ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਕਾਂਗਰਸੀ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ

ਅਹਿਮਦਗੜ੍ਹ, 7 ਜੁਲਾਈ (ਰਣਧੀਰ ਸਿੰਘ ਮਹੋਲੀ) - ਮੇਲਾ ਛਪਾਰ ਦੇ ਨਾਮ ਜਾਣੇ ਜਾਂਦੇ ਮਾਲਵੇ ਦੇ ਮਸ਼ਹੂਰ ਪਿੰਡ ਛਪਾਰ ਦੇ ਕਾਂਗਰਸ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੂੰ ਹਲਕਾ ਦਾਖਾ ਵਿਚ ਪੁੱਜ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਤੋਂ ਰੋਕਣ ਲਈ ਪੁਲਿਸ ਵਲੋਂ ਘਰੇ ਹੀ ਨਜ਼ਰਬੰਦ ਕਰ ਦਿੱਤਾ ਗਿਆ।
ਦਾਖਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਛਪਾਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਪਿੰਡ ਛਪਾਰ ਦੇ ਬੀ. ਐਸ. ਐਫ਼. ਦੇ ਜਵਾਨ ਸਵ. ਜਗਰਾਜ ਸਿੰਘ ਦੀ ਫੌਜ ਦੀ ਡਿਊਟੀ ਦੌਰਾਨ ਹੋਈ ਮੌਤ ਦੇ ਸੰਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਵਲੋਂ ਫੌਜੀ ਜਵਾਨਾਂ ਦੀ ਸਹਾਇਤਾ ਲਈ ਜਾਰੀ ਕੀਤੇ ਬਿਆਨ ਅਨੁਸਾਰ ਇਕ ਕਰੋੜ ਅਤੇ ਪਰਿਵਾਰ ਨੂੰ ਨੌਕਰੀ ਸੰਬੰਧੀ ਰਾਹਤ ਰਾਸ਼ੀ ਜਾਰੀ ਕਰਵਾਉਣ ਸੰਬੰਧੀ ਜਾਣੂ ਕਰਵਾਉਣਾ ਸੀ।
ਲੇਕਿਨ ਪੁਲਿਸ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਾ ਕਾਰਨ ਦੱਸਣ ਦੇ ਬਾਵਜੂਦ ਵੀ ਪੁਲਿਸ ਵਲੋਂ ਉਨ੍ਹਾਂ ਨੂੰ ਘਰੇ ਹੀ ਨਜ਼ਰਬੰਦ ਕਰ ਦਿੱਤਾ ਗਿਆ। ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਗ੍ਰਾਮ ਪੰਚਾਇਤ, ਕਾਂਗਰਸੀ ਆਗੂ ਰਵਿੰਦਰ ਸਿੰਘ ਰੋਮੀ ਅਤੇ ਹੋਰਨਾਂ ਪਿੰਡ ਵਾਸੀਆਂ ਵਲੋਂ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ । ਇਸ ਹਰਕਤ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਰਪੱਖ ਹੋ ਕੇ ਪੰਜਾਬ ਵਾਸੀਆਂ ਦੀ ਪਹਿਰੇਦਾਰੀ ਕਰਨ ਦੀ ਅਪੀਲ ਕੀਤੀ ਗਈ।