27-06-2025
ਬਾਹਰੀ ਨਿਰੀਖਣ
ਬਾਹਰੀ-ਨਿਰੀਖਣ ਵਿਧੀ ਰਾਹੀਂ ਮਾਹਿਰ ਮਨੋਵਿਗਿਆਨੀਆਂ ਦੁਆਰਾ ਵਿਅਕਤੀ ਦੀਆਂ ਸਪੱਸ਼ਟ ਤੇ ਆਸਾਨੀ ਨਾਲ ਦਿਖਾਈ ਦੇਣ ਵਾਲੀਆਂ ਕਿਰਿਆਵਾਂ 'ਤੇ ਪ੍ਰਤੀਕਿਰਿਆਵਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵਿਅਕਤੀ ਦੇ ਸੰਪੂਰਨ ਵਿਵਹਾਰ ਨੂੰ ਧਿਆਨਪੂਰਵਕ ਜਾਂਚਿਆ ਜਾਂਦਾ ਹੈ। ਇਸ ਬਾਹਰੀ ਨਿਰੀਖਣ ਦੁਆਰਾ ਅਸਲ ਵਿਚ ਵਿਅਕਤੀ ਦੀ ਅੰਦਰੂਨੀ ਮਾਨਸਿਕ ਸਥਿਤੀ ਦਾ ਪਤਾ ਲਗਾਇਆ ਜਾਂਦਾ ਹੈ। ਵਿਵਹਾਰਵਾਦੀ ਮਨੋਵਿਗਿਆਨੀਆਂ ਦੁਆਰਾ ਇਸ ਵਿਧੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸ ਬਾਹਰੀ ਨਿਰੀਖਣ ਵਿਧੀ ਦੀ ਵਰਤੋਂ ਕਰਕੇ ਇਕੋ ਸਮੇਂ ਹੀ ਕਈ ਵਿਅਕਤੀਆਂ ਦੀਆਂ ਸਰੀਰਕ ਤੇ ਮਾਨਸਿਕ ਸਮਰੱਥਾਵਾਂ ਤੇ ਯੋਗਤਾਵਾਂ ਦਾ ਪਤਾ ਲਗਾਇਆ ਜਾਂਦਾ ਹੈ। ਵਿਅਕਤੀਆਂ ਦੇ ਸ਼ੌਕ ਤੇ ਰੁਚੀਆਂ ਨੂੰ ਇਸ ਵਿਧੀ ਨਾਲ ਵੇਖਿਆ ਜਾ ਸਕਦਾ ਹੈ। ਇਸ ਵਿਧੀ ਨਾਲ ਪ੍ਰਤਿਭਾਸ਼ਾਲੀ ਮੰਦ-ਬੁੱਧੀ ਤੇ ਸਰੀਰਕ ਰੂਪ ਵਿਚ ਵਿਕਲਾਂਕ ਵਿਅਕਤੀ ਦਾ ਸਧਾਰਨ ਵਿਅਕਤੀਆਂ ਨਾਲ ਤੁਲਨਾਤਮਿਕ ਅਧਿਐਨ ਕਰਨਾ ਸੰਭਵ ਹੁੰਦਾ ਹੈ। ਇਸ ਵਿਧੀ ਵਿਚ ਬਣਾਵਟੀ ਵਿਹਾਰ ਦੀ ਜਾਂਚ ਕਰਨ ਲਈ ਮਾਹਿਰ ਵਿਅਕਤੀ ਦੀ ਲੋੜ ਹੁੰਦੀ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ : ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)
ਸ਼ਰਤ ਕਿਉਂ ਨਹੀਂ ਲਗਾਈ?
