ਸੜਕ ਹਾਦਸੇ ’ਚ ਦੋ ਬੱਚਿਆਂ ਦੀ ਮੌਤ

ਮੰਡੀ ਲਾਧੂਕਾ, 27 ਜੂਨ (ਰਾਕੇਸ਼ ਛਾਬੜਾ)-ਐੱਫ.ਐੱਫ.ਰੋਡ ਉਤੇ ਪਿੰਡ ਝੁੱਗੇ ਗੁਲਾਬ ਸਿੰਘ ਕੋਲ ਇਨੋਵਾ ਐਕਟਿਵਾ ਦੀ ਟੱਕਰ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮੰਡੀ ਦੀ ਪੁਲਿਸ ਚੌਕੀ ਵਿਚ ਨਿਯੁਕਤ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਇਕ ਇਨੋਵਾ ਗੱਡੀ ਜੋ ਜਲਾਲਾਬਾਦ ਤੋਂ ਫ਼ਾਜ਼ਿਲਕਾ ਵੱਲ ਆ ਰਹੀ ਸੀ, ਐੱਫ.ਐੱਫ.ਰੋਡ ਉਤੇ ਸਥਿਤ ਪਿੰਡ ਝੁੱਗੇ ਗੁਲਾਬ ਕੋਲ ਇਕ ਐਕਟਿਵਾ ਨਾਲ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਸ਼ਾਂਤ ਪੁੱਤਰ ਸੰਦੀਪ ਕੁਮਾਰ ਅਤੇ ਸਰੂਪ ਸਿੰਘ ਪੁੱਤਰ ਰਾਜ ਸਿੰਘ ਦੋਵੇਂ ਵਾਸੀ ਪਿੰਡ ਝੁੱਗੇ ਗੁਲਾਬ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਹ ਦੋਵੇਂ ਲੜਕੇ ਮੰਡੀ ਲਾਧੂਕਾ ਦੇ ਬੱਸ ਅੱਡੇ ਤੋਂ ਕਟਿੰਗ ਕਰਵਾ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸਨ। ਇਸ ਹਾਦਸੇ ਵਿਚ ਐਕਟਿਵਾ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਸੜਕ ਹਾਦਸੇ ਵਿਚ ਅਚਾਨਕ ਹੋਈ ਬੱਚਿਆਂ ਦੀ ਮੌਤ ਕਾਰਨ ਪਿੰਡ ਅਤੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ।