JALANDHAR WEATHER

ਤਹਿਸੀਲਦਾਰ ਤੇ ਹੋਰ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਨੌਜਵਾਨ ਦੀ ਜ਼ਮੀਨ 'ਚੋਂ ਕੱਢੀ ਲਾਸ਼

ਬਟਾਲਾ, 7 ਜੂਨ (ਹਰਦੇਵ ਸਿੰਘ ਸੰਧੂ)-ਬਟਾਲਾ ਦੇ ਮੁਹੱਲਾ ਗੋਬਿੰਦ ਨਗਰ ਵਿਚ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜੋ ਇਕ ਨੌਜਵਾਨ ਦਾ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕਤਲ ਕਰਕੇ ਲਾਸ਼ ਆਪਣੇ ਘਰ ਅੰਦਰ ਜ਼ਮੀਨ ’ਚ ਦੱਬ ਦਿੱਤੀ ਸੀ। ਇਸ ਮਾਮਲੇ ਸਬੰਧੀ ਉਕਤ ਨੌਜਵਾਨ ਸਾਹਿਲ ਮੱਟੂ (17) ਦੀ ਮਾਤਾ ਬੇਵੀ ਨੇ ਦੱਸਿਆ ਕਿ ਮੇਰਾ ਪੁੱਤਰ ਕਰੀਬ 6 ਦਿਨ ਪਹਿਲਾਂ ਘਰੋਂ ਕਿਸੇ ਕੰਮ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ। ਅਸੀਂ ਉਸ ਦੀ ਭਾਲ ਕਰਦੇ ਰਹੇ। ਭਾਲ ਕਰਦੇ-ਕਰਦੇ ਅਸੀਂ ਉਸ ਦੀ ਪ੍ਰੇਮਿਕਾ ਦੇ ਘਰ ਪਹੁੰਚੇ ਤਾਂ ਘਰ ਅੰਦਰੋਂ ਬਦਬੂ ਆਉਣ ਕਾਰਨ ਅਸੀਂ ਪੁਲਿਸ ਨੂੰ ਸੂਚਿਤ ਕੀਤਾ। ਉਚ ਪੁਲਿਸ ਅਧਿਕਾਰੀ ਤੇ ਤਹਿਸੀਲਦਾਰ ਮੌਕੇ ’ਤੇ ਪਹੁੰਚੇ ਤੇ ਘਰ ਨੂੰ ਲੱਗਾ ਤਾਲਾ ਤੋੜ ਕੇ ਜਦੋਂ ਘਰ ਅੰਦਰ ਦਾਖ਼ਲ ਹੋਏ ਤਾਂ ਘਰ ਦੇ ਇਕ ਕਮਰੇ ਅੰਦਰ ਜ਼ਮੀਨ ਹੇਠ ਕੁਝ ਦੱਬਿਆ ਹੋਇਆ ਦਿਖਾਈ ਦਿੱਤਾ, ਜਿਸ ਨੂੰ ਤਹਿਸੀਲਦਾਰ ਦੀ ਹਾਜ਼ਰੀ ਵਿਚ ਉਸ ਜਗ੍ਹਾ ਨੂੰ ਪੁੱਟਿਆ, ਜਿਸ ਵਿਚ ਘਰੋਂ ਗਾਇਬ ਹੋਏ ਨੌਜਵਾਨ ਦੀ ਬਦਬੂ ਮਾਰਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਪੁਲਿਸ ਵਲੋਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਨੌਜਵਾਨ ਦੇ ਦਾਦਾ ਯੂਨਸ ਮਸੀਹ ਨੇ ਦੱਸਿਆ ਕਿ ਸਾਹਿਲ ਐਤਵਾਰ ਤੋਂ ਘਰੋਂ ਗਾਇਬ ਸੀ, ਜਿਸ ਨੂੰ ਅਸੀਂ ਲੱਭ ਰਹੇ ਸੀ ਪਰ ਅੱਜ ਸਾਹਿਲ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰੋਂ ਦੱਬੀ ਹੋਈ ਮਿਲੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਾਹਿਲ ਨੂੰ ਕਤਲ ਕਰਕੇ ਜ਼ਮੀਨ ਵਿਚ ਦੱਬਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਡੀ.ਐੱਸ.ਪੀ. ਪਰਮਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਸਾਹਿਲ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਦੇ ਆਧਾਰ ’ਤੇ ਦੱਸਿਆ ਕਿ ਸਾਡੇ ਪੁੱਤਰ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰ ਵਿਚ ਪਈ ਹੈ ਕਿਉਂਕਿ ਘਰ ਦਾ ਗੇਟ ਬੰਦ ਤੇ ਅੰਦਰੋਂ ਬਦਬੂ ਆ ਰਹੀ ਸੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ, ਉਸ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀ.ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 3 ਵਿਅਕਤੀਆਂ ਉਪਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