ਸਹਿਕਾਰੀ ਖੰਡ ਮਿੱਲ ਪੰਜਾਬ ਵਲੋਂ 166 ਅਸਾਮੀਆਂ ਭਰਨ ਬਾਰੇ ਜਾਰੀ ਇਸ਼ਤਿਹਾਰ 'ਚ ਪੰਜਾਬੀ ਪਾਸ ਕੀਤੇ ਹੋਣ ਦੀ ਸ਼ਰਤ ਭਰਤੀ ਸਮੇਂ ਨਾ ਰੱਖਣਾ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਲੋਕਾਂ ਨਾਲ ਧੱਕੇ ਦੀ ਇਕ ਹੋਰ ਮਿਸਾਲ ਹੈ। ਇਸ ਨਾਲ ਬਹੁਤ ਸਾਰੇ ਗੈਰ ਪੰਜਾਬੀ ਇਨ੍ਹਾਂ ਅਸਾਮੀਆਂ 'ਤੇ ਕਾਬਜ਼ ਹੋ ਜਾਣਗੇ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜ਼ਫਰ ਵਲੋਂ ਐਮ.ਡੀ. ਨੂੰ ਲਿਖੇ ਪੱਤਰ 'ਤੇ ਅਮਲ ਹੋਣਾ ਚਾਹੀਦਾ ਹੈ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਅਜਿਹੇ ਐੱਮ.ਡੀ. ਖ਼ਿਲਾਫ਼ ਐਕਸ਼ਨ ਲੈਣਾ ਚਾਹੀਦਾ ਹੈ। ਜਿਸ ਵਲੋਂ ਪੰਜਾਬੀ ਪੜ੍ਹੇ ਹੋਣ ਦੀ ਸ਼ਰਤ ਨੂੰ ਨਰਮ ਕਰਦਿਆਂ ਪ੍ਰੋਬੇਸ਼ਨ ਦੌਰਾਨ ਮੁਕੰਮਲ ਕਰਨ ਦੀ ਛੋਟ ਦਿੱਤੀ ਗਈ ਹੈ।
-ਲੈਕਚਰਾਰ ਅਜੀਤ ਖੰਨਾ
ਐਮ.ਏ., ਐਮ.ਫਿਲ, ਐਮ.ਜੀ.ਐਮ.ਸੀ.ਬੀ.ਐੱਡ)
ਝੂਠੀਆਂ ਖ਼ਬਰਾਂ
ਟੈਲੀਵਿਜ਼ਨ 'ਤੇ ਬੋਲਿਆ ਇਕ-ਇਕ ਸ਼ਬਦ ਸਰੋਤਿਆਂ ਨੂੰ ਨਵੀਂ ਰੂਹ ਦਿੰਦਾ ਹੈ ਪਰ ਬਾਅਦ ਵਿਚ ਜੇ ਇਹ ਸ਼ਬਦ ਝੂਠੇ ਸਾਬਤ ਹੋ ਜਾਣ ਤਾਂ ਭਰੋਸੇਯੋਗਤਾ ਖੇਰੂੰ-ਖੇਰੂੰ ਹੋ ਜਾਂਦੀ ਹੈ। ਝੂਠੀਆਂ ਖਬਰਾਂ, ਪ੍ਰਸਾਰਨ ਅਤੇ ਪ੍ਰਸਾਰਿਤ ਕਰਨ ਵੱਲ ਬਹੁਤ ਪਹਿਲੇ ਧਿਆਨ ਦੇਣਾ ਬਣਦਾ ਸੀ ਤਾਂ ਕਿ ਲੋਕਤੰਤਰ ਦੇ ਥੰਮ੍ਹ ਨੂੰ ਸਚਾਈ ਪੇਸ਼ ਕਰਨ ਲਈ ਪਾਬੰਦ ਹੋਣਾ ਪੈਂਦਾ। ਅੱਜ ਸੰਵੇਦਨਸ਼ੀਲ ਸਮੇਂ ਅਤੇ ਮੁੱਦੇ ਤੇ ਕਿਤੇ-ਕਿਤੇ ਜੋ ਦੇਸ਼ ਵਾਸੀਆਂ ਨੂੰ ਪਰੋਸ ਕੇ ਦਿੱਤਾ ਜਾਂਦਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹੁਣੇ ਦੋਵਾਂ ਦੇਸ਼ਾਂ ਦੇ ਤਣਾਓ ਦੌਰਾਨ ਇਹ ਵਰਤਾਰਾ ਦੇਖਣ ਨੂੰ ਮਿਲਿਆ। ਸੀ.