08-06-2025
ਗੁਰਮਤਿ ਸੰਗੀਤ ਦੇ ਪਿਤਾਮਾ
ਭਾਈ ਮਰਦਾਨਾ ਜੀ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98552-28224
ਜੀਵਨੀ, ਸਵੈਜੀਵਨੀ, ਮਹਾਂਕਾਵਿ, ਖੰਡ ਕਾਵਿ, ਅਖੰਡ ਕਾਵਿ ਪੰਜਾਬੀ ਸਾਹਿਤ ਦੀਆਂ ਇਹ ਵਿਧਾਵਾਂ ਸਹਿਤਕ ਖੇਤਰ ਵਿਚ ਉੱਚੇ ਮਿਆਰ ਦੀਆਂ ਹਨ। ਇਨ੍ਹਾਂ ਵਿਧਾਵਾਂ ਅੰਦਰ ਜੀਵਨ ਅਤੇ ਗਿਆਨ ਦਾ ਪੂਰਨ ਸੁਮੇਲ ਹੁੰਦਾ ਹੈ। ਜਿੱਥੋਂ ਤੱਕ ਇਨ੍ਹਾਂ ਵਿਧਾਵਾਂ ਬਾਰੇ ਕਿਹਾ ਜਾਂਦਾ ਹੈ ਕਿਸੇ ਵੀ ਵਿਅਕਤੀ ਦੀ ਜੀਵਨ ਕਥਾ ਨੂੰ ਉਸ ਦੇ ਸਾਰਥਿਕ ਅਤੇ ਗਿਆਨ ਰੂਪੀ ਤੱਥਾਂ ਸਹਿਤ ਕੋਈ ਹੋਰ ਲੇਖਕ ਲਿਖਦਾ ਹੈ। ਲੇਖਕ ਨੇ ਇਸ ਕਿਤਾਬ ਨੂੰ 16 ਸਿਰਲੇਖਾਂ ਹੇਠ ਵੰਡਿਆ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੀ 'ਜਾਗੋ' ਨੂੰ ਸੰਗੀਤ-ਸੁਰ ਦੇਣ ਵਾਲਾ ਰਬਾਬੀ ਮਰਦਾਨਾ, ਗੁਰਮਤਿ ਸੰਗੀਤ ਦੇ ਪਿਤਾਮਾ ਭਾਈ ਮਰਦਾਨਾ ਜੀ, ਘਾਲਣਾ ਨੂੰ ਸਿਜਦਾ, ਲੇਖਕ ਵਲੋਂ ਕੁਝ ਸ਼ਬਦ, ਸੰਗੀਤ ਦੀ ਉਤਪਤੀ ਅਤੇ ਭਾਈ ਮਰਦਾਨਾ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ, ਮੰਗਲਾ ਚਰਣ, ਭਾਈ ਮਰਦਾਨਾ ਜੀ ਦਾ ਜੀਵਨ ਵੇਰਵਾ, ਭਾਈ ਮਰਦਾਨਾ ਜੀ ਦੀ ਬੰਸਾਵਲੀ, ਭਾਈ ਮਰਦਾਨਾ ਜੀ ਦੀ ਜੀਵਨੀ, ਕਲਾ ਅਤੇ ਸੰਗੀਤ ਦਾ ਵਗਦਾ ਦਰਿਆ-ਭਾਈ ਫਿਰੰਦਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀਆਂ ਉਦਾਸੀਆਂ, ਭਾਈ ਮਰਦਾਨਾ ਜੀ ਅੱਜ ਦੇ ਰਬਾਬੀ ਤੇ ਸਿੱਖੀ, ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਆਪਸੀ ਪਿਆਰ, ਸੰਗੀਤ ਅਤੇ ਗਾਇਕੀ ਦੇ ਘਰਾਣਿਆਂ ਦੇ ਮੋਢੀ-ਸੁਆਮੀ ਹਰੀ ਦਾਸ ਜੀ, ਮਿਰਾਸੀ ਭੱਟ ਤੇ ਭਾਟ ਇਕੋ ਹੀ ਕਿੱਤਾ ਕਰਦੇ ਹਨ, ਅਤੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਦਰਜ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੀ 'ਜਾਗੋ' ਸੰਗੀਤ-ਸੁਰ ਦੇਣ ਵਾਲਾ ਰਬਾਬੀ ਮਰਦਾਨਾ ਦਾ ਜਨਮ ਰਾਏ ਭੋਇ ਦੀ ਤਲਵੰਡੀ ਵਿਖੇ ਜਨਾਬ ਬਦਰਾ ਜੀ ਦੇ ਘਰ ਮਾਤਾ ਲੱਖੋ ਜੀ ਦੀ ਕੁੱਖੋਂ 6 ਫਰਵਰੀ, 1459 ਈ. ਨੂੰ ਹੋਇਆ। ਘਰ ਵਿਚ ਹੀ ਸੰਗੀਤ ਹੋਣ ਕਾਰਨ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਪੈ ਗਿਆ। ਪਹਿਲੀ ਸੰਗੀਤ ਅਤੇ ਗਾਇਕੀ ਦੀ ਸਿੱਖਿਆ ਆਪਣੇ ਪਿਤਾ ਜੀ ਤੋਂ ਲਈ, ਫਿਰ ਰਸਮੀ ਤੌਰ 'ਤੇ ਸੰਗੀਤ ਅਤੇ ਗਾਇਕੀ ਦੀ ਸਿੱਖਿਆ ਭਾਈ ਇੰਦਰਸੈਨ ਉਰਫ਼ ਭਾਈ ਫਿਰੰਦਾ ਜੀ ਤੋਂ ਲਈ। ਫਿਰੰਦਾ ਜੀ ਪਿੰਡ ਭੈਰੋਆਣਾ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਘਟਾਉੜਾ ਗੋਤ ਧੀਮਾਨ ਜਾਤ ਦੇ ਤਰਖਾਣ ਸਨ। ਰਬਾਬ ਬਣਾਉਣ ਅਤੇ ਵਜਾਉਣ ਦੇ ਧਨੀ ਸਨ ਇਨ੍ਹਾਂ ਤੋਂ ਮਰਦਾਨਾ ਜੀ ਨੇ ਇਨ੍ਹਾਂ ਨਾਲ ਉਸਤਾਦੀ ਸ਼ਗਿਰਦੀ ਕਰਕੇ ਰਬਾਬ ਵਜਾਉਣ ਦੀ ਸਿੱਖਿਆ ਲਈ। ਮਰਦਾਨਾ ਜੀ ਦੀ ਸ਼ਾਦੀ ਬੀਬੀ ਅੱਲਾ ਰੱਖੀ ਉਰਫ਼ ਬੀਬੀ ਨਜ਼ੀਰਾਂ ਨਾਲ ਹੋਈ। ਉਨ੍ਹਾਂ ਦੀ ਔਲਾਦ ਦੋ ਲੜਕੇ ਰਜ਼ਾਦਾ, ਸਜ਼ਾਦਾ ਅਤੇ ਇੱਕ ਬੇਟੀ ਕਾਕੋ ਉਰਫ਼ ਕਾਕੀ ਸੀ। ਉਹ ਗੁਰੂ ਨਾਨਕ ਦੇਵ ਜੀ ਨਾਲ ਚਾਰ ਉਦਾਸੀਆਂ ਸਮੇਤ 54 ਸਾਲ ਰਹੇ। ਜਦੋਂ ਚੌਥੀ ਉਦਾਸੀ ਤੋਂ ਅਫ਼ਗਾਨਿਸਤਾਨ ਰਾਹੀਂ ਵਾਪਸ ਆ ਰਹੇ ਸੀ ਤਾਂ ਕੁਰਮ (ਖੁਰਮ) ਸ਼ਹਿਰ ਦੇ ਕੋਲ ਦਰਿਆ ਦੇ ਕੰਢੇ ਮਰਦਾਨਾ ਜੀ 12 ਨਵੰਬਰ, 1534 ਈ. ਨੂੰ ਸਰੀਰ ਤਿਆਗ ਗਏ। ਗੁਰੂ ਨਾਨਕ ਦੇਵ ਜੀ ਨੇ ਸਰੀਰ ਅਗਨੀ ਭੇਟ ਕਰਕੇ ਓਥੇ ਹੀ ਦਰਿਆ ਵਿਚ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ। ਮਰਦਾਨਾ ਜੀ ਨੇ 75 ਸਾਲ 9 ਮਹੀਨੇ 6 ਦਿਨ ਕੁੱਲ ਉਮਰ ਭੋਗੀ।
ਭਾਰਤੀ ਸੰਗੀਤ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚੱਲਤ ਹਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਵੇਦਾਂ ਦੇ ਰਚਨਹਾਰੇ ਬ੍ਰਹਮਾਜੀ ਦੀ ਤਾੜੀ ਤੋਂ ਉਤਪੰਨ ਹੋਇਆ। ਅੱਗੋਂ ਇਹ ਸ਼ਿਵ, ਸਰਸਵਤੀ, ਨਾਰਦ, ਅਪੱਛਰਾਂ, ਗੰਧਰਵਾਂ, ਕਿੰਨਰਾਂ ਰਾਹੀਂ ਵਾਲਮੀਕਿ ਜੀ ਨੂੰ ਗਿਆਨ ਹੋਇਆ। ਵਿਦਵਾਨਾਂ ਦਾ ਮੱਤ ਹੈ ਰਾਗ ਭੈਰਵੀ, ਹਿੰਡੋਲ, ਮਾਲਕੌਸ, ਦੀਪਕ ਅਤੇ ਸਿਰੀ ਰਾਗ ਸ਼ਿਵ ਨੇ ਬਣਾਏ ਅਤੇ ਛੇਵਾਂ ਰਾਗ ਮੇਘ ਪਾਰਬਤੀ ਨੇ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਛੇ ਰਾਗਾਂ ਦਾ ਪ੍ਰਵਾਰ ਦਰਜ ਹੈ।
