ਗੁਜਰਾਤ ਵਿਚ ਅੰਤਰਰਾਸ਼ਟਰੀ ਡਰੱਗ ਕਾਰਟੈਲ ਤੋਂ 700 ਕਿੱਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ
ਨਵੀਂ ਦਿੱਲੀ, 15 ਨਵੰਬਰ (ਏ.ਐਨ.ਆਈ.) ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਾਈ ਵਿਚ ਇਕ ਇਤਿਹਾਸਕ ਪ੍ਰਾਪਤੀ ਵਜੋਂ, ਭਾਰਤੀ ਅਧਿਕਾਰੀਆਂ ਨੇ ਗੁਜਰਾਤ ਵਿਚ ਸੰਚਾਲਿਤ ਇਕ ਅੰਤਰਰਾਸ਼ਟਰੀ ਡਰੱਗ ਕਾਰਟੈਲ ਤੋਂ ਲਗਭਗ 700 ਕਿੱਲੋਗ੍ਰਾਮ ਮੈਥਾਮਫੇਟਾਮਾਈਨ ਡਰੱਗ ਜ਼ਬਤ ਕੀਤੀ ਹੈ। ਐਨ.ਸੀ.ਬੀ., ਭਾਰਤੀ ਜਲ ਸੈਨਾ, ਅਤੇ ਏ.ਟੀ.ਐਸ. ਗੁਜਰਾਤ ਪੁਲਿਸ ਦੁਆਰਾ ਕੀਤੇ ਗਏ ਇੱਕ ਸੰਯੁਕਤ ਆਪ੍ਰੇਸ਼ਨ ਵਿਚ, ਲਗਭਗ 700 ਕਿੱਲੋਗ੍ਰਾਮ ਮੈਥ ਦੀ ਖੇਪ ਦੇ ਨਾਲ ਇਕ ਜਹਾਜ਼ ਨੂੰ ਭਾਰਤ ਦੇ ਖੇਤਰੀ ਪਾਣੀਆਂ ਵਿਚ ਰੋਕਿਆ ਗਿਆ ਸੀ। ਜਹਾਜ਼ 'ਤੇ ਬਿਨਾਂ ਕਿਸੇ ਪਛਾਣ ਦਸਤਾਵੇਜ਼ ਦੇ ਮਿਲੇ ਅੱਠ ਵਿਦੇਸ਼ੀ ਨਾਗਰਿਕਾਂ ਨੇ ਈਰਾਨੀ ਹੋਣ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਬੇਮਿਸਾਲ ਅੰਤਰ-ਏਜੰਸੀ ਤਾਲਮੇਲ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ।