ਅਬੂ ਸਲੇਮ ਨੂੰ ਕੋਈ ਰਾਹਤ ਨਹੀਂ, ਅਦਾਲਤ ਨੇ ਕਿਹਾ 25 ਸਾਲ ਦੀ ਕੈਦ ਅਜੇ ਖ਼ਤਮ ਨਹੀਂ ਹੋਈ

ਮੁੰਬਈ ,7 ਜੁਲਾਈ -ਬੰਬੇ ਹਾਈ ਕੋਰਟ ਨੇ ਗੈਂਗਸਟਰ ਅਬੂ ਸਲੇਮ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਪਹਿਲੀ ਨਜ਼ਰੇ ਇਹ ਰਾਏ ਹੈ ਕਿ ਉਸ ਨੇ (ਸਲੇਮ) ਪੁਰਤਗਾਲ ਤੋਂ ਹਵਾਲਗੀ ਦੀਆਂ ਸ਼ਰਤਾਂ ਅਨੁਸਾਰ ਭਾਰਤੀ ਜੇਲ੍ਹ ਵਿਚ ਅਜੇ 25 ਸਾਲ ਪੂਰੇ ਨਹੀਂ ਕੀਤੇ ਹਨ। ਸਲੇਮ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਜੇਕਰ ਚੰਗੇ ਆਚਰਣ ਲਈ ਛੋਟ ਸ਼ਾਮਿਲ ਕੀਤੀ ਜਾਂਦੀ ਹੈ ਤਾਂ ਉਹ ਪਹਿਲਾਂ ਹੀ 25 ਸਾਲ ਦੀ ਕੈਦ ਕੱਟ ਚੁੱਕਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜਦੋਂ ਸਲੇਮ ਨੂੰ ਪੁਰਤਗਾਲ ਤੋਂ ਹਵਾਲਗੀ ਕੀਤੀ ਗਈ ਸੀ ਤਾਂ ਭਾਰਤ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਸ ਨੂੰ ਕਿਸੇ ਵੀ ਮਾਮਲੇ ਵਿਚ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਅਤੇ ਉਸ ਨੂੰ 25 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਵੀ ਨਹੀਂ ਦਿੱਤੀ ਜਾਵੇਗੀ।