ਸੰਗੀਤ ਦੀਆਂ ਸੁਰਾਂ ਦੇ ਪੈਦਾ ਹੋਣ ਬਾਰੇ ਇਕ ਮਿੱਥ ਏਦਾਂ ਪ੍ਰਚੱਲਤ ਹੈ। ਮੌਸੀਕਰ ਨਾਂਅ ਦਾ ਪੰਛੀ ਕਾਕੇਸ਼ੀਆ ਦੇ ਪਰਬਤਾਂ ਵਿਚ ਰਹਿੰਦਾ ਹੈ। ਜਿਸ ਦੀ ਚੁੰਝ ਉੱਤੇ ਸੱਤ ਛੇਕ ਹਨ ਉੱਪਰ ਤੋਂ ਥਲੇ ਤੱਕ ਇਹ ਚੁੰਝ ਸੁਰ ਲਹਿਰਾਂ ਪੈਦਾ ਕਰਦੀ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਦੇਖ ਕੇ ਸੁਰ-ਸਪਤਕ ਤਿਆਰ ਕੀਤਾ ਗਿਆ ਹੈ। ਇਸ ਕਰਕੇ ਇਸ ਨੂੰ ਮੌਸਿਕੀ (ਮਿਊਜ਼ਿਕ) ਕਿਹਾ ਜਾਂਦਾ ਹੈ। ਸਰਗਮ ਇਸੇ ਚੁੰਝ 'ਚੋਂ ਪੈਦਾ ਹੋਈ ਹੈ । ਲੇਖਕ ਨੂੰ ਲਗਦਾ ਕਿ ਇਹ ਸੱਚ ਹੈ। ਦੂਜਾ ਮੱਤ ਹੈ ਕਿ ਸੁਰਾਂ ਦੀ ਉਤਪਤੀ ਪਸ਼ੂ-ਪੰਛੀਆਂ ਦੀਆਂ ਅਵਾਜ਼ਾਂ ਤੋਂ ਪੈਦਾ ਹੋਈ ਹੈ। ਐਰਾਵਤ ਹਾਥੀ ਤੋਂ, ਮੋਰ ਤੋਂ ਸ਼ੜਜ, ਰਿਖਭਾ ਬੱਕਰੇ ਤੋਂ, ਗੰਧਰਭ ਕਾਂ ਤੋਂ, ਮਧਮ ਕੋਇਲ ਤੋਂ, ਪੰਚਮ ਡੱਡੂ ਤੋਂ ਲਏ ਗਏ ਹਨ। ਲੇਖਕ ਅਨੁਸਾਰ ਇਸ ਖੋਜ ਤੋਂ ਪਤਾ ਲਗਦਾ ਹੈ ਕਿ ਸਾ, ਰੇ, ਗਾ, ਮਾ, ਪਾ, ਧਾ, ਨੀ, ਦੇ ਸੱਤ ਸੁਰ ਇਨ੍ਹਾਂ ਪਸ਼ੂਆਂ-ਪੰਛੀਆਂ ਦੀਆਂ ਆਵਾਜ਼ਾਂ ਤੋਂ ਹੀ ਬਣਾਏ ਗਏ ਹਨ। ਪੀੜ੍ਹੀ-ਦਰ-ਪੀੜ੍ਹੀ ਇਹ ਸੁਰ ਇੰਦਰਸੈਨ ਉਰਫ਼ ਫਿਰੰਦਾ, ਗੁਰੂ ਨਾਨਕ ਦੇਵ ਜੀ ਦੇ ਰਬਾਬੀ ਮਰਦਾਨਾ ਜੀ ਕੋਲ ਆਏ। ਫੇਰ ਬੈਜੂ ਬਾਬਰਾ, ਤਾਨਸੈਨ ਮਾਈ ਬੰਨੋ ਜੀ, ਗੋਪਾਲ ਲਾਲ ਕੋਲ ਆਏ। ਇਨ੍ਹਾਂ 'ਚੋਂ ਹੀ ਗਾਇਕੀ ਦੇ ਗਵਾਲੀਅਰ ਘਰਾਣਾ, ਆਗਰਾ ਘਰਾਣਾ, ਬਨਾਰਸ ਘਰਾਣਾ, ਫਰੂਖਾਬਾਦ ਘਰਾਣਾ, ਸ਼ਾਮ ਚੁਰਾਸੀ ਘਰਾਣਾ, ਢਾਕਾ ਘਰਾਣਾ, ਗਯਾ ਘਰਾਣਾ, ਵਾਰਾਨਸੀ ਘਰਾਣਾ, ਸੋਹਦੀਆਂ ਘਰਾਣਾ, ਪੁਖਵਾਜ਼ ਘਰਾਣਾ, ਕਵਾਲ ਘਰਾਣਾ, ਮੇਵਾੜੀ ਘਰਾਣਾ, ਰਾਮਪੁਰ ਘਰਾਣਾ, ਪਟਿਆਲਾ ਘਰਾਣਾ, ਦਿੱਲੀ ਘਰਾਣਾ, ਲਖਨਊ ਘਰਾਣਾ, ਜੈਪੁਰ ਘਰਾਣਾ, ਪੰਜਾਬ ਘਰਾਣਾ, ਉਦੈਪੁਰ ਘਰਾਣਾ, ਕਪੂਰਥਲਾ ਘਰਾਣਾ, ਤਲਵੰਡੀ ਘਰਾਣਾ, ਹਰਿਆਣਾ ਘਰਾਣਾ, ਹੁਸ਼ਿਆਰਪੁਰ ਘਰਾਣਾ, ਭਿੰਡੀ ਘਰਾਣਾ, ਜਵੱਦੀ ਟਕਸਾਲ, ਹਰਗਣਾ ਟਕਸਾਲ, ਦਾਉਧਰ ਟਕਸਾਲ, ਦਮਦਮੀ ਟਕਸਾਲ, ਮਸਤੂਆਣਾ ਟਕਸਾਲ ਆਦਿ ਟਕਸਾਲਾਂ, ਘਰਾਣੇ ਹੋਂਦ ਵਿਚ ਆਏ। ਚੌਧਵੀਂ ਪੰਦਰਵੀਂ ਸਦੀ ਵਿਚ ਇਕ ਪੁਰਖੀ ਰਾਜ ਸੀ। ਅਮੀਰਜ਼ਾਦਿਆਂ ਦੇ ਦਿਲ ਪ੍ਰਚਾਵੇ ਲਈ ਗਰੀਬ ਵਰਗ ਦੇ ਭੱਟ, ਭਾਟੜੇ, ਮਰਾਸੀ ਅਮੀਰਾਂ ਦੀ ਸੰਗੀਤ ਵਿਚ ਪ੍ਰਸੰਸਾ ਗਾ ਕੇ ਰੋਟੀ ਰੋਜ਼ੀ ਕਮਾਉਂਦੇ ਸਨ। ਮਰਦਾਨਾ ਜੀ ਵੀ ਇਸੇ ਵਰਗ ਦੀ ਮਿਰਾਸੀ ਜਾਤ ਵਿਚੋਂ ਸਨ।ਲੰਕਾ ਪਤੀ ਰਾਵਣ ਉੱਚ ਕੋਟੀ ਦੇ ਵੀਣਾ ਸਾਜ਼ਿਕ ਅਤੇ ਵੀਣਾ ਵਾਦਕ ਸਨ। ਭਾਈ ਮਰਦਾਨਾ ਜੀ ਤੋਂ ਗੁਰਮਤਿ ਸੰਗੀਤ ਦਾ ਅਰੰਭ ਹੋਇਆ। ਸਿੱਖ ਇਤਿਹਾਸ ਵਿਚ ਇਹ ਗੱਲ ਬੜੀ ਮਾਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਸਭ ਤੋਂ ਪਹਿਲਾਂ ਭਾਈ ਦਾ ਦਰਜਾ ਦਿੱਤਾ ਅਤੇ ਸਾਰੀ ਜ਼ਿੰਦਗੀ ਅਪਣਾ ਭਰਾ ਬਣਾ ਕੇ ਰੱਖਿਆ। ਗੁਰੂ ਨਾਨਕ ਜੀ ਨੇ ਆਪਣੀ ਕਾਵਿ ਬਾਣੀ ਅਤੇ ਮਰਦਾਨੇ ਦੀ ਤਾਰ ਨਾਲ ਸੱਜਣ ਠੱਗ, ਕੌਡਾ ਰਾਕਸ਼, ਮਲਕ ਭਾਗੋ, ਬਲੀ ਕੰਧਾਰੀ, ਨੂਰ ਸ਼ਾਹ ਜਾਦੂਗਰਨੀ ਨੂੰ ਸਿੱਧੇ ਰਸਤੇ ਪਾਇਆ।
ਗੁਰੂ ਨਾਨਕ ਦੇਵ ਜੀ ਦੀ ਕਾਵਿ, ਬਾਣੀ ਦਾ ਸੰਦੇਸ਼ ਕੀਰਤਨ ਰਾਹੀਂ ਵਿਸ਼ਵ ਦੇ ਲੋਕਾਂ ਤੱਕ ਪਹੁੰਚਾਉਣ ਦਾ ਮਾਣ ਭਾਈ ਮਰਦਾਨਾ ਜੀ ਨੂੰ ਹੀ ਜਾਂਦਾ ਹੈ। ਭਾਈ ਮਰਦਾਨਾ ਗੁਰੂ ਜੀ ਦੀ ਕਾਵਿ, ਬਾਣੀ ਦਾ ਪਹਿਲਾ ਪਾਠਕ, ਸਰੋਤਾ, ਸੋਧਕ ਅਤੇ ਸੁਰਬੱਧ ਕਰਕੇ ਗਾਉਣ ਵਾਲਾ ਸੀ। ਜਦੋਂ ਦੋਵੇਂ ਇਕੱਠੇ ਬੈਠ ਕੇ ਸੁਰ 'ਚ ਕੀਰਤਨ ਕਰਦੇ ਸਨ ਤਾਂ ਦੋਹਾਂ ਦਾ ਪਿਆਰ ਗੂੜ੍ਹਾ ਹੁੰਦਾ ਜਾਂਦਾ ਸੀ। ਇਹ ਦੋਵੇਂ ਮਹਾਂਪੁਰਖ ਸੰਸਾਰੀ ਸਨ ਅਤੇ ਰਿਸ਼ਤੇ ਵੀ ਸੰਸਾਰੀ ਸਨ। ਇਸ ਕਰਕੇ ਇਨ੍ਹਾਂ ਦੇ ਵਿਚਾਰ ਵੀ ਅਲੌਕਿਕ ਨਾ ਹੋ ਕੇ ਲੌਕਿਕ ਹਨ।
ਗੁਲਜ਼ਾਰ ਸਿੰਘ ਸ਼ੌਂਕੀ ਦੇ ਕਥਨ ਅਨੁਸਾਰ ਬ੍ਰਹਮਾ ਦੀ ਤਾੜੀ, ਸ਼ਿਵ ਦਾ ਡੌਰੂ, ਨਾਰਦ ਦਾ ਤੂੰਬਾ, ਸਰਸਵਤੀ ਦੀ ਵੀਣਾ, ਰਾਵਣ ਦੀ ਰਾਵਣ ਵੀਣਾ, ਹਨੂੰਮਾਨ ਦੇ ਛੈਣੇ, ਕ੍ਰਿਸ਼ਨ ਦੀ ਬੰਸਰੀ, ਪਾਂਡਵਾਂ ਦੇ ਲੋਕ ਸਾਜ਼, ਕਬੀਰ ਜੀ ਦੀਆਂ ਖੜਤਾਲਾਂ, ਭਾਈ ਫਿਰੰਦਾ ਜੀ ਦੀ ਰਬਾਬ ਆਦਿ ਲੋਕ ਸਾਜ਼ਾਂ ਦੀ ਸੰਭਾਲ ਮਰਾਸੀਆਂ ਨੇ ਕੀਤੀ। ਮਰਾਸੀ ਦਾ ਅਰਥ ਸੰਭਾਲ ਕਰਨਾ ਹੈ।ਮਰਦਾਨਾ ਜੀ ਦੇ ਚੇਲੇ ਬੰਸ ਨੇ ਵੱਖ-ਵੱਖ ਸੰਗੀਤ ਘਰਾਣਿਆਂ ਦਾ ਅਰੰਭ ਕੀਤਾ। ਜਿੱਥੇ ਸੰਗੀਤ ਅਤੇ ਗਾਇਕੀ ਨੂੰ ਪ੍ਰਫੁੱਲਿਤ ਕੀਤਾ। ਮਰਦਾਨਾ ਜੀ ਗੁਰਮਤਿ ਸੰਗੀਤ ਦੇ ਪਹਿਲੇ ਰਬਾਬੀ ਸਨ ਜਿਨ੍ਹਾਂ ਨੇ ਭਗਤਾਂ ਦੀ ਰਚਨਾ ਅਤੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ ਰਬਾਬ ਦੀ ਸੁਰ ਦਿੱਤੀ ਅਤੇ ਗਾਇਆ। ਇਨ੍ਹਾਂ ਦੇ ਬਾਅਦ ਇਨ੍ਹਾਂ ਦੇ ਪੁੱਤਰ ਭਾਈ ਰਜਾਦਾ ਅਤੇ ਸਜਾਦਾ ਨੇ ਇਸ ਪਰੰਪਰਾ ਨੂੰ ਹੋਰ ਅੱਗੇ ਤੋਰਿਆ। ਇਨ੍ਹਾਂ ਦੇ ਅੱਗੋਂ ਭਾਈ ਯਾਦੂ ਜੀ, ਭਾਈ ਸਾਦੁ ਜੀ, ਭਾਈ ਗੁਲਾਬਾ ਜੀ, ਭਾਈ ਗਾਮੂੰ ਜੀ, ਭਾਈ ਰਹਿਮਤ ਅਲੀ ਜੀ, ਭਾਈ ਆਸ਼ਕ ਅਲੀ, ਮੁਹੰਮਦ ਹੁਸੈਨ ਭਾਈ ਕਰਮ ਹੁਸੈਨ ਜੀ ਨੇ ਰਬਾਬ ਪਰੰਪਰਾ ਨੂੰ ਅੱਗੇ ਵਧਾਇਆ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਰੂਹਾਂ ਦਾ ਸਫ਼ਰ
ਲੇਖਿਕਾ : ਸੁਖਵੰਤ ਕੌਰ ਵੱਸੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 79732-7796
