ਗੁਰਪ੍ਰੀਤ ਸਿੰਘ ਹਰੀ ਨੌਂ ਮਾਮਲੇ ਚ ਇਕ ਹੋਰ ਗ੍ਰਿਫ਼ਤਾਰ , ਮੱਧ ਪ੍ਰਦੇਸ਼ ਨਾਲ ਜੁੜੇ ਤਾਰ
ਫ਼ਰੀਦਕੋਟ ,10 ਨਵੰਬਰ- ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵਿਚ ਗੈਂਗਸਟਰ ਅਰਸ਼ ਡੱਲਾ ਦੇ ਦੋ ਮੁੱਖ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਨੇ ਘੱਟੋ-ਘੱਟ ਚਾਰ ਹੋਰ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਮੱਧ ਪ੍ਰਦੇਸ਼ ਵਿਚ ਇਕ ਕਤਲ ਸਮੇਤ ਤਿੰਨ ਸਨਸਨੀਖੇਜ਼ ਅਪਰਾਧਾਂ ਨੂੰ ਸੁਲਝਾ ਲਿਆ ਹੈ। ਇਹ ਆਪ੍ਰੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ , ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਫ਼ਰੀਦਕੋਟ ਜ਼ਿਲ੍ਹਾ ਪੁਲਿਸ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਰੇਕੀ ਮਾਡਿਊਲ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਡਾ: ਪ੍ਰਗਿਆ ਜੈਨ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਵਾਸੀ ਭਦੌੜ, ਬਰਨਾਲਾ ਅਤੇ ਨਵਜੋਤ ਸਿੰਘ ਉਰਫ਼ ਨੀਤੂ ਵਾਸੀ ਨਿੱਝਰ ਰੋਡ, ਖਰੜ ਵਜੋਂ ਕੀਤੀ ਹੈ।