10-11-2024
ਕੁਸ਼ਤਾ ਗ਼ਜ਼ਲ ਸੰਗ੍ਰਹਿ
ਗ਼ਜ਼ਲਕਾਰ : ਮੌਲਾ ਬਖ਼ਸ਼ ਕੁਸ਼ਤਾ
ਲਿਪੀਅੰਤਰ : ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 94635-26893
1903 ਵਿਚ ਛਪਿਆ ਉਨ੍ਹਾਂ ਦਾ ਦੀਵਾਨ ਪੰਜਾਬੀ ਭਾਸ਼ਾ ਵਿਚ ਪਹਿਲਾ ਦੀਵਾਨ ਮੰਨਿਆਂ ਜਾਂਦਾ ਹੈ। ਗ਼ਜ਼ਲ ਵੱਲ ਆਕਰਸ਼ਿਤ ਹੋਈਆਂ ਨਵੀਆਂ ਕਲਮਾਂ ਕੁਸ਼ਤਾ ਦੇ ਨਾਂਅ ਤੋਂ ਤਾਂ ਵਾਕਿਫ਼ ਹੋਣਗੀਆਂ ਕੁਝ ਨੇ ਕੁਸ਼ਤਾ ਦੀਆਂ ਇਕਾ-ਦੁੱਕਾ ਗ਼ਜ਼ਲਾਂ ਵੀ ਪੜ੍ਹੀਆਂ ਹੋਣਗੀਆਂ, ਪਰ ਇਕ ਪੁਸਤਕ ਵਿਚ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਮਿਲਣਾ ਸ਼ਾਇਦ ਬਹੁਤਿਆਂ ਨੂੰ ਪ੍ਰਾਪਤ ਨਹੀਂ ਹੋਇਆ ਹੋਵੇਗਾ। ਮੈਂ 'ਕੁਸ਼ਤਾ ਗ਼ਜ਼ਲ ਸੰਗ੍ਰਹਿ' ਨੂੰ ਏਸੇ ਲਈ ਇਕ ਮਹੱਤਵਪੂਰਨ ਪੇਸ਼ਕਾਰੀ ਸਮਝਦਾ ਹਾਂ ਜੋ ਉਂਨੀਵੀਂ ਸਦੀ ਵਿਚ ਲਿਖੀ ਗਈ ਪੰਜਾਬੀ ਗ਼ਜ਼ਲ ਦੀ ਸ਼ਨਾਖ਼ਤ ਵੀ ਕਰਦੀ ਹੈ। ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ ਦੀ ਗ਼ਜ਼ਲਕਾਰੀ ਨੂੰ ਸਮਝਣ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨੇੜਿਓਂ ਜਾਨਣ ਲਈ ਇਹ ਪੁਸਤਕ ਬਹੁਤ ਲਾਹੇਬੰਦੀ ਸਾਬਿਤ ਹੁੰਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਦੇ ਮੁੱਢਲੇ ਸਫ਼ਿਆਂ 'ਤੇ ਪੰਜਾਬੀ ਦੇ ਸਮਰੱਥ ਵਿਦਵਾਨਾਂ ਚੌਧਰੀ ਮੁਹੰਮਦ ਅਫ਼ਜ਼ਲ ਖ਼ਾਂ (ਸਪੁੱਤਰ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ) ਤੇ ਡਾ. ਦੀਵਾਨ ਸਿੰਘ ਦੇ ਕੁਸ਼ਤਾ ਬਾਰੇ ਜਾਣਕਾਰੀ ਭਰਪੂਰ ਲੇਖ ਵੀ ਸ਼ਾਮਿਲ ਕੀਤੇ ਗਏ ਹਨ। ਇਸ ਸੰਗ੍ਰਹਿ ਵਿਚ ਕੁਸ਼ਤਾ ਦੀਆਂ 133 ਗ਼ਜ਼ਲਾਂ ਛਾਪੀਆਂ ਗਈਆਂ ਹਨ ਜਿਨ੍ਹਾਂ ਵਿਚ ਸੂਫ਼ੀਆਨਾ ਜਲੌਅ, ਇਸ਼ਕ ਦਾ ਜਲਾਲ, ਦੇਸ਼ ਪਿਆਰ ਤੇ ਉੱਚ ਮਾਨਵੀ ਕਦਰਾਂ-ਕੀਮਤਾਂ ਦੀ ਕਾਇਮੀ ਲਈ ਨਸੀਹਤਾਂ ਮਿਲਦੀਆਂ ਹਨ। ਬਿਨਾਂ ਸ਼ੱਕ ਪੰਜਾਬੀ ਗ਼ਜ਼ਲ ਹੁਣ ਕਿਤੇ ਦੀ ਕਿਤੇ ਪਹੁੰਚ ਗਈ ਹੈ ਪਰ ਇਨ੍ਹਾਂ ਗ਼ਜ਼ਲਾਂ ਨੂੰ ਉਸੇ ਦੌਰ ਦੇ ਸੰਦਰਭ ਵਿਚ ਪੜ੍ਹਿਆ ਤੇ ਮਾਣਿਆਂ ਜਾਣਾ ਚਾਹੀਦਾ ਹੈ। ਉਂਝ ਵੀ ਕੁਸ਼ਤਾ ਪੰਜਾਬੀ ਗ਼ਜ਼ਲਕਾਰਾਂ ਦੇ ਵਡੇਰੇ ਹਨ ਤੇ ਉਨ੍ਹਾਂ ਦੇ ਕਲਾਮ ਦਾ ਪਾਠ ਤੇ ਅਧਿਐਨ ਸ਼ਰਧਾ ਦੇ ਕਾਬਿਲ ਹੈ। ਅਜਿਹਾ ਵੀ ਨਹੀਂ ਹੈ ਕਿ ਕੁਸ਼ਤਾ ਦੀਆਂ ਗ਼ਜ਼ਲਾਂ ਸਿਰਫ਼ ਮਹਿਬੂਬ ਨੂੰ ਮਖ਼ਾਤਿਬ ਹਨ ਸਗੋਂ ਇਨ੍ਹਾਂ ਵਿਚ ਪਰਵਾਸ ਦਾ ਦਰਦ, ਅਮੀਰੀ-ਗ਼ਰੀਬੀ ਤੇ ਮਿੱਤਰਘਾਤ ਦਾ ਵਰਨਣ ਵੀ ਮਿਲਦਾ ਹੈ। ਇਨ੍ਹਾਂ ਗ਼ਜ਼ਲਾਂ ਰਾਹੀਂ ਪਾਠਕ ਨੂੰ ਉਸ ਦੌਰ ਦੇ ਸਮਾਜਿਕ ਜੀਣ ਥੀਣ ਬਾਰੇ ਵੀ ਜਾਣਕਾਰੀ ਮਿਲਦੀ ਹੈ। ਨਿਸ਼ਚੇ ਹੀ ਇਹ ਪੁਸਤਕ ਮਹੱਤਵਪੂਰਨ ਪ੍ਰਕਾਸ਼ਨਾ ਹੈ ਇਸ ਲਈ ਰਘਬੀਰ ਸਿੰਘ ਭਰਤ ਤੇ ਲਾਹੌਰ ਬੁੱਕ ਸ਼ਾਪ ਦੋਵੇਂ ਹੀ ਮੁਬਾਰਕ ਦੇ ਹੱਕਦਾਰ ਹਨ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸਪਤ ਸ੍ਰਿੰਗ ਦਾ ਇਤਿਹਾਸ
ਲੇਖਕ : ਹਰਭਜਨ ਸਿੰਘ ਭਗਰੱਥ
ਪ੍ਰਕਾਸ਼ਕ : ਮਨੀਸ਼ਾ ਪ੍ਰਕਾਸ਼ਨ ਭੇਲਾਂ, ਜਲੰਧਰ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 97799-76307