ਸ਼ਾਇਰਾ ਸੁਖਵੰਤ ਕੌਰ ਵੱਸੀ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਰੂਹਾਂ ਦਾ ਸਫਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਸ਼ਾਇਰਾ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਨਾਲ ਆਪਣੇ ਬਲਬੂਤੇ ਬੀ.ਐੱਡ ਅਤੇ ਐਮ.ਏ. ਹਿੰਦੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਸ਼ਾਇਰਾ ਭਾਵੇਂ ਹਿੰਦੀ ਦੀ ਸੇਵਾਮੁਕਤ ਅਧਿਆਪਕਾ ਹੈ ਪਰ ਉਸ ਦਾ ਆਪਣੀ ਮਾਂ-ਬੋਲੀ ਲਈ ਡੁੱਲ੍ਹਦਾ ਪਿਆਰ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿਚ ਆਪਣੇ ਕਾਵਿ-ਪ੍ਰਵਚਨ ਨੂੰ 104 ਸਫਿਆਂ 'ਤੇ ਕਾਵਿਤਾਇਆ। ਸ਼ਾਇਰਾ ਸਟੇਜ 'ਤੇ ਪੁਰਸੋਜ਼ ਤਰੰਨਮੀ ਆਵਾਜ਼ ਵਿਚ ਨਜ਼ਮਾਂ ਤੇ ਗੀਤ ਸੁਣਾਉਂਦੀ ਅਕਸਰ ਦੇਖੀ ਜਾ ਸਕਦੀ ਹੈ। ਸ਼ਾਇਰਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਮਹਿਲਾ ਵਿੰਗ ਦੀਆਂ ਸੇਵਾਵਾਂ ਵੀ ਨਿਭਾਅ ਰਹੀ ਹੈ। ਉਸ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਾਵਿ-ਸੰਗ੍ਰਹਿ ਦੇ ਨਾਂਅ 'ਰੂਹਾਂ ਦਾ ਸਫ਼ਰ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ। ਰੂਹਾਂ ਦੇ ਕੌਲ ਫੁੱਲ ਖਿੜਾਉਣੇ ਹੀ ਤਾਂ ਹਰੇਕ ਸ਼ਾਇਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਤੇ ਇਹ ਫ਼ਰਜ਼ ਵੱਸੀ ਸਾਹਿਬਾ ਬਾਖੂਬੀ ਨਿਭਾਅ ਰਹੀ ਹੈ। ਸ਼ਾਇਰਾ ਸ਼ਾਬਦਿਕ ਘੁੰਮਣਘੇਰੀਆਂ ਦੀ ਸਰਕਸ ਵਿਚ ਨਹੀਂ ਪੈਂਦੀ ਬਲਕਿ ਸਾਦ-ਮੁਰਾਦੀ ਕਾਵਿ-ਸ਼ਿਲਪ ਰਾਹੀਂ ਆਪਣਾ ਕਾਵਿ ਧਰਮ ਨਿਭਾਅ ਰਹੀ ਹੈ। ਕਾਵਿ-ਕਿਤਾਬ ਦੇ ਪਾਠਕ ਵਿਚ ਗੁਜ਼ਰਨ ਤੋਂ ਉਪਰੰਤ ਅਸਾਡੇ ਮਨ ਉਤੇ ਵੱਖ-ਵੱਖ ਫਲੈਸ਼ ਪੈਂਦੇ ਹਨ, ਕਦੇ ਇਹ ਫਲੈਸ਼ ਮਾਂ-ਬੋਲੀ ਪੰਜਾਬੀ 'ਤੇ ਪੈਂਦਾ ਹੈ, ਕਦੇ ਰੱਖੜੀ ਬੰਧਨ 'ਤੇ ਪੈਂਦਾ ਹੈ, ਕਦੇ ਮਮਤਾ ਦੀ ਮੂਰਤ ਮਾਂ 'ਤੇ ਪੈਂਦਾ ਹੈ। ਕਦੇ ਬਚਪਨ ਦੀਆਂ ਅਠਖੇਲੀਆਂ 'ਤੇ ਪੈਂਦਾ ਹੈ, ਕਦੇ ਸਾਵਣ ਦੀਆਂ ਫੁਹਾਰਾਂ 'ਤੇ ਪੈਂਦਾ ਹੈ, ਕਦੇ ਕੁੱਖ ਵਿਚ ਮਾਰੀਆਂ ਜਾ ਰਹੀਆਂ ਧੀਆਂ 'ਤੇ ਪੈਂਦਾ ਹੈ, ਕਦੇ ਰੰਗਲੇ ਪੰਜਾਬ ਨੂੰ ਗੰਧਲਾ ਕਰ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਤੇ ਪੈਂਦਾ ਹੈ ਤੇ ਕਦੇ ਭ੍ਰਿਸ਼ਟਾਚਾਰ ਤੰਤਰ 'ਤੇ ਪੈਂਦਾ ਹੈ।
ਵੱਸੀ ਸਾਹਿਬਾ ਸਾਰੀਆਂ ਵਿਸੰਗਤੀਆਂ ਅਸਹਿਮਤੀਆਂ ਤੋਂ ਨਿਜ਼ਾਤ ਪਾਉਣ ਲਈ ਦੀਵੇ ਬਾਲਣ ਦੀ ਨਸੀਹਤ ਕਰਦੀ ਹੈ, ਪਹਿਲਾ ਦੀਵਾ ਗੁਰੂਆਂ ਦੇ ਨਾਂਅ 'ਤੇ ਜਗਾਉਣਾ, ਦੂਜਾ ਮਾਂ-ਬਾਪ ਲਈ ਬਾਲਣਾ, ਤੀਜਾ ਦੀਵਾ ਭੈਣ-ਭਰਾ ਦੇ ਪਿਆਰ ਲਈ ਬਾਲਣਾ, ਚੌਥਾ ਦੀਵਾ ਖੁਸ਼ਹਾਲੀ ਲਈ, ਪੰਜਵਾਂ ਦੀਵਾ ਫ਼ੌਜੀ ਭਰਾਵਾਂ ਲਈ, ਛੇਵਾਂ ਦੀਵਾ ਕਿਸਾਨ ਜਥੇਬੰਦੀਆਂ ਲਈ ਅਤੇ ਸੱਤਵਾਂ ਦੀਵਾ ਲੋਕ ਖੁਸ਼ਹਾਲੀ ਲਈ ਬਾਲਣ ਦਾ ਅਹਿਦ ਕਰਾਉਂਦੀ ਹੈ। ਇਹ ਦੀਵੇ ਬਾਲਣ ਨਾਲ ਸੱਤਵਾਂ ਅਸਮਾਨ ਵੀ ਜਗਮਗਾ ਉਠੇਗਾ। ਸ਼ਾਇਰਾ ਦੀ ਸ਼ਾਇਰੀ ਦਾ 'ਆਗਾਜ਼ ਤੋਂ ਅੱਛਾ ਹੈ, ਅੰਜ਼ਾਮ ਖ਼ੁਦਾ ਜਾਨੇ' ਖ਼ੈਰ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਪੰਜਾਬੀਆਂ ਦੇ ਵਹਿਮ-ਭਰਮ ਤੇ ਰਸਮ-ਰਿਵਾਜ
(ਗੁਰਮਤਿ ਦੀ ਲੋਅ ਵਿਚ ਤਾਰਕਿਕ ਵਿਸ਼ਲੇਸ਼ਣ)
ਲੇਖਕ : ਡਾ. ਰਾਮ ਮੂਰਤੀ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 200 ਰੁਪਏ, ਸਫੇ : 159
ਸੰਪਰਕ : 94174-49665
ਡਾ. ਰਾਮ ਮੂਰਤੀ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਉਹ ਗੰਭੀਰ ਆਲੋਚਕ ਵੀ ਹੈ। ਰੇਖਾ ਚਿੱਤਰ, ਜੀਵਨੀ, ਨਾਵਲ ਅਤੇ ਸੰਪਾਦਕ ਵਜੋਂ ਵੀ ਵਿਸ਼ੇਸ਼ ਸਥਾਨ ਰੱਖਦਾ ਹੈ। ਹਥਲੀ ਪੁਸਤਕ ਦਾ ਇਹ ਤੀਸਰਾ ਸੰਸਕਰਨ ਹੈ। ਇਸ ਪੁਸਤਕ ਨੂੰ 12 ਕਾਂਡਾਂ (ਸਾਹਿਤ ਅਤੇ ਸਮਾਜਿਕ ਚੇਤਨਾ, ਪੰਜਾਬੀਆਂ ਦੇ ਵਹਿਮ-ਭਰਮ, ਜੀਵਨ ਜੁਗਤ ਅਤੇ ਧਾਰਮਿਕਤਾ ਨਾਲ ਸੰਬੰਧਿਤ ਵਹਿਮ-ਭਰਮ, ਪ੍ਰਵਾਸੀ ਪੰਜਾਬੀ ਅਤੇ ਵਹਿਮ ਭਰਮ, ਕੁਝ ਮਨਾਹੀਆਂ ਤੇ ਉਨ੍ਹਾਂ ਦਾ ਸੱਚ, ਪੁੱਛਾਂ ਵਾਲੇ ਬਾਬਿਆਂ ਦਾ ਸੱਚ, ਮੜ੍ਹੇ ਮਸਾਣੀ ਨਾ ਜਾਈਂ, ਰਸਮ-ਰਿਵਾਜ : ਤਾਰਕਿਕ ਵਿਸ਼ਲੇਸ਼ਣ, ਸੁਖਾਲਾ ਜੀਵਨ ਜਿਊਣ ਦੀ ਵਿਧੀ, ਭਰਮ ਰਹਿਤ ਹੋਣਾ, ਸਾਡੇ ਤਿਉਹਾਰ ਅਤੇ ਪ੍ਰਦੂਸ਼ਣ, ਗੁਰਬਾਣੀ ਵਿਚ ਰੱਬ ਦਾ ਸੰਕਲਪ, ਵਸਤੂ ਸ਼ਾਸਤਰ ਦਾ ਕੱਚ ਸੱਚ) ਵਿਚ ਵੰਡ ਕੇ ਗੁਰਮਤਿ ਦੀ ਰੌਸ਼ਨੀ ਵਿਚ, ਵਿਗਿਆਨਕ ਸੋਚ ਅਨੁਸਾਰ ਆਪਣਾ ਖੋਜ ਪੂਰਨ ਕਾਰਜ ਸਫਲਤਾ ਅਤੇ ਪ੍ਰੇਰਨਾਦਾਇਕ ਦ੍ਰਿਸ਼ਟੀ ਤੋਂ ਸੰਪੰਨ ਕੀਤਾ ਹੈ।
ਇਸ ਪੁਸਤਕ ਦੇ ਹੋਂਦ ਵਿਚ ਆਉਣ ਦਾ ਪ੍ਰੇਰਨਾ ਸਰੋਤ ਮਰਹੂਮ ਸਰਦਾਰ ਨਿਰਮਲ ਸਿੰਘ ਸੰਘਾ ਹੈ। ਸਾਡੇ ਗੁਰੂਆਂ, ਪੀਰਾਂ, ਸੰਤਾਂ-ਮਹਾਂਪੁਰਸ਼ਾਂ ਤੇ ਹਵਾਲਿਆਂ ਨਾਲ ਵਹਿਮਾਂ-ਭਰਮਾਂ ਅਤੇ ਫਜ਼ੂਲ ਰੀਤੀ-ਰਿਵਾਜ ਤੋਂ ਪੰਜਾਬੀਆਂ ਨੂੰ ਛੁਟਕਾਰਾ ਪਾਉਣ ਦੀ ਨਸੀਹਤ ਕੀਤੀ ਹੈ। ਅਜੇ ਵੀ ਅਜਿਹੇ ਵਹਿਮ-ਭਰਮ ਅਤੇ ਰੀਤੀ-ਰਿਵਾਜ ਪੰਜਾਬੀਆਂ ਦੀ ਮਾਨਸਿਕਤਾ ਤੇ ਭਾਰੂ ਹਨ। ਲੇਖਕ ਨੇ ਆਰੰਭ ਵਿਚ ਹੀ ਅਨੇਕਾਂ ਪ੍ਰਕਾਰ ਦੇ ਵਹਿਮਾਂ-ਭਰਮਾਂ ਦਾ ਵਿਸ਼ਲੇਸ਼ਣ ਕਰਕੇ ਪਾਠਕਾਂ ਨੂੰ ਸਹੀ ਦਿਸ਼ਾ ਵਿਖਾਈ ਹੈ। ਫਿਰ ਜੋਤਿਸ਼ਾਂ, ਸ਼ਰਾਬਾਂ, ਤੀਰਥ-ਇਸ਼ਨਾਨਾਂ, ਦਾਨ-ਪੁੰਨ, ਵਰਤਾਂ ਆਦਿ ਤੋਂ ਬਿਨਾਂ ਮੱਥੇ ਲੱਗਣ ਦੇ ਵਹਿਮਾਂ ਅਤੇ ਦੁਕਾਨਦਾਰੀ ਸੰਬੰਧੀ ਵਿਸ਼ਵਾਸਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ। ਸਾਡੇ ਬਾਹਰਲੇ ਮੁਲਕਾਂ ਵਿਚ ਰਹਿੰਦੇ ਪ੍ਰਵਾਸੀ ਵੀ ਵਹਿਮਾਂ-ਭਰਮਾਂ ਦੀ ਜਕੜ ਵਿਚ ਹਨ। ਸਮਾਜ ਵਿਚ ਪ੍ਰਚਲਿਤ ਕੁਝ ਵਰਜਨਾਵਾਂ ਪਿੱਛੇ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਅੰਧ-ਵਿਸ਼ਵਾਸੀ ਨਾ ਹੋਣ ਦੀ ਸਿੱਖਿਆ ਦਿੱਤੀ ਗਈ ਹੈ। ਪੁੱਛਾਂ ਦੇਣ ਵਾਲੇ ਬਾਬਿਆਂ 'ਤੇ ਕਠੋਰ ਵਿਅੰਗ ਕੀਤਾ ਹੈ। ਮੜ੍ਹੀਆਂ ਮਸਾਣਾਂ ਨੂੰ ਪੂਜਣ ਤੋਂ ਵਰਜਿਆ ਹੈ। ਜਨਮ ਸਮੇਂ ਤੋਂ, ਵਿਆਹਾਂ ਸ਼ਾਦੀਆਂ ਅਤੇ ਮਰਨ ਉਪਰੰਤ ਭੋਗ ਸਮੇਂ ਆਦਿ ਤੋਂ ਵਿਖਾਵੇ ਲਈ ਫਜ਼ੂਲ ਖਰਚ ਨਾ ਕਰਨ ਲਈ ਸੁਚੇਤ ਕੀਤਾ ਹੈ। ਤਿਉਹਾਰਾਂ ਸਮੇਂ ਪ੍ਰਦੂਸ਼ਣ ਨਾ ਫੈਲਾਇਆ ਜਾਵੇ। 