JALANDHAR WEATHER

30-06-2025

 ਝੋਨਾ ਵਿਰਾਸਤੀ ਫ਼ਸਲ ਨਹੀਂ
ਝੋਨਾ ਪੰਜਾਬ ਦੀ ਜੱਦੀ ਅਤੇ ਵਿਰਾਸਤੀ ਫ਼ਸਲ ਨਹੀਂ ਹੈ। ਇਸ ਦੇ ਆਉਣ ਨਾਲ ਵਿਰਾਸਤੀ ਫ਼ਸਲਾਂ ਨੁੱਕਰੇ ਲੱਗ ਗਈਆਂ ਹਨ। ਹੁਣ ਜਦੋਂ ਪਤਾ ਲੱਗਿਆ ਕਿ ਝੋਨਾ ਸ਼ੁਰੂ ਤੋਂ ਅੰਤ ਤੱਕ ਨਾਂਹ ਪੱਖੀ ਪ੍ਰਭਾਵ ਹੀ ਪਾਉਂਦਾ ਹੈ ਤਾਂ ਅੱਖ ਖੁੱਲ੍ਹੀ। ਇਸ ਦੇ ਹਾਂ-ਪੱਖੀ ਪਹਿਲੂ ਵੀ ਮੱਧਮ ਪੈ ਗਏ ਹਨ। ਉਂਝ ਪੰਜਾਬੀਆਂ ਦਾ ਸੁਭਾਅ ਵੀ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਹੈ। ਪੰਜਾਬ 35 ਲੱਖ ਹੈਕਟੇਅਰ 'ਚ ਝੋਨਾ ਬੀਜ ਕੇ 22 ਫ਼ੀਸਦੀ ਕੇਂਦਰੀ ਪੂਲ ਵਿਚ ਭੇਜਦਾ ਹੈ। ਭਾਵੇਂ ਇਸ ਨੇ ਕਿਸਾਨਾਂ ਨੂੰ ਆਰਥਿਕ ਹੁਲਾਰਾ ਦਿੱਤਾ। ਪੰਜਾਬੀ ਕਿਸਾਨ ਖੇਤਾਂ ਦਾ ਰਾਜਾ ਅਖਵਾਉਣ ਲੱਗਾ, ਪਰ ਕੰਮ ਮਜ਼ਦੂਰ 'ਤੇ ਛੱਡ ਕੇ ਆਪ ਮਿਹਨਤ ਕਰਨ ਦੀ ਆਦਤ ਤੋਂ ਪਿੱਛੋਂ ਹਟ ਕੇ ਆਪਣੀ ਸਿਹਤ ਖ਼ਰਾਬ ਕਰ ਲਈ ਹੈ। ਖਾਦਾਂ, ਦਵਾਈਆਂ ਅਤੇ ਹੋਰ ਕੈਮੀਕਲਾਂ ਨਾਲ ਪੰਜਾਬ ਅਤੇ ਮਿੱਟੀ ਦੀ ਸਿਹਤ ਵੀ ਖਰਾਬ ਕਰਕੇ ਹੁਲੀਆ ਵਿਗਾੜਿਆ। ਪਾਣੀ, ਵਾਤਾਵਰਨ ਲਈ ਝੋਨੇ ਦੇ ਸਿਰ ਦੋਸ਼ ਦੇਣ ਨਾਲ ਸਰਕਾਰਾਂ ਦਾ ਖਹਿੜਾ ਵੀ ਛੁੱਟ ਜਾਂਦਾ ਹੈ। ਫ਼ਸਲੀ ਵਿਭਿੰਨਤਾ, ਝੋਨੇ ਦੀ ਸਿੱਧੀ ਬਿਜਾਈ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।