ਲੇਖਕ ਦਾ ਹਥਲਾ ਸਫ਼ਰਨਾਮਾ ਉਸ ਦੀ ਪਲੇਠੀ ਰਚਨਾ ਹੈ। ਇਸ ਸਫ਼ਰਨਾਮੇ ਨੂੰ ਪੁਸਤਕ ਰੂਪ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਪਰ ਕਿਸ਼ਤਵਾਰ ਲਗਾਤਾਰ ਲਿਖ ਕੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਪ੍ਰੇਰਿਤ ਕੀਤਾ। ਹੁਣ ਇਸ ਨੂੰ ਪੁਸਤਕ ਰੂਪ ਦੇ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਲੇਖਕ ਨੇ ਇਸ ਸਫ਼ਰਨਾਮੇ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਘੁਮੱਕੜ ਸੁਭਾਅ ਦਾ ਵਰਣਨ ਕਰਦਿਆਂ ਦੱਸਿਆ ਕਿ 2007 ਵਿਚ ਉਸ ਨੇ ਆਪਣੀ ਸਰਕਾਰੀ ਨੌਕਰੀ 'ਚੋਂ ਤਿੰਨ ਮਹੀਨੇ ਦੀ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਆਪਣੇ ਸਾਈਕਲ ਉੱਪਰ ਭਾਰਤ ਦੀ ਯਾਤਰਾ ਕਰਦਿਆਂ ਲਗਭਗ 5000 ਕਿੱਲੋਮੀਟਰ ਦਾ ਸਫ਼ਰ ਕੀਤਾ ਹੈ, ਜਿਸ ਦੌਰਾਨ ਉਸ ਨੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲਾ, ਤਾਮਿਲਨਾਡੂ, ਓਡੀਸ਼ਾ, ਬੰਗਾਲ, ਬਿਹਾਰ, ਯੂ.ਪੀ. ਤੇ ਹਰਿਆਣਾ ਆਦਿ ਦੀ ਯਾਤਰਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੀ ਸੀ। ਉੱਤਰੀ ਭਾਰਤ ਦੇ ਗੁਰਧਾਮਾਂ ਦੀ ਯਾਤਰਾ ਵੀ ਉਹ ਕਰ ਚੁੱਕਾ ਹੈ। ਉਸ ਨੇ ਕਦੇ ਵੀ ਤਕਲੀਫ਼ਾਂ, ਮੁਸ਼ਕਿਲਾਂ ਅਤੇ ਕਠਿਨਾਈਆਂ ਨਾਲ ਸਮਝੌਤਾ ਨਹੀਂ ਕੀਤਾ। ਲੇਖਕ ਕੁਦਰਤ ਦਾ ਪ੍ਰੇਮੀ ਹੈ। ਮਨੁੱਖਤਾ ਦਾ ਪਿਆਰ ਉਸ ਦੀ ਰਗ-ਰਗ ਵਿਚ ਵਸਿਆ ਹੋਇਆ ਹੈ। ਇਸ ਯਾਤਰਾ ਨੂੰ ਉਸ ਨੇ 59 ਵੱਖ-ਵੱਖ ਭਾਗਾਂ ਵਿਚ ਵੰਡ ਕੇ ਆਪਣੇ ਇਸ ਅਨੋਖੇ ਸਫ਼ਰ ਨੂੰ ਸੰਪੂਰਨਤਾ ਦਿੱਤੀ ਹੈ। ਯਾਤਰਾ ਦੇ ਨਾਲ-ਨਾਲ ਉਸ ਨੇ ਗੁਰਧਾਮਾਂ ਦੇ ਇਤਿਹਾਸ ਨੂੰ ਵੀ ਸੰਖੇਪ ਰੂਪ ਵਿਚ ਦੱਸਣ ਦਾ ਉਪਰਾਲਾ ਕੀਤਾ ਹੈ। ਆਪਣੇ ਉਸਤਾਦ ਰੂਪ ਲਾਲ ਰੂਪ ਨੂੰ ਇਹ ਪੁਸਤਕ ਸਮਰਪਿਤ ਕੀਤੀ ਹੈ, ਜਿਸ ਪਾਸੋਂ ਉਸ ਨੂੰ ਲਿਖਣ ਦੀ ਰੁਚੀ ਤੇ ਪ੍ਰੇਰਨਾ ਮਿਲਦੀ ਰਹੀ ਹੈ।
ਇਸ ਸਫ਼ਰ ਨੂੰ ਲੇਖਕ ਨੇ ਆਪਣੇ ਸਾਥੀ ਬਾਬਾ ਬੂਟ ਨਾਲ ਆਪਣੀ ਆਖ਼ਰੀ ਮੰਜ਼ਿਲ ਤੱਕ ਤੈਅ ਕੀਤਾ। ਰਸਤੇ ਵਿਚ ਆਏ ਗੁਰਧਾਮਾਂ, ਤੀਰਥ ਅਸਥਾਨਾਂ, ਪ੍ਰਮੁੱਖ ਸ਼ਹਿਰਾਂ, ਡੈਮਾਂ, ਨਦੀਆਂ-ਨਾਲਿਆਂ ਨੂੰ ਬਹੁਤ ਬਾਰੀਕਬੀਨੀ ਨਾਲ ਤੱਕਿਆ। 'ਸਪਤਸ੍ਰਿੰਗ' ਦੀ ਇਹ ਯਾਤਰਾ ਲੇਖਕ ਨੇ ਆਪਣੇ ਸ਼ਹਿਰ ਤਰਨ ਤਾਰਨ ਤੋਂ ਮੋਟਰਸਾਈਕਲ ਦੀ ਸਵਾਰੀ ਕਰਦਿਆਂ ਆਪਣੇ ਇਕ ਸਾਥੀ ਸਮੇਤ ਸ਼ੁਰੂ ਕਰਕੇ ਬਾਬਾ ਸ੍ਰੀਚੰਦ ਜੀ ਦੇ ਅਸਥਾਨ ਗੁਰਦੁਆਰਾ ਬਾਠ ਸਾਹਿਬ, ਡਲਹੌਜ਼ੀ, ਖਜਿਆਰ, ਪਾਲਮਪੁਰ, ਮੰਡੀ, ਸੁੰਦਰ ਨਗਰ, ਚੰਡੀਗੜ੍ਹ, ਨਾਢਾ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਦੇਹਰਾਦੂਨ, ਰਿਸ਼ੀਕੇਸ਼, ਬਿਆਸੀ, ਤੀਨਧਾਰਾ, ਦੇਵ ਪ੍ਰਯਾਗ, ਰੁਦਰ ਪ੍ਰਯਾਗ, ਨਗਰਾਸੂ, ਸ੍ਰੀਨਗਰ, ਕਰਨ ਪ੍ਰਯਾਗ, ਚਮੋਲੀ, ਨੰਦ ਪ੍ਰਯਾਗ, ਪਿੱਪਲੀ, ਜੋਸ਼ੀ ਮੱਠ ਤੇ ਗੋਬਿੰਦਘਾਟ ਤੱਕ ਕੀਤੀ। ਸਫ਼ਰ ਦੌਰਾਨ ਮੀਂਹ, ਹਨੇਰੀ, ਠੰਢੀਆਂ ਹਵਾਵਾਂ, ਬਰਫ਼ਬਾਰੀ ਦੌਰਾਨ ਆਈਆਂ ਕਠਿਨਾਈਆਂ ਨੂੰ ਸਰੀਰ ਉੱਪਰ ਹੰਢਾਇਆ। ਸ੍ਰੀ ਹੇਮਕੁੰਟ ਸਾਹਿਬ ਦੇ ਪੈਦਲ ਸਫ਼ਰ ਨੂੰ ਵੀ ਸਰਬੰਸਦਾਨੀ ਪਿਤਾ ਦਾ ਸ਼ੁਕਰਾਨਾ ਕਰਦਿਆਂ ਸੰਪੂਰਨ ਕੀਤਾ।