'ਰੱਬ' ਨੂੰ ਬਾਹਰ ਢੂੰਡਣਾ ਵਿਅਰਥ ਹੈ। ਉਹ ਤਾਂ ਸਰਬ-ਵਿਆਪਕ ਹੈ। ਪ੍ਰਕਿਰਤੀ ਵਿਚੋਂ ਉਸ ਦੇ ਖੁੱਲ੍ਹੇ ਦਰਸ਼ਨ ਕੀਤੇ ਜਾ ਸਕਦੇ ਨੇ। ਗੁਰਬਾਣੀ ਦੇ ਮਹਾਂਵਾਕਾਂ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਵਸਤੂ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਮਕਾਨ ਉਸਾਰੀ ਸਮੇਂ ਵਿਸ਼ੇਸ਼ ਨੁਕਤੇ ਦਰਸਾਏ ਨੇ।
ਲੇਖਕ ਨੇ ਆਪ ਬੀਤੀਆਂ, ਅਨੁਭਵ ਕੀਤੀਆਂ, ਸੁਣੀਆਂ ਸੁਣਾਈਆਂ, ਵਿਵਿਹਾਹਕ ਜੀਵਨ ਦੀਆਂ ਉਦਾਹਰਨਾਂ ਦਿੱਤੀਆਂ ਨੇ। ਆਪਣੀਆਂ ਢੁਕਵੀਆਂ ਕਵਿਤਾਵਾਂ ਲਿਖੀਆਂ ਨੇ। ਜ਼ਿਆਦਾਤਰ ਗੁਰਬਾਣੀ ਦੇ ਮਹਾਂਵਾਕਾਂ ਨਾਲ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ। ਇਤਿਹਾਸਕ ਮਿਥਿਹਾਸਕ ਹਵਾਲੇ, ਘਟਨਾਵਾਂ ਵਰਗੀਆਂ ਰੌਚਿਕ ਕਹਾਣੀਆਂ ਵੀ ਪ੍ਰਸਤੁਤ ਕੀਤੀਆਂ ਨੇ। ਲੇਖਕ ਦੀ ਵਾਰਤਕ ਸ਼ੈਲੀ ਉਤਮ-ਪੁਰਖੀ ਹੈ, ਮੇਰੀ ਸਮਝ ਅਨੁਸਾਰ ਲੇਖਕ ਦੀ ਵਾਰਤਕ ਦਾ 'ਕੇਂਦਰੀ ਸੂਤਰ' 'ਕੀ ਕਰਨਾ ਚਾਹੀਦਾ ਹੈ।' (ਵੱਟ ਟੂ ਡੂ) ਕੀ ਨਹੀਂ ਕਰਨਾ ਚਾਹੀਦਾ ਹੈ (ਵੱਟ ਨੌਟ ਟੂ ਡੂ) ਹੀ ਜਾਪਦਾ ਹੈ। ਬਿਰਤਾਂਤਕ ਬਾਰੰਬਾਰਤਾ (ਨੈਰੇਟਿਵ ਫਰੀਕੁਐਂਸੀ) ਕਾਫੀ ਹੈ। ਅਜਿਹੀ ਪੁਸਤਕ ਪਾਠਕਾਂ ਲਈ ਪ੍ਰੇਰਨਾਦਾਇਕ ਹੈ, ਸਹੀ ਦਿਸ਼ਾ ਵਿਖਾਉਣ ਵਾਲੀ ਹੈ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਤੇਰੀਆਂ ਮੇਰੀਆਂ
ਲੇਖਕ : ਕੇਵਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭੀਖੀ, ਮਾਨਸਾ
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 99151-17191
'ਤੇਰੀਆਂ ਮੇਰੀਆਂ' ਕਾਵਿ-ਸੰਗ੍ਰਹਿ ਕੇਵਲ ਦੀ ਪਲੇਠੀ ਸਾਹਿਤਕ ਕਿਰਤ ਕਹੀ ਜਾ ਸਕਦੀ ਹੈ ਕਿਉਂਕਿ ਕਵੀ ਨਾਲ ਸੰਬੰਧਿਤ ਜਾਣਕਾਰੀ ਦਾ ਕੋਈ ਅਤਾ-ਪਤਾ ਇਸ ਵਿਚ ਦਰਜ ਨਹੀਂ ਹੈ। ਕੁਝ ਨਿਵੇਕਲੀਆਂ ਪੈੜਾਂ ਵੀ ਹਨ, ਜਿਵੇਂ ਕੋਈ ਸਮਰਪਣ ਨਹੀਂ। ਪੁਸਤਕ 'ਚ ਦਰਜ 1 ਤੋਂ 79 ਤੱਕ, ਕਿਸੇ ਵੀ ਕਵਿਤਾ ਦਾ ਕੋਈ ਸਿਰਲੇਖ ਨਹੀਂ ਹੈ। ਸਿਰਫ਼ ਅੰਕ ਹਨ ਜੋ ਆਮ ਆਦਮੀ ਦੀ ਗਿਣਤੀ ਦਾ ਅਤਾ-ਪਤਾ ਦਿੰਦੇ ਹਨ ਪਰ ਉਸ ਦੇ ਅਸਤਿੱਤਵ ਦਾ, ਉਸ ਦੀ ਹੋਂਦ ਦਾ, ਉਸ ਦੇ ਹਾਜ਼ਰ ਹੋਣ ਦਾ। ਪ੍ਰੋ. ਬੀਰ ਇੰਦਰ ਉਸ ਦੀ ਕਵਿਤਾ ਦੀ ਸਾਦਗੀ ਗੱਲ ਕਰਦੇ ਹਨ, ਉਸ ਦੀ ਕਵਿਤਾ ਦੀ ਡੂੰਘਿਆਈ, ਰਚਨਾਤਮਕਤਾ ਅਤੇ ਆਪਣੇਪਨ ਦੀ ਗੱਲ ਕਰਦੇ ਹਨ। ਮੇਰੀ ਜਾਚੇ ਸਧਾਰਨਤਾ ਵਿਚੋਂ ਅਸਧਾਰਨਤਾ ਦਾ ਸਫ਼ਰ ਇਥੋਂ ਹੀ ਸ਼ੁਰੂ ਹੁੰਦਾ ਹੈ। ਇਹ ਕਵਿਤਾਵਾਂ ਤਿੰਨ-ਤਿੰਨ ਸਤਰਾਂ ਦੀਆਂ ਵੀ ਹਨ ਅਤੇ ਤਿੰਨ-ਤਿੰਨ ਸਫ਼ਿਆਂ 'ਤੇ ਵੀ ਫੈਲੀਆਂ ਹੋਈਆਂ ਹਨ। ਨੰਬਰ 1 ਤੋਂ 4 ਤੱਕ ਦੀਆਂ ਕਵਿਤਾਵਾਂ ਮਨੁੱਖੀ ਸਫ਼ਰ ਦੀ ਬਾਤ ਪਾਉਂਦਿਆਂ 'ਭਟਕਣ' ਦੇ ਅਰਥ, ਜੁਗਰਾਫ਼ੀਏ ਨੂੰ ਸਮਝਣ ਲਈ ਉਕਸਾਉਂਦੀਆਂ ਹਨ। ਮੈਂ ਇਸ ਲਈ ਸ਼ਬਦ 'ਤਿੱਖਣਾਂ' ਵੀ ਕਹਿ ਸਕਦਾ ਹਾਂ ਕਿਉਂਕਿ ਉਕਸਾਉਣਾ, ਸ਼ਿਸ਼ਕੇਰਨਾ, ਕੁਰੇਦਣਾ ਹੀ ਤਾਂ ਇਲਮ ਦੀਆਂ ਬਾਤਾਂ ਸਮਝਣ-ਸਮਝਾਉਣ ਦੇ ਰਾਹ ਪਾਉਂਦਾ ਹੈ। ਮਨੁੱਖੀ ਸੋਚ ਵਿਚ 'ਜਵਾਰ-ਭਾਟਿਆਂ' ਦਾ ਆਉਣਾ ਸ਼ੁਭ ਸ਼ਗਨ ਮੰਨਿਆ ਹੈ। ਕਵਿਤਾ ਨੰ: 5 ਤੋਂ 10 ਤੱਕ ਚਿੰਨ੍ਹ ਤੋਂ ਸ਼ਬਦ ਤੱਕ ਦੀ ਯਾਤਰਾ ਦੇ ਸੰਕੇਤ ਹਨ। ਸ਼ਬਦ ਦਾ ਅਹਿਸਾਸ ਨਾਲ ਡੂੰਘਾ ਰਿਸ਼ਤਾ ਹੈ। ਨੰ: 11 ਤੋਂ 40 ਤੱਕ ਕਵਿਤਾਵਾਂ 'ਘਰ ਤੋਂ ਮਕਾਨ, ਰਿਸ਼ਤਿਆਂ ਦੀ ਟੁੱਟ-ਭੱਜ, ਆਪਸੀ ਸਾਂਝ 'ਚ ਪਈਆਂ ਤ੍ਰੇੜਾਂ ਦੇ ਦਰਸ਼ਨ ਕਰਵਾਉਂਦੀਆਂ ਹਨ ਕਿਉਂਕਿ ਮਨੁੱਖ ਬੇ-ਸਬਰਾ ਹੋ ਜੜ੍ਹਾਂ ਤੋਂ ਟੁੱਟਦਾ ਜਾ ਰਿਹਾ ਹੈ। ਕਵਿਤਾ ਨੰ: 41 ਦੀਆਂ ਹੇਠਲੀਆਂ ਸਤਰਾਂ, ਸਾਰੇ ਵਰਤਾਰਿਆਂ ਦੇ ਮੰਜ਼ਰ ਸਿਰਜਦੀਆਂ ਹਨ। ਹਾਜ਼ਰ ਹਨ ਇਹ ਸਤਰਾਂ :
ਕੋਠੇ ਉਪਰਲਾ ਕਮਰਾ
ਕਦੇ ਤੇਰਾ ਹੋਇਆ
ਕਦੇ ਤੇਰੇ ਭਾਈ ਦਾ
ਕਦੇ ਤੇਰੀ ਮਾਂ ਦਾ
ਕਦੇ ਤੇਰੀ ਝਾਈ ਦਾ
ਰਿਸ਼ਤੇ ਆਉਂਦੇ ਰਹੇ
ਆਪਣਾ ਪਲੰਘ ਵਿਛਾਉਂਦੇ ਰਹੇ
ਅਸੀਂ ਤਾਂ ਆਸਰਾ ਤੱਕਦੇ ਰਹੇ
ਧਰਤ ਮਾਂ 'ਤੇ ਵਿਛਾਈ ਚਟਾਈ ਦਾ।
ਇਹ ਕਵਿਤਾਵਾਂ ਬਹੁਤ ਸਹਿਜ ਨਾਲ, ਇਕਾਗਰਚਿੱਤ ਹੋ ਪਾਠਕ ਪਾਸੋਂ ਮੰਗ ਕਰਦੀਆਂ ਹਨ। ਪ੍ਰਸ਼ਨਾਂ ਦੀ ਝੜੀ ਲਾਉਣ ਵਾਲੀ ਕਵਿਤਾ ਨੂੰ ਦਿਲੋਂ ਸਲਾਮ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਬਾਪੂ ਦੀ ਸੱਥ
ਸੰਪਾਦਕ : ਰਵਿੰਦਰ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 89686-72526
ਰਵਿੰਦਰ ਸਿੰਘ ਵਲੋਂ ਸੰਪਾਦਿਤ ਇਹ ਪੁਸਤਕ ਆਪਣੀ ਕਿਸਮ ਦੀ ਮੁੱਲਵਾਨ ਅਤੇ ਲੀਹੋਂ ਹਟਵੀਂ ਪੁਸਤਕ ਹੈ। ਇਸ ਨੂੰ ਉਸ ਨੇ ਦੁਨੀਆ ਦੇ ਮਹਾਨ ਦਾਨਿਸ਼ਵਰਾਂ ਦੇ ਨਾਂਅ ਸਮਰਪਿਤ ਕੀਤਾ ਗਿਆ ਹੈ। ਇਸ ਅਨੂਠੀ ਪੁਸਤਕ ਵਿਚ ਦੁਨੀਆ ਭਰ ਦੇ ਮਹਾਨ ਚਿੰਤਕਾਂ/ਸੋਝੀਵਾਨਾਂ ਅਤੇ ਦਾਨਿਸ਼ਵਰਾਂ ਵਲੋਂ ਸਮੇਂ-ਸਮੇਂ 'ਤੇ ਉਚਾਰੇ ਉਹ ਮਹਾਨ ਕਥਨ/ਬੋਲ ਸ਼ਾਮਿਲ ਹਨ, ਜਿਹੜੇ ਜੀਵਨ ਨੂੰ ਨਵੀਂ ਨਰੋਈ ਸੇਧ ਦੇ ਸਕਣ ਦੇ ਪੂਰਨ ਤੌਰ 'ਤੇ ਸਮਰੱਥ ਹਨ। ਸੰਪਾਦਕ ਅਨੁਸਾਰ ਕੁਝ ਨਵੇਂ ਕਥਨ/ਮਹਾਂਬੋਲ ਵੀ ਸ਼ਾਮਿਲ ਕੀਤੇ ਗਏ ਹਨ ਜਿਹੜੇ ਹਰੇਕ ਮਨੁੱਖ ਦਾ ਰਾਹ ਦਸੇਰਾ ਬਣ ਸਕਦੇ ਹਨ। ਨਿਰਾਸ਼ਾ ਨਾਲ ਨਿੰਮੋਝੂਣੇ ਹੋਏ ਲੋਕਾਂ ਨੂੰ ਇਹ ਸੋਝੀਵਾਨ ਕਥਨ, ਨਵੀਂ ਨਰੋਈ ਸੋਚ ਪ੍ਰਦਾਨ ਕਰ ਸਕਦੇ ਹਨ।
ਲੋੜ ਹੈ ਇਨ੍ਹਾਂ ਬੋਲਾਂ ਉੱਤੇ ਸਾਬਤਕਦਮੀ ਨਾਲ ਅਮਲ ਕਰਨ ਦੀ। ਆਓ, ਕੁਝ ਮਹਾਨ ਦਾਨਿਸ਼ਵਰਾਂ ਦੇ ਕਥਨ, ਜਿਹੜੇ ਇਸ ਪੁਸਤਕ ਵਿਚ ਦਰਜ ਹਨ, ਤੁਹਾਡੇ ਨਾਲ ਸਾਂਝੇ ਕਰਦੇ ਹਾਂ।
-'ਮੁਸੀਬਤ ਸਭ ਉੱਤੇ ਆਉਂਦੀ ਹੈ, ਕੋਈ ਬਿਖਰ ਜਾਂਦਾ ਹੈ, ਕੋਈ ਨਿੱਖਰ ਜਾਂਦਾ ਹੈ।' (ਸਫ਼ਾ-7)
-'ਸਭ ਤੋਂ ਮਹਾਨ ਸੱਚੇ ਬੜੇ ਸਰਲ ਹੁੰਦੇ ਹਨ।' (ਸਫ਼ਾ-10)
-'ਜੇ ਸਰੀਰ ਬਿਮਾਰ ਹੈ ਤਾਂ ਮਨ ਨੂੰ ਅਰੋਗ ਰੱਖੋ।'
(ਸਫ਼ਾ-11)
-ਈਰਖਾ, ਹੀਣਤਾ ਦੀ ਘੋਸ਼ਣਾ ਹੈ।' (ਸਫ਼ਾ-79)
ਇਨ੍ਹਾਂ ਦੇ ਨਾਲ-ਨਾਲ ਗਰਵਿਲ, ਬੋਵੀ, ਡਿਕਸਨ, ਸਰਵੇਂਟਿਸ, ਕਾਰਡੀਨਲ, ਰੋਮਸਿਨ, ਰੂਸੋ, ਇਮਰਸਨ, ਵਰਲ, ਮਾਰਕਸ, ਸਵਾਮੀ ਰਾਮਤੀਰਥ, ਮਹਾਤਮਾ ਗਾਂਧੀ, ਭਰਤਹਰਿ, ਥੋਰੋ, ਸ਼ੇਖ ਸਾਅਦੀ, ਗੋਰਕੀ, ਸੁਕਰਾਤ, ਸੰਤ ਗਿਆਨੇਸ਼ਵਰ, ਲੈਨਿਨ, ਜਸਵੰਤ ਸਿੰਘ ਕੰਵਲ, ਮਹਾਂਦੇਵ ਵਰਮਾ, ਸ਼ਹੀਦ ਭਗਤ ਸਿੰਘ, ਰਾਬਿੰਦਰਨਾਥ ਟੈਗੋਰ, ਖਲੀਲ ਜਿਬਰਾਨ, ਰਹੀਮ, ਬੁੱਧ, ਸਿਸਰੋ, ਅਰਸਤੂ, ਸ਼ੈਕਸਪੀਅਰ, ਮੈਰੀ ਬਰਾਊਨ, ਕਨਫਿਊਸਿਸ ਪੰਡਿਤ ਨਹਿਰੂ, ਟਾਲਸਟਾਇ, ਪ੍ਰੇਮ ਚੰਦ, ਡੈਲ ਕਾਰਨੇਗੀ, ਰਸੂਲ ਹਮਜ਼ਾਤੋਵ, ਨੈਪਲੀਅਨ, ਅਬਰਾਹਮ ਲਿੰਕਨ, ਸਵਾਮੀ ਵਿਵੇਕਾਨੰਦ, ਡਾ. ਰਾਧਾਕ੍ਰਿਸ਼ਨਨ, ਵਾਲਮੀਕਿ ਜੀ, ਮਾਸਟਰ ਤਾਰਾ ਸਿੰਘ, ਪਲੈਟੋ, ਕਬੀਰ ਸਾਹਿਬ, ਲਿੰਕਨ, ਸਚਤ ਚੰਦਰ, ਚਾਣਕਯ, ਨਰਿੰਦਰ ਸਿੰਘ ਕਪੂਰ ਅਤੇ ਹੋਰ ਅਨੇਕਾਂ ਦਾਨਿਸ਼ਵਰਾਂ ਦੇ ਨਾਲ-ਨਾਲ ਚੀਨੀ, ਅਰਬੀ, ਫਾਰਸੀ ਕਹਾਵਤਾਂ, ਭਾਰਤੀ ਦਰਸ਼ਨ, ਗੁਰੂ ਨਾਨਕ ਦੇਵ ਜੀ, ਹਜ਼ਰਤ ਮੁਹੰਮਦ, ਹਜ਼ਰਤ ਈਸਾ, ਗੁਰੂ ਅਮਰਦਾਸ, ਮਹਾਂਭਾਰਤ ਦੇ ਹਵਾਲੇ ਵੀ ਬਾਖ਼ੂਬੀ ਦਰਜ ਹਨ।
ਪੁਸਤਕ ਵਿਚ ਕੁਝ ਕਾਵਿਕ ਵੰਨਗੀਆਂ ਵੀ, ਸੇਧ ਦੇਣ ਹਿਤ, ਸ਼ਾਮਿਲ ਹਨ। ਪੁਸਤਕ ਇਕ ਨਿਵੇਕਲੇ ਜਾਵੀੇ ਤੋਂ ਸੰਪਾਦਿਕ ਕੀਤੀ ਗਈ ਹੈ। ਇਸ ਨੂੰ ਪੜ੍ਹਿਆਂ, ਜੀਵਨ ਨੂੰ ਨਰੋਈ ਦਿਸ਼ਾ ਮਿਲ ਸਕਦੀ ਹੈ। ਪੁਸਤਕ ਦਾ ਇਕ ਹੋਰ ਅਹਿਮ ਕਥਨ 'ਮਾੜਾ ਡਾਕਟਰ, ਕਾਤਲ ਤੋਂ ਘੱਟ ਨਹੀਂ ਹੁੰਦਾ।' (ਸਫ਼ਾ-166)। ਸੰਪਾਦਕ ਵਧਾਈ ਦਾ ਹੱਕਦਾਰ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ
ਮਹਿਮਾ ਸਿੰਘ ਧਾਲੀਵਾਲ
(ਮੁੱਲਾਂਪੁਰ ਗਰੀਬਦਾਸ)
ਸੰਪਾਦਕ : ਮਲਕੀਅਤ ਸਿੰਘ ਔਜਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 99149-92424
ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਨੇ ਬੜੀ ਜੱਦੋ-ਜਹਿਦ ਕੀਤੀ। ਕਈਆਂ ਨੂੰ ਫਾਂਸੀ ਹੋਈ, ਕੁਝ ਨੂੰ ਜੇਲ੍ਹ ਤੇ ਕਈ ਗੁੰਮਨਾਮੀ ਵਿਚ ਹੀ ਜਹਾਨੋਂ ਤੁਰਦੇ ਬਣੇ। ਚੰਡੀਗੜ੍ਹ ਨੇੜੇ ਪੁਆਧ ਦੇ ਪ੍ਰਸਿੱਧ ਇਤਿਹਾਸਕ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਜੰਮਪਲ ਮਹਿਮਾ ਸਿੰਘ ਧਾਲੀਵਾਲ ਇਕ ਅਜਿਹੇ ਹੀ ਆਜ਼ਾਦੀ ਘੁਲਾਟੀਏ ਹੋ ਗੁਜ਼ਰੇ ਹਨ, ਜਿਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਜੀਵਨ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਕਾਰਜ ਲਈ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਜਿਸ ਨੂੰ ਉਸ ਨੇ ਬੜੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਇਆ ਹੈ। ਮਹਿਮਾ ਸਿੰਘ ਧਾਲੀਵਾਲ ਦੇ ਵਿਨੀਪੈਗ (ਕੈਨੇਡਾ) ਰਹਿੰਦੇ ਬੇਟਿਆਂ (ਰਾਜਿੰਦਰ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਧਾਲੀਵਾਲ) ਨੇ ਆਪਣੇ ਪਿਤਾ ਦਾ ਜ਼ਿੰਦਗੀਨਾਮਾ, ਜੋ ਉਨ੍ਹਾਂ ਨੇ ਉਰਦੂ ਵਿਚ ਲਿਖਿਆ ਸੀ, ਨੂੰ ਪੰਜਾਬੀ ਵਿਚ ਅਨੁਵਾਦ ਕਰਵਾਇਆ ਤੇ ਹਥਲੀ ਕਿਤਾਬ ਹੋਂਦ ਵਿਚ ਆਈ। ਮਹਿਮਾ ਸਿੰਘ ਧਾਲੀਵਾਲ (7 ਮਈ, 1913- 1 ਜੂਨ, 1988) ਨੇ ਪੌਣੀ ਸਦੀ ਉਮਰ ਭੋਗੀ। ਉਨ੍ਹਾਂ ਨੇ ਅੰਗਰੇਜ਼ ਫ਼ੌਜ ਵਿਚ ਭਰਤੀ (1933) ਹੋ ਕੇ ਦੇਸ਼ ਦੀ ਆਜ਼ਾਦੀ ਲਈ ਪੰਜ ਸਾਲ (1940-45) ਜੇਲ੍ਹ ਦੀ ਸਜ਼ਾ ਕੱਟੀ ਤੇ ਕਰੀਬ ਇਕ ਸਾਲ ਘਰ ਵਿਚ ਨਜ਼ਰਬੰਦ ਰਹੇ। ਦੇਸ਼ ਆਜ਼ਾਦ ਹੋਣ ਪਿੱਛੋਂ ਉਨ੍ਹਾਂ ਨੂੰ 1972 ਵਿਚ ਤਾਮਰ ਪੱਤਰ ਮਿਲਿਆ ਤੇ ਫਿਰ ਉਹ ਆਪਣੇ ਬੱਚਿਆਂ ਕੋਲ ਕੈਨੇਡਾ ਚਲੇ ਗਏ। ਉੱਥੇ ਰਹਿੰਦਿਆਂ ਹੀ ਉਨ੍ਹਾਂ ਆਖਰੀ ਸਾਹ ਲਿਆ। ਇਸ ਜੀਵਨੀ ਵਿਚ ਮਹਿਮਾ ਸਿੰਘ ਨੂੰ ਹੋਰ ਆਜ਼ਾਦੀ ਘੁਲਾਟੀਆਂ ਦੇ ਮਿਲੇ ਖਤਾਂ ਨੂੰ ਵੀ ਅਨੁਵਾਦ ਕਰਕੇ ਛਾਪਿਆ ਗਿਆ ਹੈ। ਸ. ਧਾਲੀਵਾਲ ਦੀਆਂ ਪਰਿਵਾਰਕ ਤੇ ਹੋਰ ਤਸਵੀਰਾਂ ਨਾਲ ਸ਼ਿੰਗਾਰੀ ਇਸ ਪੁਸਤਕ ਵਿਚ ਉਨ੍ਹਾਂ ਦੀ ਉਹ ਚਿੱਠੀ ਵੀ ਸ਼ਾਮਲ ਹੈ, ਜਿਸ ਰਾਹੀਂ ਉਨ੍ਹਾਂ ਨੇ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਇਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਸ. ਮਹਿਮਾ ਸਿੰਘ ਦੇ ਦਿਹਾਂਤ ਅਤੇ ਬਰਸੀ 'ਤੇ ਵੱਖ ਵੱਖ ਅਖ਼ਬਾਰਾਂ ਵਲੋਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਲੇਖ ਪ੍ਰਕਾਸ਼ਿਤ ਕੀਤੇ ਗਏ। ਇਸ ਤਰ੍ਹਾਂ ਮਲਕੀਅਤ ਸਿੰਘ ਔਜਲਾ ਨੇ ਇਕ ਭੁੱਲੇ-ਵਿੱਸਰੇ ਸੁਤੰਤਰਤਾ ਸੰਗਰਾਮੀਏ ਦੀ ਜੀਵਨੀ ਨੂੰ ਸਾਹਮਣੇ ਲਿਆ ਕੇ ਮਾਨਵਵਾਦੀ ਕਾਰਜ ਕੀਤਾ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਗੋਲਵਲਕਰਵਾਦ
