ਅੱਜ ਤੋਂ ਦੋ ਦਿਨਾਂ ਦੌਰੇ ’ਤੇ ਨਾਈਜੀਰੀਆ ਜਾਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 16 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਲਈ ਨਾਈਜੀਰੀਆ ਦਾ ਦੌਰਾ ਕਰਨਗੇ। ਇਸ ਨਾਲ ਉਨ੍ਹਾਂ ਦਾ ਤਿੰਨ ਦੇਸ਼ਾਂ ਦਾ ਵਿਦੇਸ਼ ਦੌਰਾ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ 16-17 ਨਵੰਬਰ ਨੂੰ ਅਫਰੀਕੀ ਦੇਸ਼ ਨਾਈਜੀਰੀਆ ਦਾ ਦੌਰਾ ਕਰਨ ਤੋਂ ਬਾਅਦ ਬ੍ਰਾਜ਼ੀਲ ਪਹੁੰਚਣਗੇ, ਜਿੱਥੇ ਪ੍ਰਧਾਨ ਮੰਤਰੀ ਜੀ-20 ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਗੁਆਨਾ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਤਿਨੂਬੂ ਦੇ ਸੱਦੇ ’ਤੇ ਨਾਈਜੀਰੀਆ ਦਾ ਦੌਰਾ ਕਰ ਰਹੇ ਹਨ। ਹਾਲ ਹੀ ’ਚ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇ ਦੌਰੇ ਦੀ ਜਾਣਕਾਰੀ ਦਿੱਤੀ ਸੀ। ਆਰਥਿਕ ਸੰਬੰਧਾਂ ਦੇ ਸਕੱਤਰ ਦਮੂ ਰਵੀ ਨੇ ਇਕ ਬਿਆਨ ’ਚ ਕਿਹਾ ਕਿ ਭਾਰਤ ਦਾ ਇਹ ਦੌਰਾ 17 ਸਾਲਾਂ ਦੇ ਵਕਫੇ ਤੋਂ ਬਾਅਦ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਾਈਜੀਰੀਆ ਦੌਰਾ ਕਈ ਮਾਇਨਿਆਂ ਤੋਂ ਖਾਸ ਹੈ ਕਿਉਂਕਿ 17 ਸਾਲ ਬਾਅਦ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਇਸ ਅਫਰੀਕੀ ਦੇਸ਼ ਦਾ ਦੌਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮਨਮੋਹਨ ਸਿੰਘ ਅਕਤੂਬਰ 2007 ਵਿਚ ਨਾਈਜੀਰੀਆ ਗਏ ਸਨ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਸਥਾਪਿਤ ਹੋਈ।