ਸਫ਼ਰਨਾਮੇ ਨੂੰ ਲਿਖਣ ਸਮੇਂ ਰੌਚਕਿਤਾ ਬਣਾਈ ਰੱਖਣਾ ਲੇਖਕ ਦਾ ਮੀਰੀ ਗੁਣ ਹੁੰਦਾ ਹੈ। ਕਾਫ਼ੀ ਹੱਦ ਤੱਕ ਲੇਖਕ ਨੇ ਇਸ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਲੇਖਕ ਦੇ ਉਸਤਾਦ/ਟੀਚਰ ਨੇ ਦੋ ਸ਼ਬਦ ਭੂਮਿਕਾ ਵਜੋਂ ਲਿਖ ਕੇ ਲੇਖਕ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਲੇਖਕ ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਸਕੱਤਰ ਸਿੰਘ ਅਤੇ ਬਲਵਿੰਦਰ ਕੌਰ ਔਜਲਾ ਯੂ.ਐਸ.ਏ. ਨੇ ਵੀ ਪੁਸਤਕ ਦੇ ਆਰੰਭ ਵਿਚ ਪੁਸਤਕ ਦੇ ਲੇਖਕ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਪੁਸਤਕ ਪਾਠਕਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪ੍ਰੇਰਿਤ ਕਰਨ ਵਿਚ ਹਮੇਸ਼ਾ ਰਾਹ-ਦਸੇਰੇ ਵਜੋਂ ਮਾਰਗ-ਦਰਸ਼ਨ ਕਰਦੀ ਰਹੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਦਾਸਤਾਨ-ਏ... ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ
ਲੇਖਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ (ਰਜਿ.), ਸੁਨੇਤ (ਲੁਧਿਆਣਾ)
ਮੁੱਲ : 100 ਰੁਪਏ, ਸਫ਼ੇ : 101
ਸੰਪਰਕ : 98153-17028
ਲੇਖਕ ਦਾ ਰੁਝਾਨ ਦੇਸ਼ ਭਗਤਾਂ ਦੀਆਂ ਪੁਸਤਕਾਂ ਦੀ ਰਚਨਾ ਕਰਨ ਵੱਲ ਹੈ। ਪੁਸਤਕ ਸਮੀਖਿਆ ਲਈ ਸਾਡੇ ਹੱਥ ਇਹ ਉਸ ਦੀ ਦੂਸਰੀ ਪੁਸਤਕ ਲੱਗੀ ਹੈ। ਲੇਖਕ ਨੇ ਕੁਝ ਸ਼ਬਦ ਵਿਚ ਕਿਹਾ ਵੀ ਹੈ ਕਿ ਮੈਂ ਕਾਫ਼ੀ ਸਾਰੀਆਂ ਕਿਤਾਬਾਂ ਪੜ੍ਹ ਕੇ ਇਹ ਤੱਥ ਸੰਗ੍ਰਹਿ ਕਰਨ ਦਾ ਯਤਨ ਕੀਤਾ ਹੈ। ਬਿਲਕੁਲ ਠੀਕ ਹੈ। ਲੇਖਕ ਨੇ ਵਧੀਆ ਤਰੀਕੇ ਨਾਲ ਜਾਣਕਾਰੀ ਇਕੱਤਰ ਕਰ ਕੇ ਇਹ ਸੰਗ੍ਰਹਿ ਤਿਆਰ ਕੀਤਾ ਹੈ। ਲੇਖਕ ਦੀ ਆਪਣੀ ਉਪਜ ਤਾਂ ਬੱਸ ਜਾਣਕਾਰੀ ਇਕੱਤਰ ਕਰਨ ਦੀ ਬਾਕਮਾਲ ਕਲਾ ਹੈ। ਗ਼ਦਰੀ ਸ਼ਹੀਦ ਭਾਨ ਸਿੰਘ ਸੁਨੇਤ ਪਿੰਡ ਦਾ ਜੰਮਪਲ ਹੈ। ਅੰਗਰੇਜ਼ਾਂ ਦੇ 'ਘੋੜ ਸਵਾਰ' ਰਸਾਲੇ ਵਿਚ ਨੌਕਰੀ ਕੀਤੀ ਪਰ ਛੱਡ ਦਿੱਤੀ। 1913 'ਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। 1914 ਵਿਚ 173 ਜੁਝਾਰੂ ਫੌਜੀ ਫੜੇ ਗਏ ਜਿਨ੍ਹਾਂ 'ਚ ਬਾਬਾ ਭਾਨ ਸਿੰਘ ਵੀ ਸੀ। ਇਨ੍ਹਾਂ 'ਚੋਂ 24 ਗ਼ਦਰੀਆਂ ਨੂੰ ਫਾਂਸੀ ਦੇ ਦਿੱਤੀ ਗਈ ਤੇ 27 ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਗਈ। ਇਨ੍ਹਾਂ 'ਚੋਂ ਬਾਬਾ ਭਾਨ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਗਈ, ਪਿੰਜਰੇ 'ਚ ਵੀ ਰੱਖਿਆ ਗਿਆ। ਆਖ਼ਿਰ 2 ਮਾਰਚ, 1918 ਨੂੰ ਇਹ ਜੁਝਾਰੂ ਯੋਧਾ ਸ਼ਹੀਦੀ ਦਾ ਜਾਮ ਪੀ ਗਿਆ। ਲੇਖਕ ਨੇ ਪੁਸਤਕ ਸੈਲੂਲਰ ਜੇਲ੍ਹ ਦੇ ਨਾਇਕ ਵਿਚੋਂ ਪੰਨਾ 163 ਤੋਂ 167 ਤੱਕ ਗ਼ਦਰੀ ਅਤੇ ਦੇਸ਼ ਨਿਕਾਲਾ ਪਾਠ 'ਚੋਂ ਹਵਾਲਾ ਦਿੱਤਾ ਹੈ, ਜਿਸ ਵਿਚ ਬਾਬਾ ਭਾਨ ਸਿੰਘ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਪਾਠਕ ਦੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਕਹਿਣ ਦਾ ਭਾਵ ਹੈ ਕਿ ਲੇਖਕ ਦੀ ਇਹ ਪੁਸਤਕ ਵੀ ਬਾਕੀਆਂ ਵਾਂਗ ਨਿੱਠ ਕੇ ਪੜ੍ਹਨ ਦੀ ਲੋੜ ਹੈ। ਅਜਿਹੇ ਨਿਵੇਕਲੇ ਉਪਰਾਲਿਆਂ ਲਈ ਲੇਖਕ ਵਧਾਈ ਦਾ ਹੱਕਦਾਰ ਹੈ।
-ਡੀ. ਆਰ. ਬੰਦਨਾ
ਮੋਬਾਈਲ : 94173-89003
ਗੁਰਬਾਣੀ ਲਿਪੀ ਗੁੱਝੇ ਭੇਦ
ਲੇਖਕ : ਨਿਹਾਲ ਸਿੰਘ ਮਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 99157-20743