ਇਕ ਅਧਿਐਨ
ਲੇਖਕ : ਪ੍ਰੋ. ਸ਼ਮਸੁਲ ਇਸਲਾਮ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 120
ਸੰਪਰਕ : 98153-17028
ਸ਼ਮਸੁਲ ਇਸਲਾਮ ਦਿੱਲੀ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਵਜੋਂ ਕੰਮ ਕਰਦਾ ਰਿਹਾ ਅਤੇ ਰੰਗਮੰਚ ਦੇ ਖੇਤਰ ਵਿਚ ਉਸ ਦੀਆਂ ਲੋਕਪੱਖੀ ਸਰਗਰਮੀਆਂ ਵੀ ਮਹੱਤਵਪੂਰਨ ਰਹੀਆਂ। ਉਸ ਵਲੋਂ ਗੋਲਵਲਕਰ ਵਰਗੀ ਵਿਵਾਦਤ ਸ਼ਖ਼ਸੀਅਤ ਉੱਪਰ ਇਤਿਹਾਸਕ-ਦਸਤਾਵੇਜ਼ ਤਿਆਰ ਕਰਨਾ ਵੀ ਉਸ ਦੀ ਸੱਭਿਆਚਾਰਕ-ਵਚਨਬੱਧਤਾ ਦਾ ਇਕ ਨਿੱਗਰ ਸਬੂਤ ਹੈ। ਖੁਸ਼ਵੰਤ ਸਿੰਘ ਉਸ ਦੇ ਪੁਰਸ਼ਾਰਥ ਉੱਪਰ ਟਿੱਪਣੀ ਕਰਦਾ ਹੋਇਆ ਠੀਕ ਹੀ ਲਿਖਦਾ ਹੈ, 'ਗੋਲਵਲਕਰ ਦੇ ਵਿਚਾਰਾਂ ਉੱਪਰ ਸਾਵਰਕਰ ਦੇ ਪੂਰਵਾਗ੍ਰਹਿਆਂ ਦੀ ਡੂੰਘੀ ਛਾਪ ਸੀ। ਦੋਵੇਂ ਜਾਤੀਵਾਦ ਦੇ ਸਮਰਥਕ ਸਨ ਅਤੇ ਹਿਟਲਰ ਵਲੋਂ ਲੱਖਾਂ ਯਹੂਦੀਆਂ ਦੇ ਕਤਲੇਆਮ ਨੂੰ ਜਾਇਜ਼ ਮੰਨਦੇ ਸਨ... ਸ਼ਮਸੁਲ ਰਹਿਮਾਨ ਦੀ ਹਥਲੀ ਪੁਸਤਕ ਮੇਰੇ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਕਿ ਇਸਲਾਮ ਨਾਲ ਨਫ਼ਰਤ ਹਿੰਦੂਤਵ ਦਾ ਇਕ ਅਭਿੰਨ ਅੰਗ ਹੈ।' (ਦੇਖੋ ਬੈਕ ਟਾਈਟਲ)
ਗੋਲਵਲਕਰ ਦੀ ਵਿਚਾਰਧਾਰਾ ਦਾ ਵਿਰੋਧਾਭਾਸ ਦੇਖੋ ਕਿ ਇਕ ਪਾਸੇ ਉਹ ਹਿਟਲਰ ਦੁਆਰਾ ਯਹੂਦੀਆਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਦੂਜੇ ਪਾਸੇ ਉਹ ਯਹੂਦੀਆਂ (ਇਜ਼ਰਾਈਲ) ਵਲੋਂ ਫਲਸਤੀਨੀਆਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੂੰ ਵੀ ਸਮਰਥਨ ਦਿੰਦਾ ਹੈ। ਕਰੂਰਤਾ ਅਤੇ ਨਫ਼ਰਤ ਆਰ. ਐੱਸ. ਐੱਸ. ਦੇ ਪ੍ਰਮੁੱਖ ਹਥਿਆਰ ਬਣੇ ਰਹੇ ਹਨ ਅਤੇ ਇਨ੍ਹਾਂ ਹਥਿਆਰਾਂ ਦੀ ਵਜ੍ਹਾ ਨਾਲ ਹੀ ਹੌਲੀ-ਹੌਲੀ ਇਸ ਜਮਾਤ ਨੇ ਭਾਰਤ ਵਰਗੇ ਉਦਾਰ, ਬਹੁਭਾਸ਼ੀ, ਬਹੁਧਰਮੀ ਅਤੇ ਬਹੁਨਸਲੀ ਦੇਸ਼ ਉੱਪਰ ਆਪਣੀ ਸੱਤਾ ਕਾਇਮ ਕੀਤੀ ਹੈ। ਸ਼ਮਸੁਲ ਇਸਲਾਮ ਨੇ ਆਪਣਾ ਇਹ ਮੋਨੋਗ੍ਰਾਫ਼ ਭਾਰਤ ਦੀਆਂ ਕਈ ਪ੍ਰਸਿੱਧ ਲਾਇਬ੍ਰੇਰੀਆਂ ਵਿਚ ਡੂੰਘਾ ਅਧਿਐਨ ਕਰਨ ਉਪਰੰਤ ਪੂਰਾ ਕੀਤਾ ਹੈ। ਅੰਤਿਕਾ ਵਿਚ ਇਸ ਪੁਸਤਕ ਦੀ ਤਿਆਰੀ ਲਈ ਵਰਤੇ 187 ਦੁਰਲੱਭ ਹਵਾਲੇ ਦਿੱਤੇ ਗਏ ਹਨ, ਜੋ ਇਸ ਸ਼ੋਧ-ਪ੍ਰਬੰਧ ਦੀ ਪ੍ਰਮਾਣਿਕਤਾ ਵੱਲ ਭਰਵੇਂ ਸੰਕੇਤ ਕਰਦੇ ਹਨ। ਗੋ-ਮਾਸ ਬਾਰੇ ਆਰ. ਐੱਸ. ਐੱਸ. ਵਲੋਂ ਮੁਸਲਮਾਨਾਂ ਵਿਰੁੱਧ ਟਿੱਪਣੀਆਂ ਨੂੰ ਖਾਰਿਜ ਕਰਦਾ ਉਹ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦਾ ਹੋਇਆ ਲਿਖਦਾ ਹੈ, 'ਇਕ ਸਮਾਂ ਉਹ ਸੀ ਜਦੋਂ ਕੋਈ ਬ੍ਰਾਹਮਣ ਗਊ-ਮਾਸ ਖਾਧੇ ਬਿਨਾਂ ਰਹਿ ਨਹੀਂ ਸਕਦਾ ਸੀ। ਜੋ ਗਊ-ਮਾਸ ਨਹੀਂ ਸੀ ਖਾਂਦਾ, ਉਹ ਚੰਗਾ ਹਿੰਦੂ ਨਹੀਂ ਸੀ।' (ਪੰਨਾ 101), ਜਾਤੀਵਾਦ, ਬ੍ਰਾਹਮਣਾਂ ਦੀ ਸਰਵਸ੍ਰੇਸ਼ਠਤਾ, ਦਲਿਤਾਂ ਅਤੇ ਸ਼ੂਦਰਾਂ ਦਾ ਤ੍ਰਿਸਕਾਰ, ਇਸਤਰੀਆਂ ਦਾ ਅਪਮਾਨ, ਵਹਿਮਾਂ-ਭਰਮਾਂ ਅਤੇ ਪਾਖੰਡਾਂ ਨਾਲ ਲਗਾਉ ਗੋਲਵਲਕਰ ਦੇ ਕੁਝ ਪ੍ਰਮੁੱਖ ਸਿਧਾਂਤ-ਸੂਤਰ ਹਨ। ਇਹੋ ਜਿਹੀ ਵਿਚਾਰਧਾਰਾ ਕਿਸੇ ਵੀ ਆਧੁਨਿਕ ਸਟੇਟ ਦਾ ਕਲਿਆਣ ਨਹੀਂ ਕਰ ਸਕਦੀ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ
ਮੁੱਖ ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਸਹਾਇਕ ਸੰਪਾਦਕ : ਪਵਨ ਹਰਚੰਦਪੁਰੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 1500 ਰੁਪਏ, ਸਫ਼ੇ : 857
ਸੰਪਰਕ : 99588-31357
ਬਹੁਪੱਖੀ ਤੇ ਬਹੁਵਿਧਾਈ ਲੇਖਕ ਡਾ. ਅਮਰ ਕੋਮਲ ਦੀ ਸਮੁੱਚੀ ਸਾਹਿਤਕ ਘਾਲ ਕਮਾਈ ਬਹੁਤ ਵੱਡੀ ਤੇ ਵਿਸ਼ੇਸ਼ ਹੈ। ਉਸ ਨੇ ਆਪਣੀ ਸਮੁੱਚੀ ਹਯਾਤੀ ਅਨੋਖੀ ਲਗਨ, ਸਮਰਪਣ ਤੇ ਸਿਰੜ ਨਾਲ ਸਾਹਿਤ ਸਿਰਜਣਾ ਤੇ ਚਿੰਤਨ ਦੇ ਲੇਖੇ ਲਾਈ ਹੈ। ਕੋਈ ਵਿਅਕਤੀ ਇਕੋ ਵੇਲੇ ਕਵਿਤਾ, ਵਾਰਤਕ, ਨਿਬੰਧ ਰਚਨਾ, ਕਹਾਣੀ, ਮਿੰਨੀ ਕਹਾਣੀ, ਸਮੀਖਿਆ, ਬਾਲ ਸਾਹਿਤ, ਜੀਵਨੀ, ਸਵੈਜੀਵਨੀ, ਸ਼ਬਦ ਚਿੱਤਰ, ਅਨੁਵਾਦ, ਸੰਪਾਦਨ ਆਦਿ। ਸਾਹਿਤ ਖੇਤਰਾਂ ਵਿਚ ਇਕੋ ਜਿੰਨੀ ਸਮਰੱਥਾ ਤੇ ਯੋਗਤਾ ਨਾਲ ਤਾਅਉਮਰ ਕਿਵੇਂ ਨਿਰੰਤਰ ਕਰਮਸ਼ੀਲ ਰਹਿ ਸਕਦਾ ਹੈ, ਅਜਿਹੀ ਵਿਰਲੀ ਉਦਾਹਰਨ ਡਾ. ਕੋਮਲ ਦਾ ਜੀਵਨ ਤੇ ਰਚਨਾ-ਸੰਸਾਰ ਹੈ। ਬਹੁਤ ਸਾਰੇ ਪਾਠਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਡਾ. ਕੋਮਲ ਹੁਣ ਤੱਕ 19 ਕਾਵਿ-ਸੰਗ੍ਰਹਿ, 25 ਨਿਬੰਧ ਸੰਗ੍ਰਹਿ, ਕਹਾਣੀ ਤੇ ਮਿੰਨੀ ਕਹਾਣੀ ਸੰਗ੍ਰਹਿ 9, 15 