ਹਥਿਆਰਾਂ ਸਮੇਤ 3 ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ, 27 ਜੂਨ-ਇਕ ਖੁਫੀਆ ਜਾਣਕਾਰੀ ਆਧਾਰਿਤ ਆਪਰੇਸ਼ਨ ਦੌਰਾਨ, ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC) ਮੋਹਾਲੀ ਵਲੋਂ ਪਾਕਿਸਤਾਨ ISI ਦੀ ਸਹਾਇਤਾ ਨਾਲ ਚੱਲ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇਕ ਮਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਯੂ.ਕੇ. ਆਧਾਰਿਤ ਨਿਸ਼ਾਨ ਸਿੰਘ ਅਤੇ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਵਲੋਂ ਚਲਾਇਆ ਜਾ ਰਿਹਾ ਸੀ। ਇਸ ਗਰੋਹ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ ਇਕ ਨਾਬਾਲਿਗ ਵੀ ਸ਼ਾਮਿਲ ਹੈ। ਇਹ ਸਮੂਹ ਅੰਮ੍ਰਿਤਸਰ ਇਲਾਕੇ ਵਿਚ ਪੁਲਿਸ ਠਿਕਾਣਿਆਂ 'ਤੇ ਹਮਲੇ ਅਤੇ ਹੱਤਿਆਵਾਂ ਦੀ ਸਾਜ਼ਿਸ਼ ਰਚ ਰਿਹਾ ਸੀ। ਆਪਰੇਸ਼ਨ ਦੌਰਾਨ ਦੋ ਹੈਂਡ ਗ੍ਰਨੇਡ, ਇਕ ਗਲੌਕ ਪਿਸਤੌਲ ਅਤੇ ਗੋਲਾ-ਬਾਰੂਦ ਬਰਾਮਦ ਹੋਇਆ। ਗ੍ਰਿਫ਼ਤਾਰ ਹੋਏ ਦੋ ਦੋਸ਼ੀਆਂ ਦੀ ਪਛਾਣ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਰਾਮਦਾਸ, ਅੰਮ੍ਰਿਤਸਰ ਰੂਰਲ ਦੇ ਨਿਵਾਸੀ ਹਨ। ਮਾਮਲੇ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਪੁਲਿਸ ਥਾਣਾ SSOC ਮੋਹਾਲੀ ਵਿਚ BNS ਅਤੇ Explosives Act ਦੀਆਂ ਸਬੰਧਤ ਧਾਰਾਵਾਂ ਅਧੀਨ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।