ਹਥਲੀ ਪੋਥੀ ਵਿਚ ਸ. ਨਿਹਾਲ ਸਿੰਘ ਮਾਨ ਨੇ ਗੁਰਬਾਣੀ ਦੇ ਸ਼ਬਦ ਜੋੜਾਂ ਸੰਬੰਧੀ ਆਪਣੀ ਖੋਜ ਦੇ ਕੁਝ ਨਿਰਣੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਸਾਡੇ ਇਧਰ, ਸਿੱਖ ਧਰਮ ਵਿਚ ਗੁਰਬਾਣੀ ਨੂੰ 'ਗੁਰੂ' ਦਾ ਦਰਜਾ ਦਿੱਤਾ ਗਿਆ ਹੈ। ਦਸਮੇਸ਼ ਪਿਤਾ ਨੇ 1708 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਅਰਫਤ ਸ਼ਬਦ-ਗੁਰੂ ਦਾ ਅਭਿਸ਼ੇਕ 'ਗੁਰੂ' ਵਜੋਂ ਕਰ ਦਿੱਤਾ ਸੀ, ਭਾਵੇਂ ਪ੍ਰਥਮ ਗੁਰੂ ਨਾਨਕ ਦੇਵ ਜੀ ਨੇ ਵੀ ਸ਼ਬਦ ਨੂੰ 'ਗੁਰੂ ਪਦ' ਨਾਲ ਸੁਸ਼ੋਭਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਉਪਰੰਤ ਸਮੂਹ ਸਿੱਖ ਸਤਿਗੁਰਾਂ ਨੇ 'ਸ਼ਬਦ ਗੁਰੂ' ਦੀ ਧਾਰਨਾ ਉਪਰ ਨਿਰੰਤਰ ਪਹਿਰਾ ਦਿੱਤਾ ਸੀ।
ਸ. ਨਿਹਾਲ ਸਿੰਘ ਨੇ ਕੁਝ ਤਾਂ ਆਪਣੀ ਮਿਹਨਤ ਅਤੇ ਅਭਿਆਸ ਨਾਲ ਗੁਰਬਾਣੀ ਦੇ ਸ਼ਬਦ ਜੋੜਾਂ ਦਾ ਰਹੱਸ ਲੱਭ ਲਿਆ ਸੀ ਅਤੇ ਕੁਝ ਅਗਵਾਈ ਉਸ ਨੇ ਪ੍ਰਿੰ. ਸਾਹਿਬ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਕੁਝ ਹੋਰ ਗੁਰਮਤਿ ਦੇ ਅਭਿਲਾਖੀ ਵਿਦਵਾਨਾਂ ਤੋਂ ਹਾਸਲ ਕਰ ਲਈ ਸੀ, ਜਿਸ ਦੇ ਸਿੱਟੇ ਵਜੋਂ ਉਸ ਨੇ ਆਪਣੀ ਜਾਣਕਾਰੀ ਨੂੰ ਪੰਜਾਬੀ ਪਾਠਕਾਂ ਨਾਲ ਸਾਂਝੀ ਕਰਨ ਦਾ ਮਨ ਬਣਾ ਲਿਆ। ਹਥਲੀ ਪੋਥੀ ਵਿਚ ਔਂਕੜ-ਅੰਤ, ਸਿਹਾਰੀ-ਅੰਤ ਅਤੇ ਮੁਕਤਾ-ਅੰਤ ਵਾਲੇ ਸ਼ਬਦਾਂ ਦੀ ਵਿਆਕਰਣਿਕ ਜੁਗਾਉ ਅਤੇ ਸੰਰਚਨਾ ਬਾਰੇ ਸੁਚੱਜੀ ਤੇ ਸੁਖੈਨ ਚਰਚਾ ਮਿਲਦੀ ਹੈ। ਗੁਰਬਾਣੀ ਵਿਚ ਮਿਲਦੇ ਨਾਂਵ-ਸ਼ਬਦਾਂ ਦੇ 'ਜੈਂਡਰ' ਅਤੇ 'ਵਚਨ' ਸੰਬੰਧੀ ਸੂਚਨਾਵਾਂ ਵੀ ਸ਼ਬਦ-ਜੋੜਾਂ ਤੋਂ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਕਿਸੇ ਸ਼ਬਦ ਵਿਸ਼ੇਸ਼ ਦੇ ਕਾਰਕੀ ਰੂਪ ਬਾਰੇ ਵੀ ਇਥੋਂ ਹੀ ਪਤਾ ਚੱਲ ਜਾਂਦਾ ਹੈ।
ਭਾਰਤ ਵਿਚ ਸੰਸਕ੍ਰਿਤ ਅਤੇ ਪ੍ਰਾਕਿਰਤਾਂ ਵਰਗੀਆਂ ਸੰਯੋਗਾਤਮਕ ਭਾਸ਼ਾਵਾਂ ਵਿਚ ਵੀ ਸ਼ਬਦ ਜੋੜਾਂ ਦੀ ਅਜਿਹੀ ਜੁਗਤ ਦਾ ਪ੍ਰਯੋਗ ਹੋਇਆ ਹੈ ਪਰ ਉਨ੍ਹਾਂ ਭਾਸ਼ਾਵਾਂ ਦੀ ਲਿਖਤ ਦੌਰਾਨ ਕੋਈ ਵਿਸ਼ੇਸ਼ ਸਾਵਧਾਨੀ ਨਹੀਂ ਵਰਤੀ ਗਈ। ਜਦੋਂ ਕਿ ਗੁਰਬਾਣੀ ਵਿਚ ਸ਼ਬਦ ਜੋੜਾਂ ਦੇ ਸਿਧਾਂਤ ਉੱਪਰ ਡਟ ਕੇ ਪਹਿਰਾ ਦਿੱਤਾ ਗਿਆ ਹੈ। ਸਾਡੇ ਸਤਿਗੁਰਾਂ ਨੇ ਭਾਸ਼ਾ ਦੇ ਵਿਆਕਰਣਿਕ, ਕਾਵਿ-ਸ਼ਾਸਤਰੀ ਅਤੇ ਸੰਗੀਤ-ਸ਼ਾਸਤਰੀ ਪਰਿਪੇਖ ਦੇ ਸੁਮੇਲ ਦੁਆਰਾ ਗੁਰਬਾਣੀ ਦੀ ਰਚਨਾ ਕੀਤੀ ਹੈ। ਅਰਥ-ਬੋਧ ਸਮੇਂ ਇਨ੍ਹਾਂ ਸਮੂਹ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਅੱਗੇ ਵਧਣਾ ਹੋਵੇਗਾ। ਮੈਂ ਸਰਦਾਰ ਨਿਹਾਲ ਸਿੰਘ ਮਾਨ ਦੇ ਇਸ ਸੁਹਿਰਦ ਯਤਨ ਦੀ ਸ਼ੋਭਾ ਕਰਦਾ ਹਾਂ। ਸਾਬਾਸ਼!
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਗੁਰਬਾਣੀ ਚਿੰਤਨ
ਲੇਖਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਭੇਟਾ : 450 ਰੁਪਏ, ਸਫ਼ੇ : 290
ਸੰਪਰਕ : 99588-31357
ਹੱਥਲੀ ਪੁਸਤਕ ਦਾ ਕਰਤਾ ਸਾਹਿਤ ਦੇ ਖੇਤਰ ਵਿਚ ਸਥਾਪਤ ਤੇ ਕਾਫੀ ਮਾਨ ਸਨਮਾਨ ਪ੍ਰਾਪਤ ਚਰਚਿਤ ਲੇਖਕ ਹੈ। ਉਸ ਦਾ ਅਲੋਚਨਾ ਦੇ ਖੇਤਰ ਵਿਚ ਚੰਗਾ ਨਾਂਅ ਹੈ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਅਲੋਚਨਾ ਦੀਆਂ ਕਈ ਦਰਜਨਾਂ ਪੁਸਤਕਾਂ ਹਨ। ਕਾਵਿਤਾ, ਕਹਾਣੀ, ਬਾਲ ਸਾਹਿਤ, ਨਾਵਲ ਅਤੇ ਜੀਵਨੀਆਂ ਤੇ ਫਖ਼ਰਯੋਗ ਕੰਮ ਕੀਤਾ ਹੈ, ਦਰਜਨਾਂ ਪੁਸਤਕਾਂ ਦਾ ਅਨੁਵਾਦ ਕੀਤਾ ਹੈ। ਲੇਖਕ ਪੰਜਾਬੀ ਭਵਨ ਦਿੱਲੀ ਦੇ ਨਿਰਦੇਸ਼ਕ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆਂ ਨਵੀਂ ਦਿਲੀ ਸੰਪਾਦਕ ਵਜੋਂ ਵੀ ਸੇਵਾਵਾਂ ਨਿਭਾਅ ਚੁੱਕਾ ਹੈ।