ਅਨੁਵਾਦ ਪੁਸਤਕਾਂ ਸਾਹਿਤ ਸਮੀਖਿਆ ਦੀਆਂ 14 ਪੁਸਤਕਾਂ ਸਮੇਤ ਕੁੱਲ 150 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ ਅਤੇ ਉਮਰ ਦੇ 10ਵੇਂ ਦਹਾਕੇ ਵਿਚ ਪ੍ਰਵੇਸ਼ ਪਾ ਚੁੱਕੀ, ਇਸ ਕਰਮਯੋਗੀ ਸ਼ਖ਼ਸੀਅਤ ਦਾ ਅਦਬੀ ਸਫਰ ਹਾਲਾਂ ਵੀ ਨਿਰੰਤਰ ਜਾਰੀ ਹੈ। ਅਜਿਹੀ ਵਿਲੱਖਣ ਸ਼ਖ਼ਸੀਅਤ ਸੰਬੰਧੀ, ਅਭਿਨੰਦਨ ਗ੍ਰੰਥ ਦਾ ਸਾਹਮਣੇ ਆਉਣਾ ਇਕ ਚੰਗੀ ਸਵਾਗਤਯੋਗ ਸਾਹਿਤਕ ਘਟਨਾ ਹੈ, ਜਿਸ ਲਈ ਮੁੱਖ ਸੰਪਾਦਕ ਡਾ. ਬਲਦੇਵ ਸਿੰਘ 'ਬੱਦਨ' 'ਤੇ ਸਾਹਿਤਕ ਸੰਪਾਦਕ ਪਵਨ ਹਰਚੰਦਪੁਰੀ ਪ੍ਰਸੰਸਾ ਦੇ ਹੱਕਦਾਰ ਹਨ। ਅਜਿਹੇ ਗ੍ਰੰਥ ਸੰਬੰਧਿਤ ਸ਼ਖ਼ਸੀਅਤ ਦੇ ਜੀਵਨ ਤੇ ਰਚਨਾ ਸੰਸਾਰ ਦਾ ਚੰਗਾ ਸਮੱਗਰ ਬਿੰਬ ਤਾਂ ਉਸਾਰਦੇ ਹੀ ਹਨ, ਨਾਲ ਹੀ ਇਹ ਦੂਜੇ ਲੇਖਕਾਂ, ਪਾਠਕਾਂ ਲਈ ਪ੍ਰੇਰਨਾ ਦਾ ਵਿਸ਼ੇਸ਼ ਸੋਮਾ ਵੀ ਹੋ ਨਿੱਬੜਦੇ ਹਨ।
ਇਸ ਵੱਡਅਕਾਰੀ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਸਮੁੱਚੀ ਵਿਉਂਤਬੰਦੀ, ਤਿਆਰੀ, ਮੈਟਰ ਦੀ ਚੋਣ ਤੇ ਪੇਸ਼ਕਾਰੀ ਬਹੁਤ ਵਧੀਆ ਹੈ, ਵਿਸ਼ੇਸ਼ ਕਰਕੇ ਮੈਟਰ ਦੀ ਚੋਣ, ਤਰਤੀਬ ਤੇ ਢੁਕਵੇਂ ਸਿਰਲੇਖਾਂ ਅਧੀਨ ਇਸ ਦਾ ਵਰਗੀਕਰਨ ਬਹੁਤ ਪ੍ਰਭਾਵਸ਼ਾਲੀ ਹੈ। ਸੰਪਾਦਨ ਖੇਤਰ ਵਿਚ ਡਾ. 'ਬੱਦਨ' ਦਾ ਲੰਮਾ ਅਨੁਭਵ ਵਿਸ਼ੇਸ਼ ਰੂਪ ਵਿਚ ਕੰਮ ਆਇਆ ਜਾਪਦਾ ਹੈ। ਸਾਰੇ ਮੈਟਰ ਨੂੰ 17 ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਪਹਿਲੇ ਭਾਗ ਵਿਚ ਮਹੱਤਵਪੂਰਨ ਵਿਅਕਤੀਆਂ ਦੇ ਸੰਦੇਸ਼ ਹਨ। ਆਰੰਭ ਵਿਚ ਲੇਖਕ ਦੇ ਪਰਿਵਾਰਕ ਮੈਂਬਰਾਂ ਦੇ ਵਿਚਾਰ ਵੀ ਅੰਕਿਤ ਕਰ ਦਿੱਤੇ ਗਏ ਹਨ। ਡਾ. ਬੱਦਨ ਨੇ ਆਪਣੇ ਸੰਪਾਦਕੀ ਰਾਹੀਂ ਪੰਜਾਬੀ ਵਿਚ ਅਭਿਨੰਦਨ ਗ੍ਰੰਥ/ਸਿਮਰਤੀ ਗ੍ਰੰਥ ਪਰੰਪਰਾ ਦਾ ਚੰਗਾ ਲੇਖਾ-ਜੋਖਾ ਪੇਸ਼ ਕਰਦਿਆਂ ਇਸ ਦੇ ਪ੍ਰਕਾਸ਼ਨ ਦੇ ਮਹੱਤਵ ਨੂੰ ਸਟੀਕ ਸ਼ਬਦਾਂ ਵਿਚ ਬਿਆਨ ਕੀਤਾ ਹੈ। 16ਵੇਂ ਤੇ 17ਵੇਂ ਭਾਗ ਵਿਚ ਡਾ. ਕੋਮਲ ਦੀ ਆਲੋਚਨਾ ਵੰਨਗੀ ਤੇ ਸਮੀਖਿਆ ਦੇ ਕੁਝ ਨਮੂਨੇ ਪੇਸ਼ ਕੀਤੇ ਗਏ ਹਨ। ਮੇਰੇ ਵਿਚਾਰ ਅਨੁਸਾਰ ਅਜਿਹੇ ਗ੍ਰੰਥਾਂ ਦੀ ਸਾਰਥਿਕਤਾ ਦਾ ਇਹ ਪੱਖ ਵੀ ਧਿਆਨਯੋਗ ਹੈ, ਕਿ ਇਹ ਲੇਖਕ ਨੂੰ ਪਾਠਕ ਦੇ ਹੋਰ ਨੇੜੇ ਲਿਆਉਂਦੇ ਹਨ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਪਰੀ ਦੀ ਉਡਾਰੀ
ਲੇਖਕ : ਸਤਪਾਲ ਭੀਖੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 36
ਸੰਪਰਕ : 98761-55530
ਪੰਜਾਬੀ ਬਾਲ ਸਾਹਿਤ ਵਿਚ ਇਕਾਂਗੀਆਂ ਦੀ ਮੁੱਢ ਤੋਂ ਹੀ ਘਾਟ ਰਹੀ ਹੈ। ਸਤਪਾਲ ਭੀਖੀ ਦੀ ਨਵੀਂ ਬਾਲ ਪੁਸਤਕ 'ਪਰੀ ਦੀ ਉਡਾਰੀ' ਇਸੇ ਸਿਨਫ਼ ਨਾਲ ਤਾਅਲੁਕ ਰੱਖਦੀ ਹੈ। ਇਸ ਪੁਸਤਕ ਵਿਚ ਕੁੱਲ 6 ਬਾਲ ਇਕਾਂਗੀਆਂ ਸੰਮਿਲਤ ਹਨ, ਜਿਨ੍ਹਾਂ ਵਿਚੋਂ ਤਿੰਨ ਕਾਵਿ-ਰੂਪ ਵਿਚ ਸਿਰਜੀਆਂ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦਾਣਾ ਮੰਡੀ ਪਟਿਆਲਾ ਦੇ ਨੰਨ੍ਹੇ ਲਿਖਾਰੀਆਂ ਨੂੰ ਸਮਰਪਿਤ ਇਸ ਪੁਸਤਕ ਦੀ ਪ੍ਰਥਮ ਇਕਾਂਗੀ 'ਧਰਤੀ ਬੋਲੀ' ਹੈ, ਜਿਸ ਦੇ ਕਿਰਦਾਰ ਧਰਤੀ ਤੋਂ ਇਲਾਵਾ ਜੜ੍ਹ, ਤਣਾ, ਟਾਹਣੀ, ਪੱਤੇ, ਫੁੱਲ ਅਤੇ ਫ਼ਲ ਆਦਿ ਹਨ। ਗੁੱਸੇ ਅਤੇ ਹੰਕਾਰ ਵਿਚ ਆ ਕੇ ਕੁਝ ਕਿਰਦਾਰ ਆਪੋ-ਆਪਣੀ ਮਹਾਨਤਾ ਤੇ ਗੁਣਾਂ ਦੇ ਲੱਛਣਾਂ ਦਾ ਵਿਖਿਆਨ ਕਰਦੇ ਹੋਏ ਇਕ-ਦੂਜੇ ਤੋਂ ਵੱਧ ਤਾਕਤਵਰ ਹੋਣ ਦਾ ਢੌਂਗ ਰਚਦੇ ਹਨ, ਪਰੰਤੂ ਛੇਤੀ ਹੀ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਕਿ ਇਕੱਲੇ ਇਕੱਲੇ ਉਹ ਕੁਝ ਨਹੀਂ ਹਨ, ਸਗੋਂ ਉਨ੍ਹਾਂ ਸਾਰਿਆਂ ਦਾ ਅਸਤਿੱਤਵ ਤਾਂ ਧਰਤੀ ਦੀ ਬਦੌਲਤ ਹੈ ਅਤੇ ਆਪਸੀ ਏਕਤਾ ਵਿਚੋਂ ਹੀ ਕੋਈ ਸਾਰਥਿਕ ਨਤੀਜਾ ਨਿਕਲਦਾ ਹੈ। 'ਮਿਲ ਕੇ ਰਹੀਏ' ਇਕਾਂਗੀ ਦਾ ਘਟਨਾਕ੍ਰਮ ਸਕੂਲ ਵਿਚ ਵਾਪਰਦਾ ਹੈ। ਆਪਣੀਆਂ ਸ਼ਰਾਰਤਾਂ, ਨਲਾਇਕੀਆਂ ਅਤੇ ਚਾਲਬਾਜ਼ੀਆਂ ਵਿਚ ਗ਼ਲਤਾਨ ਝੂਠਲ, ਨਕਲੂ, ਗਾਲੂ, ਲੜਾਕੂ, ਆਲਸੂ ਆਦਿ ਪਾਤਰ ਵੀ ਤਕੱਬਰ ਨਾਲ ਭਰੇ ਹੋਏ ਹਨ। ਅੰਤ ਉਹ ਵੀ ਇਕ ਹੋਰ ਪਾਤਰ ਸਚਿਆਰ ਦੀ ਪ੍ਰੇਰਨਾ ਨਾਲ ਨਿੱਗਰ ਜੀਵਨ-ਮੁੱਲਾਂ ਨੂੰ ਗ੍ਰਹਿਣ ਕਰਨ ਦਾ ਪ੍ਰਣ ਕਰਦੇ ਹਨ। 'ਕੌਣ ਮੋਨੀਟਰ' ਇਕਾਂਗੀ ਦਾ ਵਸਤੂ-ਜਗਤ ਵੀ ਸਕੂਲੀ ਸਿੱਖਿਆ ਨਾਲ ਸੰਬੰਧਿਤ ਹੈ। ਇਸ ਇਕਾਂਗੀ ਵਿਚ ਅੰਬ, ਸੇਬ, ਕੇਲਾ, ਪਪੀਤਾ, ਅਨਾਰ, ਤਰਬੂਜ਼, ਖ਼ਰਬੂਜ਼ਾ, ਬੇਰ, ਲੀਚੀ, ਅਮਰੂਦ, ਰੁੱਖ ਆਦਿ ਪਾਤਰ ਇਹ ਵਾਦ-ਵਿਵਾਦ ਪੈਦਾ ਕਰਦੇ ਹਨ ਕਿ ਉਹ ਇਕ ਦੂਜੇ ਤੋਂ ਸਰਬਸੰਪੰਨ ਹੋਣ ਸਦਕਾ ਜਮਾਤ ਦਾ ਮੋਨੀਟਰ ਬਣਨ ਦਾ ਹੱਕ ਰੱਖਦੇ ਹਨ ਪਰੰਤੂ ਰੁੱਖ ਉਨ੍ਹਾਂ ਦੀ ਤੂੰ-ਤੂੰ ਮੈਂ-ਮੈਂ ਦੀ ਸਮੱਸਿਆ ਦਾ ਇਸ ਦਲੀਲ ਨਾਲ ਕਰਦਾ ਹੈ ਕਿ ਜਿਹੜੀ-ਜਿਹੜੀ ਰੁੱਤ ਵਿਚ ਜਿਹੜੇ ਫ਼ਲ ਆਉਂਦੇ ਹਨ, ਉਸੇ ਰੁੱਤ ਦੌਰਾਨ ਹੀ ਉਹ ਆਪਣੀ ਜਮਾਤ ਦਾ ਮੋਨੀਟਰ ਬਣੇ ਰਹਿਣਗੇ। 'ਪਰੀ ਦੀ ਉਡਾਰੀ' ਇਕਾਂਗੀ ਦੇ ਪਾਤਰ ਆਪਣੀਆਂ ਕਵਿਤਾਵਾਂ, ਕਹਾਣੀਆਂ ਅਤੇ ਚਿੱਤਰਾਂ ਦੀ ਸਿਰਜਣਾ ਕਰਕੇ ਸਕੂਲੀ ਰਸਾਲਾ ਤਿਆਰ ਕਰਦੇ ਹੋਏ ਇਹ ਪੈਗ਼ਾਮ ਦਿੰਦੇ ਹਨ ਕਿ ਬਾਲ ਮਨਾਂ ਵਿਚ ਸਿਰਜਣਾਤਮਕਤਾ ਦਾ ਅਮੁੱਕ ਪਰਵਾਹ ਸਦੈਵ ਪਰਵਾਹਮਾਨ ਰਹਿੰਦਾ ਹੈ, ਜਿਨ੍ਹਾਂ ਸਦਕਾ ਉਹ ਭਵਿੱਖ ਵਿਚ ਅੱਗੇ ਵਧ ਸਕਦੇ ਹਨ। 