰਭਜਨ ਸਿੰਘ ਵੈੈਰੋਨੰਗਲ, ਰੌਮੀ ਤਲਵਾੜਾ ਆਦਿ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਹਨ ਤੇ ਇਸ ਤੋਂ ਇਲਾਵਾ ਪਿੰਡ ਵੈਰੋਨੰਗਲ ਦੇ ਬਜ਼ੁਰਗ ਕਿਸਾਨ ਦੀ ਪੁਲਿਸ ਵਲੋਂ ਕੱਦੂ ਵਿਚ ਖਿੱਚ ਧੂਹ ਕਰਨ ਦੌਰਾਨ ਉਸ ਦੀ ਹਾਲਤ ਗੰਭੀਰ ਹੋ ਗਈ।