ਡਾ. ਬਲਦੇਵ ਸਿੰਘ 'ਬੱਦਨ' ਦਾ ਵਿਸ਼ੇਸ਼ ਖੇਤਰ ਧਰਮ ਤੇ ਧਰਮ ਵਿਗਿਆਨ ਹੈ। ਹਥਲੀ ਪੁਸਤਕ ਵਿਚ ਗੁਰੂ ਸਹਿਬਾਨ ਅਤੇ ਭਗਤ ਸਹਿਬਾਨ ਜੀ ਦੀ ਬਾਣੀ ਦੇ ਅਧਿਐਨ ਦੇ ਨਵੇਂ ਪਾਸਾਰ ਉਜਾਗਰ ਕੀਤੇ ਗਏ ਹਨ। ਇਸ ਪੁਸਤਕ ਵਿਚ ਹੇਠ ਲਿਖੇ 18 ਖੋਜ ਪੱਤਰ ਸ਼ਾਮਿਲ ਹਨ, ਭਗਤ ਨਾਮਦੇਵ ਜੀ ਦੀ ਵਿਚਾਰਧਾਰਾ, ਗੁਰੂ ਨਾਨਕ ਦੇਵ ਜੀ ਦੀ 'ਆਸਾ ਦੀ ਵਾਰ, ਗੁਰਬਾਣੀ ਵਿਚ ਸਤਿ ਸੰਗਤ ਦਾ ਸੰਕਲਪ, ਸੁਖਮਨੀ-ਰਸ-ਮੀਸਾਂਸਾ, ਗੁਰਬਾਣੀ-ਰਾਜਸੀ ਵਿਚਾਰਾਂ ਦੀ ਪ੍ਰਾਸੰਗਿਕਤਾ, ਦਲ ਭੋਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ, ਅੱਠਵੀਂ ਨਾਨਕ ਜੋਤਿ-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਮਨੁੱਖਤਾ ਦੇ ਪੁਜਾਰੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸਾ ਮੇਰੋ ਰੂਪ ਹੈ ਖਾਸ, ਗੁਰੂ ਰਵਿਦਾਸ ਜੀ ਦੀ ਬਾਣੀ ਦਾ ਸੰਦੇਸ਼, ਸਮਕਾਲੀ ਸਮਾਜ ਤੇ ਗੁਰੂ ਰਵਿਦਾਸ ਜੀ ਦੀ ਬਾਣੀ, ਏਕਤਾ ਅਤੇ ਸਮਾਨਤਾ ਦੇ ਅਗਰਦੂਤ ਗੁਰੂ ਰਵਿਦਾਸ ਜੀ, ਗੁਰੂ ਰਵਿਦਾਸ ਬਾਣੀ ਦਾ ਸਮਾਜਕ ਸੰਦਰਭ, ਬਾਬਾ ਸ਼ੇਖ਼ ਫਰੀਦ ਬਾਣੀ ਦਾ ਵਿਚਾਰ ਪੱਖ, ਭਗਤ ਸਧਨਾ ਜੀ, ਸੇਵਾ ਦਾ ਗੁਰਮਤਿ ਸੰਦਰਭ, ਗੁਰਬਾਣੀ ਵਿਚ ਆਦਰਸ਼ ਮਨੁੱਖ-ਗੁਰਮੁਖ ਆਦਿ। ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਮੋਢੀ ਸਨ। ਉਹ ਵਾਰਕਰੀ ਸੰਪ੍ਰਦਾਇ ਦੀ ਵਿੱਠਲ ਭਗਤੀ ਤੋਂ ਆਪਣੀ ਸਾਧਨਾ ਸ਼ੁਰੂ ਕਰਦੇ ਹਨ ਅਤੇ ਪ੍ਰੇਮ ਮਾਰਗ ਤੋਂ ਹੁੰਦੇ ਹੋਏ ਨਾਮ-ਭਗਤੀ ਅਤੇ ਨਿਰਗੁਣ ਬ੍ਰਹਮ ਦੀ ਅਵਧਾਰਨਾ ਵਾਲੇ ਵੇਦਾਂਤ-ਗੁਰਮਤਿ ਮਤ ਦੇ ਸਹਿਜ ਮਾਰਗ' ਨੂੰ ਆਪਣਾਉਣ ਅਤੇ ਸਮਾਜ ਦੀਆਂ ਨੈਤਿਕ ਧਾਰਮਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਵਾਲੇ ਮਸਤ ਮੌਲਾ ਤੇ ਬ੍ਰਹਮਗਿਆਨੀ'' ਸੰਤ ਸਨ। ਭਗਤ ਨਾਮਦੇਵ ਜੀ ਨੇ ਪ੍ਰਭੂ ਲਈ ਜੋ ਨਾਂ ਭਿੰਨ-ਭਿੰਨ ਪ੍ਰਸੰਗਾਂ ਵਿਚ ਵਰਤੇ ਹਨ, ਉਹ ਇਸ ਤਰ੍ਹਾਂ ਹਨ: ਬੀਠਲ, ਬੀਠੁਲਾ, ਬਾਪ ਬੀਠੁਲਾ ਦੇਵ, ਦੇਵਾ, ਸੁਆਮੀ, ਕੇਸ਼ਵ, ਕੇਸ਼ੋ ਰਾਮ, ਰਾਮ ਸਨੇਹੀ, ਰਾਮਾ, ਪ੍ਰਭੂ, ਦੁਲਹ ਪ੍ਰਭੂ, ਰਾਜਾ ਰਾਮ, ਗੋਬਿੰਦ, ਗੋਬਿੰਦ ਰਾਇ, ਬ੍ਰਹਮ, ਪਾਰਬ੍ਰਹਮ, ਬ੍ਰਹਮਜੋਤੀ, ਤੱਤ, ਪਰਮਤੱਤ, ਮੁਰਾਰੀ, ਗੋਪਾਲ, ਗੁਪਾਲ, ਗੋਪਾਲ ਰਾਇ, ਸ੍ਰੀ ਗੋਪਾਲ, ਗੋਸਾਈਂ, ਕ੍ਰਿਸ਼ਨ, ਕ੍ਰਿਸ਼ਨਾ, ਸਿਆਮ, ਕੇਸੋ ਸਾਂਵਲੀਓ, ਬੀਠੁਲਾਇ, ਜਾਦਮ ਰਾਇਆ, ਪਤਿਤ ਮਾਧਉ, ਦੀਨ ਕਾ ਦਇਆਲ ਮਾਧੋ, ਠਾਕੁਰ, ਹਰਿ, ਖਸਮ, ਰਮਈਆ, ਰਾਮਈਆ, ਬੇਢੀ (ਬਢਾਈ), ਪ੍ਰਾਣ ਆਧਾਰ, ਨਾਰਾਇਣ, ਸ੍ਰੀ ਨਾਰਾਇਣ, ਅਲਖ, ਨਿਰੰਕਾਰ, ਨਿਰੰਜਨ, ਕਵਲਾਪਤੀ, ਕਰੀਮਾਂ, ਰਹੀਮਾਂ, ਅਲਾਹ, ਗਨੀ, ਖੁਦਾਇ, ਪਾਤਿਸਾਹ, ਸਾਂਵੇਲ ਬਰਨਾ, ਅਨੰਤਾ, ਗੁਰਦੇਵ, ਨਰਹਰੀ, ਸ੍ਰੀਰੰਗ, ਸਚਿਨਾਇ, ਭਗਵਾਨ, ਅੰਤਰਯਾਮੀ, ਜਗਜੀਵਨ, ਅਕਲ ਪੁਰਖ, ਨਰ ਸਿੰਘ, ਅਭੈ ਪਦ ਦਾਤਾ, ਅਤਿਭੁਜ, ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ। ਇਹ ਸਾਰੇ ਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਨਾਮਦੇਵ ਬਾਣੀ ਵਿਚੋਂ ਹੀ ਲਏ ਗਏ ਹਨ, ਮਰਾਠੀ ਅਭੰਗਾਂ ਵਿਚੋਂ ਹੋਰ ਵੀ ਬਹੁਤ ਸਾਰੇ ਨਾਂਅ ਮਿਲ ਜਾਣਗੇ। ਇਨ੍ਹਾਂ ਨਾਵਾਂ ਨੂੰ ਡੂੰਘੀ ਨੀਝ ਨਾਲ ਤੱਕਿਆਂ ਪਤਾ ਚੱਲਦਾ ਹੈ ਕਿ ਨਾਮਦੇਵ ਲਈ ਸਰਗੁਣੀ ਤੇ ਨਿਰਗੁਣੀ ਨਾਵਾਂ ਵਿਚੋਂ ਨਾ ਕਿਸੇ ਲਈ ਵਿਸ਼ੇਸ਼ ਖਿੱਚ ਹੈ ਤੇ ਨਾ ਲਕੀਰਾਂ ਖਿੱਚਣ ਦਾ ਜਤਨ ਹੀ ਦਿਸਦਾ ਹੈ। ਉਨ੍ਹਾਂ ਨੂੰ ਭਗਤੀ ਭਾਵ ਦੇ ਆਵੇਸ਼ ਵਿਚ ਜਾਂ ਸਮੇਂ, ਸਥਾਨ ਤੇ ਪ੍ਰਸੰਗ ਵਿਚ ਜਿਹੜਾ ਨਾਂਅ ਵਧੇਰੇ ਚੰਗਾ ਲੱਗਾ ਉਹੋ ਅਪਣਾ ਲਿਆ ਗਿਆ ਹੈ। ਇਹ ਪੁਸਤਕ ਗੁਰਮਤਿ ਸਾਹਿਤ ਦਾ ਅਧਿਐਨ ਕਰਨ ਵਾਲਿਆ ਲਈ ਸਹਾਇਕ ਹੋਵੇਗੀ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸਾਡੇ ਨਾਲੋਂ ਪੰਛੀ ਚੰਗੇ
ਲੇਖਕ : ਬਲਵਿੰਦਰ ਸਿੰਘ 'ਬਿੰਦੀ ਪੰਧੇਰ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 92
ਸੰਪਰਕ : 95011-45039
ਹਥਲੀ ਪੁਸਤਕ 'ਸਾਡੇ ਨਾਲੋਂ ਪੰਛੀ ਚੰਗੇ' ਬਲਵਿੰਦਰ ਸਿੰਘ 'ਬਿੰਦੀ ਪੰਧੇਰ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਬੇਸ਼ੱਕ ਪੁਸਤਕ ਸੰਬੰਧੀ ਲਿਖੇ ਸ਼ਬਦਾਂ ਵਿਚ ਉਹ ਆਪਣੀ ਇਸ ਪੁਸਤਕ ਨੂੰ ਕਾਵਿ-ਸੰਗ੍ਰਹਿ ਦਾ ਨਾਂਅ ਦੇਣਾ ਉੱਚਿਤ ਨਹੀਂ ਸਮਝਦੇ ਪਰ ਪੁਸਤਕ ਦੇ ਪਾਠ ਦਾ ਆਨੰਦ ਮਾਣਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੀ ਕਵਿਤਾ ਵਿਚ ਸਹਿਜ ਵੀ ਹੈ ਅਤੇ ਸੁਹਜ ਵੀ। ਉਨ੍ਹਾਂ ਕੋਲ ਆਰਥਿਕ, ਸਮਾਜਿਕ ਜਾਂ ਧਾਰਮਿਕ ਮੁੱਦਿਆਂ ਨੂੰ ਉਭਾਰਨ ਦਾ ਹੌਸਲਾ ਵੀ ਹੈ ਅਤੇ ਉਨ੍ਹਾਂ ਨੂੰ ਬਿਆਨਣ ਦਾ ਹੁਨਰ ਵੀ:
ਪੱਥਰਾਂ ਵਿਚ ਵੀ ਦਿੰਦਾ ਹੈ ਖਾਣ ਨੂੰ ਅੰਨ ਪ੍ਰਮਾਤਮਾ,
ਬੰਦਿਆਂ ਦੇ ਮੂੰਹੋਂ ਖੋਹ ਖੋਹ ਖਾਂਦੈ ਅੰਨ ਬੰਦਾ ਧਰਮਾਤਮਾ।
ਬਲਵਿੰਦਰ ਸਿੰਘ 'ਬਿੰਦੀ ਪੰਧੇਰ' ਸਮਝਦੇ ਹਨ ਕਿ ਘਰ ਕੇਵਲ ਇੱਟਾਂ, ਸੀਮਿੰਟ ਜਾਂ ਰੇਤੇ-ਬਜਰੀ ਦੀ ਉਸਾਰੀ ਹੀ ਨਹੀਂ ਹੁੰਦਾ ਅਤੇ ਘਰ ਵਿਚ ਰਹਿਣ ਵਾਲੇ ਲੋਕ ਉਸ ਘਰ ਤੋਂ ਕਿਸੇ ਤਰ੍ਹਾਂ ਵੀ ਵੱਖਰੇ ਨਹੀਂ ਹੁੰਦੇ। ਘਰ ਵਿਚ ਰਹਿਣ ਵਾਲੇ ਲੋਕਾਂ ਨਾਲ ਘਰ ਵੀ ਸਾਹ ਲੈਂਦਾ ਹੈ, ਉਨ੍ਹਾਂ ਨਾਲ ਦੁਖੀ ਅਤੇ ਸੁਖੀ ਹੁੰਦਾ ਹੈ। ਜ਼ਿੰਦਗੀ ਦੇ ਹਰ ਉਤਰਾਅ ਅਤੇ ਚੜ੍ਹਾਅ ਵਿਚ ਘਰ ਹਮੇਸ਼ਾ ਹੀ ਉਨ੍ਹਾਂ ਨਾਲ ਇਕਸੁਰ ਰਹਿੰਦਾ ਹੈ। ਘਰ ਅਤੇ ਆਲ੍ਹਣੇ ਵਿਚਲੀ ਸੂਖਮ ਤੰਦ ਬਾਰੇ ਵੀ ਉਹ ਬੜੇ ਸਪੱਸ਼ਟ ਦਿਖਾਈ ਦਿੰਦੇ ਹਨ:
ਪੰਛੀ ਬਣਾ ਲੈਂਦੇ ਹਨ 'ਆਲ੍ਹਣਾ'
ਘਰ ਤੁਹਾਡਾ,
ਛੱਡ ਕੇ ਘਰ ਤੁਸੀਂ 'ਆਲ੍ਹਣਾ'
ਬਣਾ ਲੈਂਦੇ ਹੋ ਜਦ ਕਿਧਰੇ।
ਇਹ ਵੀ ਉਨ੍ਹਾਂ ਦੀ ਕਾਵਿਕਤਾ ਦਾ ਹੀ ਹਾਸਿਲ ਹੈ ਕਿ ਖੂਹ, ਖੇਤੀ, ਚਰਖੇ ਅਤੇ ਰਸੋਈ ਆਦਿ ਨਾਲ ਸੰਬੰਧਿਤ ਸਾਡੀ ਬੋਲਚਾਲ ਵਿਚੋਂ ਗੁਆਚ ਚੁੱਕੇ ਬੇਸ਼ੁਮਾਰ ਸ਼ਬਦਾਂ ਵਿਚੋਂ ਸੈਂਕੜੇ ਸ਼ਬਦ ਉਨ੍ਹਾਂ ਦੀ ਕਵਿਤਾ ਦੇ ਅੰਗ-ਸੰਗ ਤੁਰਦੇ ਹਨ। ਇਹ ਸ਼ਬਦ ਸਾਨੂੰ ਸਾਡੇ ਅਮੀਰ ਸੱਭਿਆਚਾਰ ਦੀ ਯਾਦ ਦਿਵਾਉਂਦੇ ਹਨ। ਪੁਸਤਕ ਵਿਚ ਸ਼ਾਮਿਲ ਕੁਝ ਨਿੱਕੀਆਂ-ਨਿੱਕੀਆਂ ਕਾਵਿ-ਟੁਕੜੀਆਂ ਵੀ ਹਨ, ਜੋ ਆਪਣੇ-ਆਪ ਵਿਚ ਬੜੇ ਗੰਭੀਰ ਅਤੇ ਅਹਿਮ ਪ੍ਰਵਚਨ ਸਮੋਈ ਬੈਠੀਆਂ ਹਨ। ਸਾਹਿਤਕ ਸਫ਼ਰ ਵਿਚ ਅਜੇ ਉਨ੍ਹਾਂ ਦਾ ਪਹਿਲਾ ਕਦਮ ਹੈ। ਇਸ ਲਈ ਹੋਰ ਮਿਆਰੀ ਸਿਰਜਣਾ ਦੀ ਉਮੀਦ ਨਾਲ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸ਼ਬਦਾਂ ਦੇ ਸੂਰਜ
ਲੇਖਕ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 99187-10234