'ਆਓ ਮਿਲ ਕੇ ਕਰੀਏ ਕੰਮ' ਇਕਾਂਗੀ ਵਿਚ ਵੱਖ-ਵੱਖ ਪਾਤਰ ਵੱਖ-ਵੱਖ ਕਿਸਮ ਦੇ ਵਿਦਿਅਕ-ਮਾਟੋ ਤਿਆਰ ਕਰਕੇ ਪ੍ਰਾਕ੍ਰਿਤਕ ਸ੍ਰੋਤਾਂ ਅਤੇ ਜੀਵਨ ਮੁੱਲਾਂ ਦੀ ਰਖਵਾਲੀ ਕਰਨ ਦੇ ਸੁਨੇਹੇ ਦਿੰਦੇ ਹਨ। ਆਖ਼ਰੀ ਇਕਾਂਗੀ 'ਜਸ਼ਨ ਦਾ ਸਨਮਾਨ' ਪਾਠਕਾਂ ਦੇ ਮਨਾਂ ਵਿਚ ਈਮਾਨਦਾਰੀ, ਸੱਚਾਈ, ਫ਼ਰਜ਼ਸੱਨਾਸ਼ੀ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦੇ ਮਕਸਦ ਦੀ ਪੂਰਤੀ ਕਰਦੀ ਹੈ। ਬਾਲ ਚਿੱਤਰਕਾਰਾਂ ਦੀਆਂ ਤੂਲਿਕਾਵਾਂ ਸੰਬੰਧਿਤ ਵਿਸ਼ਿਆਂ ਨੂੰ ਸਚਿੱਤਰਤ ਰੂਪ ਵਿਚ ਸਮਝਣ ਵਿਚ ਮਦਦਗਾਰ ਬਣਦੀਆਂ ਹਨ। ਪਾਤਰਾਂ ਦੇ ਸੰਵਾਦ ਸੰਖੇਪ ਅਤੇ ਸਰਲ ਹਨ, ਜਿਸ ਕਾਰਨ ਸਾਧਾਰਨ ਵਿਦਿਆਰਥੀ ਵੀ ਇਨ੍ਹਾਂ ਨੂੰ ਆਸਾਨੀ ਨਾਲ ਕੰਠ ਕਰ ਸਕਦੇ ਹਨ। ਪੁਸਤਕ ਦੀ ਕੀਮਤ ਆਮ ਬਾਲ ਪਾਠਕ ਵਰਗ ਦੀ ਪਹੁੰਚ ਤੋਂ ਦੂਰ ਹੈ। ਇਸ ਪਾਸੇ ਪ੍ਰਕਾਸ਼ਨ-ਸੰਸਥਾ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਕੁੱਲ ਮਿਲਾ ਕੇ ਪੜ੍ਹਨਯੋਗ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਮੇਰੀਆਂ ਸਾਰੀਆਂ ਕਹਾਣੀਆਂ
(ਭਾਗ-2)
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 625 ਰੁਪਏ, ਸਫ਼ੇ : 504
ਸੰਪਰਕ : 99151-03490
ਹਰਜੀਤ ਅਟਵਾਲ ਪੰਜਾਬੀ ਸਾਹਿਤ ਖੇਤਰ 'ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਸਾਹਿਤ ਖੇਤਰ ਦਾ ਇਕ ਮਹੱਤਵਪੂਰਨ ਸਾਹਿਤਕਾਰ ਹੈ। ਭਾਵੇਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਠਕਾਂ ਅਤੇ ਉੱਚ ਅਕਾਦਮਿਕ ਹਲਕਿਆਂ ਵਿਚ ਹਰਜੀਤ ਅਟਵਾਲ ਦਾ ਨਾਂਅ ਇਕ ਨਾਵਲਕਾਰ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। 'ਵੰਨ ਵੇਅ' ਅਤੇ 'ਰੇਤ' ਕਾਫ਼ੀ ਸਮਾਂ ਯੂਨੀਵਰਸਿਟੀ ਸਿਲੇਬਸ ਵਿਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਨਾਵਲ ਰਹੇ ਹਨ। ਇਸ ਤੋਂ ਇਲਾਵਾ 'ਬ੍ਰਿਟਿਸ਼ ਬੌਰਨ ਦੇਸੀ', 'ਸਵਾਰੀ' ਅਤੇ 'ਜੇਠੂ' ਵੀ ਕਾਫ਼ੀ ਚਰਚਾ ਵਿਚ ਰਹੇ ਨਾਵਲ ਹਨ। ਜਿਵੇਂ ਕਿਸੇ ਸਾਹਿਤਕਾਰ ਦੀਆਂ ਰਚਨਾਵਾਂ ਵਿਚੋਂ ਉੱਭਰਦੀ ਮੁੱਖ ਸੁਰ ਦੇ ਤਹਿਤ ਹੀ ਉਸ ਦਾ ਸਾਹਿਤਕ ਰੁਤਬਾ ਮਾਪਿਆ ਜਾਂਦਾ ਹੈ, ਇਸ ਹਿਸਾਬ ਨਾਲ ਹਰਜੀਤ ਅਟਵਾਲ ਪਰਵਾਸੀ ਪੰਜਾਬੀ ਨਾਵਲ ਦੇ ਖੇਤਰ ਵਿਚ ਵਿਸ਼ੇਸ਼ ਦਰਜਾ ਰੱਖਦਾ ਹੈ। ਪਰ ਵਰਣਨਯੋਗ ਹੈ ਕਿ ਹਰਜੀਤ ਅਟਵਾਲ ਇਸ ਦੇ ਬਰਾਬਰ ਕਹਾਣੀਆਂ ਵੀ ਲਿਖਦਾ ਰਿਹਾ ਹੈ ਅਤੇ ਹੋਰ ਸਾਹਿਤਕ ਵਿਧਾਵਾਂ ਵਿਚ ਸਿਰਜਣਾ ਵੀ ਕਰਦਾ ਰਿਹਾ ਹੈ ਅਤੇ ਸੰਪਾਦਨ ਦਾ ਕਾਰਜ ਵੀ ਕਰਦਾ ਰਿਹਾ ਹੈ।
'ਮੇਰੀਆਂ ਸਾਰੀਆਂ ਕਹਾਣੀਆਂ' (ਭਾਗ ਦੂਜਾ) ਹਰਜੀਤ ਅਟਵਾਲ ਦੀਆਂ ਕਹਾਣੀਆਂ ਦਾ ਸਮੁੱਚਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੇ ਪੰਜਵੇਂ ਤੋਂ ਲੈ ਕੇ ਅੱਠਵੇਂ ਕਹਾਣੀ-ਸੰਗ੍ਰਹਿ 'ਇਕ ਸੱਚ ਮੇਰਾ ਵੀ', 'ਨਵੇਂ ਗੀਤ ਦਾ ਮੁੱਖੜਾ', 'ਇਕ ਗੱਲ ਜੇ ਦਿਲ ਲੱਗੇ', 'ਮਸਤ' ਆਦਿ ਵਿਚਲੀਆਂ 56 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਕਿਉਂਕਿ ਰੀਵਿਊ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਹਨ। ਇਸ ਕਰਕੇ ਇਥੇ ਹਰਜੀਤ ਅਟਵਾਲ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ 56 ਕਹਾਣੀਆਂ ਦਾ ਮੁਲਾਂਕਣ ਕਰਨਾ ਤਾਂ ਏਨਾ ਸੌਖਾ ਨਹੀਂ ਪਰ ਜੇਕਰ ਦੇਖਿਆ ਜਾਵੇ ਤਾਂ ਹਰਜੀਤ ਅਟਵਾਲ ਸਾਡੇ ਸਮਾਜਿਕ, ਆਰਥਿਕ ਅਤੇ ਪਰਿਵਾਰਕ ਸਰੋਕਾਰਾਂ ਵਿਚਲੇ ਉਨ੍ਹਾਂ ਸਰੋਕਾਰਾਂ ਨੂੰ ਪਕੜਦਾ ਹੈ ਜੋ ਆਮ ਸਧਾਰਨ ਮਨੁੱਖੀ ਜ਼ਿੰਦਗੀ ਨੂੰ ਅਸੰਤੁਲਨਮਈ ਮਾਹੌਲ ਪ੍ਰਦਾਨ ਕਰ ਰਹੇ ਹਨ। ਹਰਜੀਤ ਅਟਵਾਲ ਦੀਆਂ ਕਹਾਣੀਆਂ ਵਿਚਲਾ ਸਮਾਜਿਕ ਆਪਾ ਕੇਵਲ ਪਰਵਾਸ ਭੋਗ ਰਹੇ ਪਰਵਾਸੀ ਪੰਜਾਬੀ ਸਮਾਜ ਦੇ ਪਾਤਰਾਂ ਨੂੰ ਹੀ ਪੇਸ਼ ਨਹੀਂ ਕਰਦਾ ਸਗੋਂ ਇਹ ਵਿਦੇਸ਼ੀ ਧਰਤੀ ਦੇ ਮੂਲ ਨਿਵਾਸੀ ਵੀ ਹਨ ਜੋ ਪਰਿਵਾਰਕ ਅਤੇ ਸਮਾਜਿਕ ਸੰਕਟਾਂ ਨਾਲ ਦੋ-ਚਾਰ ਹੋ ਰਹੇ ਹਨ। ਹਰਜੀਤ ਅਟਵਾਲ ਦੀਆਂ ਇਹ ਕਹਾਣੀਆਂ ਭੂ-ਹੇਰਵੇ ਸਭਿਆਚਾਰਕ ਤਣਾਓ, ਪੀੜ੍ਹੀ ਪਾੜੇ ਅਤੇ ਨਸਲੀ ਵਿਤਕਰੇ ਦੇ ਸਰੋਕਾਰਾਂ ਨੂੰ ਹੀ ਪੇਸ਼ ਨਹੀਂ ਕਰਦੀਆਂ ਸਗੋਂ ਉਸ ਤੋਂ ਵੀ ਅਗਾਂਹ ਸਮੇਂ ਦੀ ਰਫ਼ਤਾਰ ਵਿਚ ਜਿਹੜੇ ਨਵੇਂ ਅੰਤਰ ਵਿਰੋਧ ਪੈਦਾ ਹੋ ਰਹੇ ਹਨ, ਉਨ੍ਹਾਂ ਦੀ ਪਕੜ ਇਹ ਕਹਾਣੀਆਂ ਕਰ ਰਹੀਆਂ ਅਤੇ ਨਵੇਂ ਅਤੇ ਮੌਲਿਕ ਵਿਸ਼ਿਆਂ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ, ਵਿਸ਼ੇਸ਼ ਕਰਕੇ ਮਸਤ, ਨਵੇਂ ਗੀਤ ਦਾ ਮੁਖੜਾ, 'ਜਸ਼ਨ', 'ਚਿੱਪੀ' ਆਦਿ ਕਹਾਣੀਆਂ ਨਵੇਂ ਨਜ਼ਰੀਏ ਤੋਂ ਬਿਰਤਾਂਤ ਸਿਰਜਦੀਆਂ ਹਨ। ਹਰਜੀਤ ਅਟਵਾਲ ਦਾ ਇਹ ਕਹਾਣੀ ਸੰਗ੍ਰਹਿ ਮੇਰੀਆਂ ਸਾਰੀਆਂ ਕਹਾਣੀਆਂ ਭਾਗ-ਦੂਜਾ ਪਾਠਕਾਂ ਦਾ ਹੁੰਗਾਰਾ ਜ਼ਰੂਰ ਪ੍ਰਾਪਤ ਕਰੇਗਾ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611