ਡੀ.ਐਸ. ਵਰਗੇ ਅਹੁਦੇ ਜੋ ਤਿੰਨਾਂ ਸੈਨਾਵਾਂ ਦਾ ਮੁਖੀ ਹੈ, ਦਾ 15 ਫ਼ੀਸਦੀ ਸਮਾਂ ਇਸੇ ਦਾ ਨਿਤਾਰਾ ਕਰਨ ਵਿਚ ਅਜਾਈਂ ਚਲਾ ਗਿਆ। ਹਾਂ ਇਕ ਗੱਲ ਜ਼ਰੂਰ ਹੈ ਕਿ ਹਰ ਸਮੇਂ ਨਿਡਰਤਾ ਨਾਲ ਸਚਾਈ ਪੇਸ਼ ਕੀਤੀ ਜਾਣੀ ਪ੍ਰੈੱਸ ਦਾ ਮੁੱਢਲਾ ਫਰਜ਼ ਹੈ। ਇਸ ਨਾਲ ਤਸੱਲੀ ਹੁੰਦੀ ਹੈ। ਹੁਣ ਸਾਬਕਾ ਆਈ.ਏ.ਐਸ. ਅਧਿਕਾਰੀ ਅਮਿਤਾਬ ਠਾਕਰ ਨੇ ਇਕ ਐਂਕਰ ਦੀ ਸ਼ਿਕਾਇਤ ਕੀਤੀ ਹੈ ਇਸ ਨਾਲ ਮੀਡੀਆ ਸੋਚਣ ਲਈ ਮਜਬੂਰ ਜ਼ਰੂਰ ਹੋਵੇਗਾ। ਇਸ ਝੂਠ ਮੂਠ ਨੂੰ ਰੋਕਣ ਲਈ ਲੋਕ ਅੱਗੇ ਆਉਣੇ ਸ਼ੁਰੂ ਹੋ ਗਏ ਹਨ। ਮੀਡੀਆ ਨੂੰ ਇਸ ਵਰਤਾਰੇ ਨੇ ਤਰਕਸੰਗਤ ਢੰਗ ਨਾਲ ਚੁਣੌਤੀ ਦੇਣ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਲਾਗੂ ਰਹਿਣ ਨਾਲ ਮੀਡੀਏ ਤੇ ਭਰੋਸੇਯੋਗਤਾ ਬਹਾਲ ਹੋਵੇਗੀ। ਪ੍ਰੈੱਸ ਦਾ ਕੰਮ ਸੱਚ ਲੋਕਾਂ ਸਾਹਮਣੇ ਰੱਖਣਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਖ਼ੁਸ਼ੀਆਂ ਖੋਹ ਲੈਂਦਾ ਜ਼ਿਆਦਾ ਸੋਚਣਾ
ਸਾਨੂੰ ਜ਼ਿੰਦਗੀ ਇਕ ਵਾਰ ਮਿਲਦੀ ਹੈ, ਫਿਰ ਕਿਉਂ ਨਾ ਇਸ ਨੂੰ ਆਪਣੀ ਪਸੰਦ ਨਾਲ ਜਿਊਣ ਦੀ ਕੋਸ਼ਿਸ਼ ਕਰੀਏ। ਜ਼ਿਆਦਾ ਸੋਚਣਾ ਸਾਨੂੰ ਚਿੰਤਾਵਾਂ ਵੱਲ ਲੈ ਜਾਂਦਾ ਹੈ ਤੇ ਸਾਡੀਆਂ ਖੁਸ਼ੀਆਂ ਖੋਹ ਲੈਂਦਾ ਹੈ। ਸਾਡੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ, ਜੋ ਅੱਗੇ ਜਾ ਕੇ ਸਿਰਦਰਦ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਜਿਹੀਆਂ ਬਿਮਾਰੀਆਂ ਦਾ ਰੂਪਧਾਰ ਲੈਂਦੀ ਹੈ। ਕਿਸੇ ਵੀ ਸਮੱਸਿਆ ਬਾਰੇ ਸੋਚਣ ਦੀ ਬਜਾਏ ਇਸ ਦਾ ਹੱਲ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਸੋਚਣਾ ਤਣਾਅ ਨੂੰ ਵਧਾਉਂਦਾ ਹੈ। ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੇ ਅੰਦਰ ਹੀ ਹੈ, ਜੇਕਰ ਅਸੀਂ ਸਾਕਾਰਾਤਮਿਕ ਸੋਚੀਏ ਤਾਂ ਵੱਡੀ ਸਮੱਸਿਆ ਵੀ ਛੋਟੀ ਲਗਦੀ ਹੈ।
-ਲਵਪ੍ਰੀਤ ਕੌਰ
ਚੰਗਾ ਸਮਾਜ ਬਣਾਉਣ ਦੀ ਸਾਂਝੀ ਕੋਸ਼ਿਸ਼
ਸਮਾਜ ਇਕ ਐਸਾ ਢਾਂਚਾ ਹੈ ਜੋ ਸਾਰੇ ਵਿਅਕਤੀਆਂ ਦੀ ਸਾਂਝੀ ਜ਼ਿੰਮੇਵਾਰੀ ਅਤੇ ਯੋਗਦਾਨ ਨਾਲ ਤਿਆਰ ਹੁੰਦਾ ਹੈ। ਅਸੀਂ ਅਕਸਰ ਇਹ ਸੋਚਦੇ ਹਾਂ ਕਿ ਸਮਾਜ ਸਾਡੇ ਲਈ ਕੀ ਕਰਦਾ ਹੈ, ਪਰ ਸੱਚਾ ਨਾਗਰਿਕ ਹੋਣ ਦੇ ਨਾਤੇ ਇਹ ਸੋਚਣਾ ਵੀ ਜ਼ਰੂਰੀ ਹੈ ਕਿ ਅਸੀਂ ਸਮਾਜ ਲਈ ਕੀ ਕਰ ਸਕਦੇ ਹਾਂ। ਅਸੀਂ ਆਪਣੀ ਜ਼ਿੰਦਗੀ ਵਿਚ ਇਮਾਨਦਾਰੀ, ਸਚਾਈ ਅਤੇ ਨੈਤਿਕਤਾ ਨੂੰ ਅਪਣਾ ਕੇ ਸਮਾਜ ਨੂੰ ਹੋਰ ਚੰਗਾ ਬਣਾ ਸਕਦੇ ਹਾਂ। ਜਦੋਂ ਇਕ ਵਿਅਕਤੀ ਠੀਕ ਰਸਤੇ 'ਤੇ ਚਲਦਾ ਹੈ, ਤਾਂ ਉਹ ਹੋਰਾਂ ਲਈ ਵੀ ਪ੍ਰੇਰਣਾ ਬਣ ਜਾਂਦਾ ਹੈ। ਜੇਕਰ ਅਸੀਂ ਪੜ੍ਹੇ-ਲਿਖੇ ਹਾਂ, ਤਾਂ ਸਾਨੂੰ ਅਨਪੜ੍ਹ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਸਮਾਜ ਵਿਚ ਮਾਨਵਤਾ, ਪਿਆਰ ਅਤੇ ਸਹਿਯੋਗ ਫੈਲਾ ਸਕਦੇ ਹਾਂ।
-ਮੰਜੂ ਰਾਇਕਾ, ਸੰਗਰੂਰ।
ਮੌਤ ਨਹੀਂ ਟਲਦੀ
ਪਿਛਲੇ ਦਿਨੀਂ ਅਹਿਮਦਾਬਾਦ ਵਿਖੇ ਲੰਡਨ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਕਰੈਸ਼ ਹੋਣ ਦੀ ਦੁੱਖਦਾਈ ਘਟਨਾ ਵਾਪਰੀ। ਜਹਾਜ਼ ਵਿਚ 12 ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਇਸ ਹਾਦਸੇ ਵਿਚ ਸਿਰਫ਼ ਇਕ ਯਾਤਰੀ ਬਚ ਸਕਿਆ ਹੈ। ਇਸ ਦੁਖਦਾਈ ਹਾਦਸੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਪਤਾ ਨਹੀਂ ਕਿਸ ਵੇਲੇ ਕਿੱਥੇ ਕੀ ਵਾਪਰ ਜਾਵੇ? ਜਨਮ-ਮਰਨ ਦਾ ਗੇੜ ਮਨੁੱਖ ਦੇ ਹੱਥ ਵਿਚ ਨਹੀਂ ਹੈ। ਮੌਤ ਇਕ ਅਟੱਲ ਸੱਚਾਈ ਹੈ। ਇਸ ਤੋਂ ਮਨੁੱਖ ਭੱਜ ਨਹੀਂ ਸਕਦਾ। ਮੌਤ ਦਾ ਸਮਾਂ ਅਤੇ ਸਥਾਨ ਨਿਸਚਿਤ ਹੈ। ਖ਼ੁਸ਼ੀ-ਖ਼ੁਸ਼ੀ ਕਈ ਸੁਫ਼ਨੇ ਸਿਰਜ ਕੇ ਲੰਡਨ ਵੱਲ ਜਾ ਰਹੇ ਮੌਤ ਤੋਂ ਅਣਜਾਣ ਯਾਤਰੂ ਇਹ ਨਹੀਂ ਸਨ ਜਾਣਦੇ ਕਿ ਇਹ ਉਨ੍ਹਾਂ ਦਾ ਆਖ਼ਰੀ ਸਫ਼ਰ ਸੀ। 241 ਯਾਤਰੂ ਤਾਂ ਜਾਨ ਤੋਂ ਆਪਣੇ ਹੱਥ ਧੋ ਬੈਠੇ ਜਦਕਿ ਇਕ ਯਾਤਰੀ ਜਿਸ ਦਾ ਅਜੇ ਜ਼ਿੰਦਗੀ ਦਾ ਸਫ਼ਰ ਬਾਕੀ ਸੀ ਉਸ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਅ ਲਿਆ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਕੈਨੇਡਾ ਤੇ ਭਾਰਤ 'ਚ ਸੁਖਾਵੇਂ ਸੰਬੰਧ ਜ਼ਰੂਰੀ
ਭਾਰਤ ਤੇ ਕੈਨੇਡਾ 'ਚ ਪਿਛਲੇ ਕੁਝ ਸਮੇਂ ਦੌਰਾਨ ਆਪਸੀ ਸੰਬੰਧ ਸੁਖਾਵੇਂ ਨਹੀਂ ਸਨ, ਭਾਵ ਖ਼ਰਾਬ ਹੋਣ ਲੱਗ ਪਏ ਸਨ ਤੇ ਦੋਹਾਂ ਦੇਸ਼ਾਂ ਨੇ ਆਪੋ-ਆਪਣੇ ਸਫ਼ੀਰ ਵੀ ਵਾਪਸ ਬੁਲਾ ਲਏ ਸਨ। ਜਿਸ ਨਾਲ ਕੈਨੇਡਾ 'ਚ ਰਹਿੰਦੇ 30 ਲੱਖ ਤੋਂ ਵਧੇਰੇ ਭਾਰਤੀਆਂ 'ਤੇ ਅਸਰ ਪੈਣਾ ਸੁਭਾਵਿਕ ਸੀ। ਪਰ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਹੁਦਾ ਸੰਭਾਲਣ ਮਗਰੋਂ ਦੋਹਾਂ ਦੇਸ਼ਾਂ 'ਚ ਆਪਸੀ ਸੰਬੰਧ ਮੁੜ ਸੁਖਾਵੇਂ ਹੋਣ ਲੱਗੇ ਹਨ ਜਿਸ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ।
-ਅਜੀਤ ਖੰਨਾ
ਸਾਬਕਾ ਅਧਿਆਪਕ ਆਗੂ ਪੀ.ਪੀ.ਟੀ.ਯੂ., (ਪੰਜਾਬ)।