ਪਾਕਿਸਤਾਨ ਦੇ ਸ਼ਹਿਰ ਲਾਹੌਰ ਤੇ ਮੁਲਤਾਨ ਵਿਚ ਲੱਗਾ ਲਾਕਡਾਊਨ
ਅਟਾਰੀ, (ਅੰਮ੍ਰਿਤਸਰ), 16 ਨਵੰਬਰ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ)- ਪਾਕਿਸਤਾਨ ਦੇ ਸ਼ਹਿਰ ਲਾਹੌਰ ਅੰਦਰ ਪਿਛਲੇ ਦਿਨਾਂ ਤੋਂ ਵਾਤਾਵਰਨ ਪ੍ਰਦੂਸ਼ਣ ਵਿਚ ਆ ਰਹੀ ਲਗਾਤਾਰ ਖ਼ਰਾਬੀ ਦੇ ਕਾਰਨ ਪਾਕਿਸਤਾਨ ਸਰਕਾਰ ਨੇ ਅੱਜ 16 ਨਵੰਬਰ ਤੋਂ ਲੈ ਕੇ 24 ਨਵੰਬਰ ਤੱਕ ਮੁਕੰਮਲ ਤੌਰ ’ਤੇ ਮੁਲਤਾਨ ਅਤੇ ਲਾਹੌਰ ਅੰਦਰ ਲਾਕਡਾਊਨ ਲਗਾ ਦਿੱਤਾ ਹੈ। ਪਾਕਿਸਤਾਨ ਪੰਜਾਬ ਦੇ ਵਾਤਾਵਰਨ ਸਾਂਭ ਸੰਭਾਲ ਮਹਿਕਮੇ ਵਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਇਹ ਲਾਕਡਾਊਨ ਕੋਰੋਨਾ ਦੀ ਤਰ੍ਹਾਂ ਹੋਵੇਗਾ, ਜਿਸ ਵਿਚ ਸਕੂਲੀ ਅਤੇ ਕਾਲਜ ਦੇ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰਨਗੇ ਤੇ ਇਸ ਦੇ ਨਾਲ ਹੀ ਹਾਈ ਪਾਵਰ ਵਾਹਨ ਤੇ ਇੱਟਾਂ ਦੇ ਭੱਠੇ ਬੰਦ ਰੱਖੇ ਜਾਣਗੇ ਤੇ ਹੋਟਲ ਰੈਸਟੋਰੈਂਟ ਦੁਕਾਨਾਂ ਸ਼ਾਮ ਚਾਰ ਵਜੇ ਤੱਕ ਖੁੱਲ੍ਹਿਆ ਕਰਨਗੀਆਂ। ਪਾਕਿਸਤਾਨ ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਇਸ ਲਾਕਡਾਊਨ ਵਿਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਸੇਵਾਵਾਂ ਲਈ ਐਮਰਜੈਂਸੀ ਵਾਲੇ ਵਹੀਕਲ ਨੂੰ ਆਉਣ ਜਾਣ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੋਵੇਗੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਾਰਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਗਿਆ ਹੈ, ਜਿਸ ਦੀ ਵਾਪਸੀ 23 ਨਵੰਬਰ ਨੂੰ ਲਾਹੌਰ ਤੋਂ ਭਾਰਤ ਹੋਵੇਗੀ। ਇਸ ਭਾਰਤੀ ਜਥੇ ਦੇ ਮੈਂਬਰਾਂ ਨੂੰ ਲਾਹੌਰ ਵਿਖੇ ਦੋ ਦਿਨ ਰੁਕਣ ’ਤੇ ਬਾਜ਼ਾਰਾਂ ਵਿਚ ਆਉਣ ਜਾਣ ’ਤੇ ਰੋਕ ਹੋਣ ਦੇ ਬਾਵਜੂਦ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।