ਵੇਦਨਾ, ਹੂਕ, ਦੁਮੇਲ ਤੋਂ ਪਰ੍ਹੇ ਅਤੇ ਕਵਿਤਾ ਅਕਵਿਤਾ ਕਾਵਿ-ਪੁਸਤਕਾਂ ਦਾ ਰਚੇਤਾ ਸੁਰਿੰਦਰ ਮਕਸੂਦਪੁਰੀ 'ਸ਼ਬਦਾਂ ਦੇ ਸੂਰਜ' ਕਾਵਿ-ਸੰਗ੍ਰਹਿ ਦੀ ਦੂਜੀ ਛਾਪ ਲੈ ਕੇ ਆਪਣੀ ਕਾਵਿ-ਦ੍ਰਿਸ਼ਟੀ ਦਾ ਹੋਕਾ ਦੇਣ ਲਈ ਹਾਜ਼ਰ ਹੋਇਆ ਹੈ। ਉਸ ਨੂੰ ਸ਼ਬਦ ਦੀ ਮਹਿਮਾ, ਸ਼ਕਤੀ ਤੇ ਪ੍ਰਕਾਸ਼ ਦੇ ਸੰਦਰਭ 'ਚ ਕਵਿਤਾਵਾਂ ਸਿਰਜਣੀਆਂ ਆਉਂਦੀਆਂ ਹਨ। ਉਹ ਕਵਿਤਾ ਦਾ ਅਜਿਹਾ ਦੌੜਾਕ ਹੈ ਕਿ ਕਦੇ ਪੰਜਾਬ ਅਤੇ ਕਦੇ ਵਿਦੇਸ਼ ਉਡਾਰੀ ਮਾਰਦਾ ਤੇ ਉਥੋਂ ਮਨ-ਭਾਉਂਦੀਆਂ ਭਾਵਨਾਵਾਂ ਨੂੰ ਕਾਵਿਕ-ਰੂਪਾਂਤਰ 'ਚ ਬਦਲ ਦਿੰਦਾ ਹੈ। ਇਸ ਪ੍ਰਸੰਗ 'ਚ ਲਾਸਟ ਰਾਈਡ, ਜਾਗਦੇ ਦੇਸ਼ ਨੂੰ ਮਿਲਦਿਆਂ (ਅਮਰੀਕਾ) ਅਤੇ ਆਈ ਐਮ ਲੌਸਟ ਕਵਿਤਾਵਾਂ ਪੜ੍ਹੀਆਂ ਜਾ ਸਕਦੀਆਂ ਹਨ। ਉਹ ਸੱਚ ਕਹਿੰਦਾ ਹੈ : 'ਇਹ ਜ਼ਿੰਦਗੀ ਹੀ ਕਵਿਤਾ, ਇਹ ਬੰਦਗੀ ਹੀ ਕਵਿਤਾ ਹੈ।' ਹੋਰ ਪੁਸ਼ਟੀ ਕਰਨ ਲਈ 'ਕਲਮ ਕਵੀ ਦੀ' ਅਤੇ 'ਕਵਿਤਾ ਦਾ ਜਨਮ' ਕਾਫ਼ੀ ਹਨ। ਉਸ ਨੂੰ ਆਪਣੀ ਪਤਨੀ ਨਾਲ ਸੰਵਾਦ ਰਚਾਉਂਦੀਆਂ ਕਵਿਤਾਵਾਂ ਲਿਖਣ ਦੀ ਵੀ ਤਲਬ ਰਹਿੰਦੀ ਹੈ ਜਿਵੇਂ 'ਤਲਖ ਤਜਰਬਾ' ਅਤੇ 'ਰੂਹ ਦੀ ਗੱਲ' ਕਵਿਤਾਵਾਂ। ਮਕਸੂਦਪੁਰੀ ਨੂੰ ਪ੍ਰਕਿਰਤੀ ਨਾਲ ਗੁਫ਼ਤਗੂ ਕਰਨੀ ਆਉਂਦੀ ਹੈ, ਦ੍ਰਿਸ਼-ਵਰਣਨ ਚਿਤਰਨੇ ਆਉਂਦੇ ਹਨ। ਉਸ ਦੀ ਮੁਹੱਬਤ 'ਚ ਕੁਦਰਤ ਵਸਦੀ। ਅੱਜ ਦਾ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਵਿਡੰਬਨਾ ਦੀ ਰੁੱਤ ਨੂੰ ਉਹ ਕਦੇ ਪਾਣੀ ਪਿਤਾ, ਪਵਨ ਗੁਰੂ, ਸੂਰਜ ਦੇਵਤਾ ਅਤੇ ਧਰਤੀ ਮਾਂ ਦੇ ਪਵਿੱਤਰ ਕਾਰਜਾਂ ਰਾਹੀਂ ਸੰਬੋਧਨ ਕਰਦਾ। ਉਸ ਨੂੰ ਪੰਜਾਬ 'ਚ ਵਾਪਰਦੇ ਅਣਸੁਖਾਵੇਂ ਹਾਲਾਤ ਦੀ ਚਿੰਤਾ ਹੈ। ਕਿਸਾਨ ਅੰਦੋਲਨ, ਕੋਰੋਨਾ ਅਤੇ ਹੋਰ ਮਾਰੂ ਘਟਨਾਵਾਂ ਉਸ ਦੀ ਕਵਿਤਾ ਦਾ ਪੱਲੂ ਫੜਦੀਆਂ ਹਨ। 'ਆਓ ਦੋਸਤੋ ਦੋ ਗੱਲਾਂ ਕਰੀਏ, ਜੀਵਨ ਚਿੰਤਨ-ਮੰਥਨ ਕਰੀਏ', 'ਮੈਂ, ਮਾਂ ਤੇ ਕਵਿਤਾ' ਬੜੀ ਮੁਹੱਬਤੀ ਸੰਵੇਦਨਾ ਵਾਲੀ ਕਵਿਤਾ। 'ਪਿਆਰ ਦਾ ਪੈਗਾਮ' ਕਵਿਤਾ ਸਰਬੱਤ ਦੇ ਭਲੇ ਦੀ ਪਰਿਕਰਮਾ ਕਰਦੀ : ਰੋਜ਼ੀ-ਰੋਟੀ, ਕੱਪੜੇ ਤੋਂ ਵਾਂਝਾ, ਘਰੋਂ ਬੇਘਰ ਹੋਵੇ ਨਾ ਕੋਈ।' 'ਬੀਹੀ 'ਚ ਬਲਦੀ ਬੱਤੀ' ਕਵਿਤਾ ਸ਼ਿਵ ਕੁਮਾਰ ਦੀ ਕਵਿਤਾ 'ਬੀਹੀ ਦੀ ਬੱਤੀ' ਯਾਦ ਕਰਾਉਂਦੀ ਹੈ। ਇੰਝ ਹੀ 'ਤਿੜਕੇ ਘੜੇ ਦਾ ਪਾਣੀ' ਕਵਿਤਾ ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਬਿੰਦਰਖੀਆ ਦੇ ਗੀਤ ਨੂੰ ਯਾਦ ਕਰਾਉਂਦੀ। 'ਮੈਂ ਪਿੰਡ ਬੋਲਦਾ' ਪੰਜਾਬ ਦੇ ਅਜੋਕੇ ਦੁਖਾਂਤ ਤੇ ਸੰਤਾਪ ਨੂੰ ਬੜੀ ਡੂੰਘੀ ਸੰਵੇਦਨਾ ਨਾਲ ਬਿਆਨ ਕਰਦੀ : 'ਮੇਰੀ ਧਰਤੀ ਦਾ ਇਕ ਬੇਰੁਜ਼ਗਾਰ ਪੁੱਤਰ ਖ਼ੁਦਕੁਸ਼ੀ ਦੀ ਭੇਟ ਚੜ੍ਹਿਆ ਹੈ, ਦੂਸਰਾ ਨਸ਼ਿਆਂ ਦੇ ਛੇਵੇਂ ਦਰਿਆ 'ਚ ਹੜ੍ਹਿਆ ਹੈ।' ਮਕਸੂਦਪੁਰੀ ਦੀ ਇਹ ਸ਼ਾਇਰੀ ਸਮਿਆਂ ਨੂੰ ਸੰਬੋਧਨੀ ਸੁਰ ਵਾਲੀ ਹੈ। ਵਕਤ ਦੀਆਂ ਵੰਗਾਰਾਂ ਨੂੰ ਸ਼ਬਦਾਂ ਦੇ ਸੂਰਜ ਉਦੈ ਹੋਣ ਦੀ ਅਭਿਲਾਸ਼ਾ ਹੈ। 'ਮਾਂ ਬੋਲੀ ਬਨਾਮ ਮਾਂ ਦਿਵਸ' ਉਸ ਦੀ ਕਾਵਿ-ਸੰਵੇਦਨਾ ਨਾਲ ਓਤ-ਪੋਤ ਹੈ। 'ਰੁੱਖ ਤੇ ਮਨੁੱਖ' ਚੰਗਾ ਪ੍ਰਭਾਵ ਦਿੰਦੀ ਹੈ। ਅਸਲ ਵਿਚ ਇਹ ਸ਼ਾਇਰੀ ਸੁੰਦਰਤਾ, ਸੁਹਜ, ਬਰਾਬਰਤਾ ਤੇ ਚੰਗੇ ਮਨੁੱਖ ਦੀ ਹੋਣੀ ਲਈ ਬੰਦਗੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਨਜ਼ੀਰਾ ਬੇਗ਼ਮ
ਨਾਟਕਕਾਰ : ਮੋਹੀ ਅਮਰਜੀਤ ਸਿੰਘ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 63
ਸੰਪਰਕ : 85690-63627