ਦੇਸੀ ਇਲਾਜ
ਦੇਸੀ ਇਲਾਜ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ। ਧਾਰਮਿਕ ਗ੍ਰੰਥ ਜਿਵੇਂ ਕਿ ਰਮਾਇਣ, ਮਹਾਂਭਾਰਤ ਤੇ ਗੀਤਾ ਆਦਿ ਦੀ ਰਚਨਾ ਨਾਲ ਹੀ ਦੇਸੀ ਇਲਾਜ ਜਾਂ ਆਯੁਰਵੈਦਿਕ ਕਿਤਾਬਾਂ ਦੀਆਂ ਰਚਨਾਵਾਂ ਮਿਲਦੀਆਂ ਹਨ। ਆਧੁਨਿਕ ਸਮੇਂ ਐਲੋਪੈਥੀ ਜਾਂ ਅੰਗਰੇਜ਼ੀ ਇਲਾਜ ਤੇ ਦਵਾਈਆਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ ਪਰੰਤੂ ਦੇਸੀ ਇਲਾਜ ਵੀ ਆਪਣਾ ਸਿਰ ਕੱਢਵਾ ਪ੍ਰਭਾਵਸ਼ਾਲੀ ਸਥਾਨ ਕਾਇਮ ਰੱਖਣ ਵਿਚ ਸਫਲ ਹੋ ਰਿਹਾ ਹੈ। ਆਮ ਵੇਖਿਆ ਜਾਂਦਾ ਹੈ ਕਿ ਦੇਸੀ ਇਲਾਜ ਕਰਨ ਵਾਲੇ ਡਾਕਟਰ ਆਪਣੀਆਂ ਦਵਾਈਆਂ ਦਾ ਪ੍ਰਚਾਰ ਇਹ ਕਹਿ ਕੇ ਕਰਦੇ ਹਨ ਕਿ ਦੇਸੀ ਦਵਾਈਆਂ ਦਾ ਕੋਈ ਬੁਰਾ ਅਸਰ ਜਾਂ ਸਾਈਡ ਇਫੈਕਟ ਨਹੀਂ ਹੁੰਦਾ। ਇਹ ਦੇਸੀ ਦਵਾਈਆਂ ਫਾਇਦਾ ਹੀ ਫਾਇਦਾ ਕਰਦੀਆਂ ਹਨ। ਮਨੋਵਿਗਿਆਨ ਪ੍ਰਯੋਗਸ਼ਾਲਾ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਗੱਲ ਜਾਂ ਦਾਅਵਾ ਠੀਕ ਨਹੀਂ ਜਾਪਦਾ। ਸਾਡੇ ਵਿਚਾਰ ਅਨੁਸਾਰ ਜਦੋਂ ਅਸੀਂ ਖਾਣਾ ਖਾਂਦੇ ਹਾਂ ਜਿਸ ਵਿਚ ਰੋਟੀ, ਸਬਜ਼ੀ, ਦਾਲ, ਫ਼ਲ ਆਦਿ ਸ਼ਾਮਿਲ ਹੁੰਦੇ ਹਨ, ਪੇਟ ਵਿਚ ਜਾ ਕੇ ਸਾਰੇ ਹੀ ਇਕ ਥਾਂ ਇਕੱਠੇ ਹੋ ਜਾਂਦੇ ਹਨ। ਕੁਦਰਤੀ ਤੇ ਰਸਾਇਣਿਕ ਢੰਗਾਂ ਨਾਲ ਇਸ ਇਕੱਠੇ ਹੋਏ ਭੋਜਨ 'ਚੋਂ ਰਸਾਇਣਿਕ ਰਸ ਹੀ ਖ਼ੂਨ ਰਾਹੀਂ ਸਾਰੇ ਸਰੀਰ ਨੂੰ ਤਾਕਤ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਦੇਸੀ ਚੀਜ਼ ਕੋਈ ਵੀ ਨਹੀਂ ਰਹਿ ਜਾਂਦੀ, ਸਭ ਕੁਝ ਰਸਾਇਣਾਂ ਵਿਚ ਤਬਦੀਲ ਹੋ ਜਾਂਦਾ ਹੈ। ਵਧੇਰੇ ਮਾਤਰਾ 'ਚੋਂ ਅਦਰਕ, ਲਸਣ ਤੇ ਪਿਆਜ਼ ਆਦਿ ਦੇਸੀ ਚੀਜ਼ਾਂ ਦੀ ਵਰਤੋਂ ਹਾਨੀਕਾਰਕ ਹੁੰਦੀ ਹੈ। ਭੰਗ, ਅਫੀਮ ਤੇ ਡੋਡੇ ਆਦਿ ਵੀ ਦੇਸੀ ਚੀਜ਼ਾਂ ਹੀ ਹਨ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ-ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਹੱਲ
ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦਾ ਲਗਾਤਾਰ ਹੇਠਾਂ ਡਿਗ ਰਿਹਾ ਪੱਧਰ ਅੱਜ ਚਿੰਤਾ ਦਾ ਵਿਸ਼ਾ ਹੈ। ਇਸ ਦਾ ਹੱਲ ਲੱਭਣਾ ਸਾਡੀ ਜ਼ਿੰਮੇਵਾਰੀ ਹੈ, ਜਿਵੇਂ ਜੀ.ਟੀ. ਰੋਡ, ਅਸ਼ੋਕਾ ਰੋਡ, ਜਿਹੜੀਆਂ ਸੜਕਾਂ ਲੰਬੇ ਰੂਟਾਂ ਦੀਆਂ ਹਨ। ਉਨ੍ਹਾਂ ਸੜਕਾਂ ਦੇ ਨਾਲ-ਨਾਲ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਹਨ ਉਨ੍ਹਾਂ ਜ਼ਮੀਨਾਂ ਨੂੰ ਪੁੱਟ ਕੇ ਵੱਡੇ-ਵੱਡੇ ਤਲਾਬ ਜਾਂ ਛੱਪੜ ਬਣ ਸਕਦੇ ਹਨ, ਸੜਕਾਂ ਦੇ ਨਾਲ-ਨਾਲ ਦੋਨੋਂ ਪਾਸੇ ਪੱਕੇ ਖਾਲ਼ ਸੜਕਾਂ ਤੋਂ ਨੀਵੇਂ ਬਣਾਉਣੇ ਚਾਹੀਦੇ ਹਨ, ਜਦੋਂ ਬਾਰਿਸ਼ਾਂ ਹੋਣ ਤਾਂ ਸੜਕਾਂ ਦਾ ਪਾਣੀ ਇਨ੍ਹਾਂ ਖਾਲਾਂ ਰਾਹੀਂ ਇਨ੍ਹਾਂ ਤਲਾਬਾਂ ਜਾਂ ਛੱਪੜਾਂ ਵਿਚ ਇਕੱਠਾ ਹੋ ਜਾਣਾ ਚਾਹੀਦਾ ਹੈ। ਇਹ ਪਾਣੀ ਸਰਕਾਰੀ ਟਿਊਬਵੈੱਲਾਂ ਰਾਹੀਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਲਾਉਣਾ ਚਾਹੀਦਾ ਹੈ। 20 ਫ਼ੀਸਦੀ ਤੋਂ 50 ਫ਼ੀਸਦੀ ਇਹ ਪਾਣੀ ਫ਼ਸਲਾਂ ਲਈ ਪੂਰਤੀ ਕਰੇਗਾ, ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਲੋੜ ਹੈ।

