ਵਿਧਾਇਕ ਸਵਨਾ ਨੇ ਐਸ. ਸੀ. ਭਾਈਚਾਰੇ ਦੇ 33 ਲਾਭਪਾਤਰੀਆਂ ਨੂੰ ਵੰਡੇ ਕਰਜ਼ਾ ਮੁਕਤੀ ਸਰਟੀਫਿਕੇਟ

ਫ਼ਾਜ਼ਿਲਕਾ, 30 ਜੂਨ (ਬਲਜੀਤ ਸਿੰਘ)-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰਾਜ ਵਿਚ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਵਿੱਤ ਨਿਗਮ ਤੋਂ ਕਰਜ਼ਾ ਲੈਣ ਵਾਲੇ ਐਸ.ਸੀ. ਭਾਈਚਾਰੇ ਦੇ 4727 ਲੋਕਾਂ ਦਾ 67.84 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਮਾਰਕੀਟ ਕਮੇਟੀ ਵਿਖੇ ਹੋਏ ਇਕ ਸਮਾਗਮ ਦੌਰਾਨ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਉਕਤ ਸਕੀਮ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਮੌਕੇ ਆਖੀ। ਵਿਧਾਇਕ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਵੀ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਵਿੱਤ ਕਾਰਪੋਰੇਸ਼ਨ ਤੋਂ 31 ਮਾਰਚ 2020 ਤੋਂ ਪਹਿਲਾਂ ਜੋ ਵੀ ਕਰਜ਼ਾ ਲਿਆ ਸੀ, ਉਹ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ 33 ਲੋਕਾਂ ਨੂੰ ਇਸ ਸਕੀਮ ਦਾ ਲਾਭ ਹੋਇਆ ਹੈ ਅਤੇ ਉਨ੍ਹਾਂ ਦੇ 72 ਲੱਖ 13 ਹਜ਼ਾਰ 919 ਰੁਪਏ ਮੁਆਫ ਹੋਏ ਹਨ ਜਦਕਿ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿਚ ਇਸ ਸਕੀਮ ਦਾ ਲਾਭ 266 ਲੋਕਾਂ ਨੂੰ ਮਿਲਿਆ ਹੈ ਅਤੇ 4.97 ਕਰੋੜ ਰੁਪਏ ਦੇ ਕਰਜ਼ੇ ਮੁਆਫ ਹੋਏ ਹਨ।