ਭਾਜਪਾ ਆਗੂ ਬੀਬਾ ਜੈ ਇੰਦਰ ਕੌਰ ਵਲੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ

ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਪਿਲਖਣੀ ਸਮੇਤ ਹੋਰਾਂ ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਅਧੀਨ ਕਿਸਾਨਾਂ ਕੋਲੋਂ ਸਰਕਾਰ ਲੈਣ ਜਾ ਰਹੀ ਹੈ ਤੇ ਅੱਜ ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਜੈ ਇੰਦਰ ਕੌਰ ਆਪਣੇ ਸਾਥੀਆਂ ਸਮੇਤ ਪਿੰਡ ਪਿਲਖਣੀ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਅਤੇ ਇਸ ਪਾਲਿਸੀ ਦੇ ਵਿਰੋਧ ਵਿਚ ਡਟ ਕੇ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਕੀਮਤ ਉਤੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਸ਼ਰੇਆਮ ਸਰਕਾਰ ਦੀ ਕਿਸਾਨ-ਮਾਰੂ ਨੀਤੀ ਹੈ, ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਧੱਕਾ ਕਰਨ ਦੀ ਕਿਸੇ ਵੀ ਕੀਮਤ ਉਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਜਗਰਾਉਂ ਵਿਖੇ ਅੱਜ ਤੋਂ ਜ਼ਮੀਨ ਬਚਾਓ ਧਰਨਾ ਵੀ ਸ਼ੁਰੂ ਹੋ ਚੁੱਕਾ ਹੈ। ਇਸ ਰੋਸ ਧਰਨੇ ਵਿਚ ਵੱਡੀ ਗਿਣਤੀ ’ਚ ਰਾਜਨੀਤਿਕ ਆਗੂ ਤੇ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਜਗਰਾਉਂ ਇਲਾਕੇ ਦੇ ਚਾਰ ਪਿੰਡਾਂ ਦੀ 511 ਏਕੜ ਜ਼ਮੀਨ ਅਕਵਾਇਰ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਅੱਜ ਇਸ ਫੈਸਲੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।