-ਬੀ.ਐਸ. ਗਰੇਵਾਲ
ਵਾਈਟ ਵਿੰਗ, ਖਾਨਪੁਰ, ਮਾਲੇਰਕੋਟਲਾ।

ਵੀ.ਆਈ.ਪੀ. ਕਿਸਾਨ
ਇਕ ਪਾਸੇ ਤਾਂ ਕਿਸਾਨ ਹਰ ਵੇਲੇ ਸਰਕਾਰ ਨੂੰ ਕੋਸਦੇ ਨਹੀਂ ਥੱਕਦੇ ਕਿ ਸਰਕਾਰ ਵੀ.ਆਈ.ਪੀ. ਕਲਚਰ ਛੱਡ ਕਿਉਂ ਨਹੀਂ ਰਹੀ। ਸਰਕਾਰ ਨੇ ਤਾਂ ਆਪਣੇ ਪੱਧਰ 'ਤੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਵੀ.ਆਈ.ਪੀ. ਕਲਚਰ ਘਟਾ ਦਿੱਤਾ ਹੈ। ਪਰੰਤੂ ਆਪਣੇ ਆਪ ਨੂੰ ਗਰੀਬ ਤੇ ਸਾਦੇ ਅਖਵਾਉਣ ਵਾਲੇ ਕਾਫੀ ਸਾਰੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਉੱਪਰ ਵੱਡੇ-ਵੱਡੇ ਸਪੀਕਰ ਲਗਾਉਣ ਦੇ ਨਾਲ-ਨਾਲ ਲਾਲ/ਪੀਲੀਆਂ ਬੱਤੀਆਂ ਵੀ ਲਗਾਈਆਂ ਹੋਈਆਂ ਹਨ। ਜੋ ਕਿਸੇ ਵੀ.ਆਈ.ਪੀ. ਬਣਨ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਉੱਚੀ ਆਵਾਜ਼ ਵਿਚ ਸਪੀਕਰ ਸ਼ਰੇਆਮ ਵਜਾ ਕੇ ਆਮ ਲੋਕਾਂ ਦੇ ਨੱਕ ਵਿਚ ਦਮ ਕਰੀ ਰੱਖਦੇ ਹਨ। ਅਜਿਹਾ ਸਭ ਕੁਝ ਪੂਰੇ ਪੰਜਾਬ ਵਿਚ ਪ੍ਰਸ਼ਾਸਨ ਦੇ ਨੱਕ ਹੇਠ ਸ਼ਰੇਆਮ ਹੀ ਨਿੱਤ ਦਿਨ ਹੋ ਰਿਹਾ ਹੈ। ਪਰੰਤੂ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਟਰੈਕਟਰਾਂ 'ਤੇ ਲਾਲ/ਪੀਲੀਆਂ ਬੱਤੀਆਂ ਲਗਾਉਣ ਵਾਲੇ ਲੋਕਾਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ, ਚੰਗੇ ਨਾਗਰਿਕਾਂ ਨੂੰ ਸਕੂਨ ਦੀ ਜ਼ਿੰਦਗੀ ਜਿਊਣ ਦਾ ਹੱਕ ਜ਼ਰੂਰ ਦਿੱਤਾ ਜਾਵੇ।

-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)