'ਨਜ਼ੀਰਾ ਬੇਗਮ' ਮੋਹੀ ਅਮਰਜੀਤ ਸਿੰਘ ਦਾ ਰਚਿਆ ਨਾਟਕ ਸੰਗ੍ਰਹਿ ਹੈ, ਜਿਸ ਵਿਚ 'ਤਪੱਸਿਆ' ਅਤੇ 'ਨਜ਼ੀਰਾ ਬੇਗਮ' ਦੋ ਨਾਟਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਨਾਟਕ ਅਜੋਕੀ ਪਦਾਰਥਵਾਦੀ ਜ਼ਿੰਦਗੀ ਦੀ ਉੱਥਲ-ਪੁੱਥਲ ਨੂੰ ਬੜੇ ਯਥਾਰਥਮਈ ਰੂਪ ਵਿਚ ਪ੍ਰਗਟਾਉਂਦੇ ਹਨ। ਨਾਟਕਕਾਰ ਨੇ ਇਨ੍ਹਾਂ ਦੋਵਾਂ ਨਾਟਕਾਂ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ ਜੀਵਨ ਦੇ ਨਾਲ-ਨਾਲ ਧਾਰਮਿਕ ਕੱਟੜਵਾਦ ਨੂੰ ਵੀ ਬਾਖ਼ੂਬੀ ਉਜਾਗਰ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਆਮ ਲੋਕਾਂ ਨੂੰ ਜ਼ਿੰਦਗੀ ਦੇ ਸੱਚ ਤੋਂ ਜਾਣੂ ਕਰਵਾਉਣ ਲਈ ਜਿੰਨਾ ਵਧੀਆ ਰੋਲ ਨਾਟਕ ਅਤੇ ਰੰਗਮੰਚ ਅਦਾ ਕਰ ਸਕਦਾ ਹੈ, ਉਸ ਤੋਂ ਵਧੇਰੇ ਸਾਹਿਤ ਦੀ ਹੋਰ ਕੋਈ ਵਿਧਾ ਨਹੀਂ ਕਰ ਸਕਦੀ। ਇਨ੍ਹਾਂ ਦੋਵਾਂ ਨਾਟਕਾਂ ਨੂੰ ਕਈ-ਕਈ ਵਾਰੀ ਰੰਗਮੰਚ ਉੱਪਰ ਸਫ਼ਲਤਾ ਸਹਿਤ ਪੇਸ਼ ਕੀਤਾ ਜਾ ਚੁੱਕਾ ਹੈ। ਅੱਜ ਦੇ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ 'ਤਪੱਸਿਆ' ਨਾਟਕ ਵਿਚ ਬੜੇ ਜ਼ਬਰਦਸਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਬਹੁਤੇ ਘਰਾਂ ਵਿਚ ਮਾਪੇ ਆਪਣੀ ਜੱਦੀ ਪੁਸ਼ਤੀ ਜ਼ਮੀਨ ਨੂੰ ਵੇਚ ਕੇ ਜਾਂ ਫਿਰ ਬੈਂਕਾਂ ਤੋਂ ਮੋਟੀ ਰਕਮ ਕਰਜ਼ੇ ਦੇ ਰੂਪ ਵਿਚ ਲੈ ਕੇ ਆਪਣੇ ਇਕਲੌਤੇ ਪੁੱਤਰਾਂ ਨੂੰ ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ਾਂ ਨੂੰ ਘੱਲ ਰਹੇ ਹਨ। ਉਹ ਨੌਜਵਾਨ ਵਿਦੇਸ਼ੀ ਧਰਤੀ ਉੱਤੇ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ-ਆਪ ਨੂੰ ਆਰਥਿਕ ਤੌਰ 'ਤੇ ਤਾਂ ਮਜ਼ਬੂਤ ਕਰ ਲੈਂਦੇ ਹਨ, ਪਰੰਤੂ ਵਿਦੇਸ਼ੀ ਧਰਤੀ 'ਤੇ ਜਨਮੀ ਉਨ੍ਹਾਂ ਦੀ ਔਲਾਦ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬ ਦੀ ਧਰਤੀ, ਇੱਥੋਂ ਦੇ ਸੱਭਿਆਚਾਰ, ਆਪਣੇ ਦਾਦਾ-ਦਾਦੀ ਨਾਲ ਕੋਈ ਮੋਹ ਨਹੀਂ ਰੱਖਦੀ, ਜਿਸ ਕਰਕੇ ਪਿੱਛੇ ਪੰਜਾਬ ਵਿਚ ਰਹਿ ਗਏ ਬੇਬੇ ਬਾਪੂ ਬੁਢਾਪੇ ਵਿਚ ਇਕੱਲਤਾ ਦਾ ਜੀਵਨ ਜਿਊਣ ਲਈ ਮਜਬੂਰ ਹਨ, ਪਰੰਤੂ ਇਸ ਦੇ ਨਾਲ ਹੀ ਬਿਹਾਰ ਤੋਂ ਮਜ਼ਦੂਰੀ ਕਰਨ ਆਇਆ ਰਾਮਪਾਲ ਰਾਮੂ ਅਤੇ ਸਰਦਾਰਾਂ ਦੇ ਘਰ ਵਿਚ ਵੀਹ ਸਾਲ ਸੀਰੀ ਰਲਿਆ ਰਿਹਾ ਨਾਜਰ ਆਪਣੀਆਂ ਧੀਆਂ ਨੂੰ ਪੜ੍ਹਾ ਕੇ ਮਾਸਟਰਨੀ, ਡਾਕਟਰਨੀ ਬਣਾ ਲੈਂਦੇ ਹਨ। ਸਿੱਟੇ ਵਜੋਂ ਹੁਣ ਉਹ ਆਪਣੇ ਪਰਿਵਾਰਾਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਇਸੇ ਪ੍ਰਕਾਰ 'ਨਜ਼ੀਰਾ ਬੇਗਮ' ਨਾਟਕ ਵਿਚ ਮੋਹੀ ਨੇ ਧਾਰਮਿਕ ਕੱਟੜਵਾਦ ਨੂੰ ਮਾਨਵਤਾਵਾਦ ਤੋਂ ਹਾਰਦੇ ਦਿਖਾਇਆ ਹੈ। ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਵੇਂ ਮੋਹੀ ਅਮਰਜੀਤ ਸਿੰਘ ਦੇ ਨਾਟਕ ਰੰਗਮੰਚ ਦ੍ਰਿਸ਼ਟੀਕੋਣ ਤੋਂ ਸਫ਼ਲ ਰਹੇ ਹਨ, ਉੱਥੇ 'ਨਜ਼ੀਰਾ ਬੇਗਮ' ਨਾਟਕ ਸੰਗ੍ਰਹਿ ਪੁਸਤਕ ਨੂੰ ਵੀ ਪੰਜਾਬੀ ਦੇ ਸੁਹਿਰਦ ਪਾਠਕ ਭਰਪੂਰ ਹੁੰਗਾਰਾ ਦੇਣਗੇ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਮੇਰਾ ਜੀਵਨ ਸੰਘਰਸ਼
ਲੇਖਕ : ਕਰਨੈਲ ਸਿੰਘ ਸਹੋਤਾ
ਪ੍ਰਕਾਸ਼ਕ : ਭਾਰਤੀਆ ਵਾਲਮੀਕਿ ਸਭਾ (ਰਜਿ.)
ਮੁੱਲ : 501 ਰੁਪਏ, ਸਫ਼ੇ : 94
ਸੰਪਰਕ : 99154-78300
'ਮੇਰਾ ਜੀਵਨ ਸੰਘਰਸ਼' ਸੰਨ 2023 ਤੱਕ ਦੇ ਵਾਲਮੀਕਿ ਸਭਾ ਦੇ ਇਤਿਹਾਸ ਦਾ ਪੰਜਵਾਂ ਭਾਗ ਹੈ ਅਤੇ ਕਰਨੈਲ ਸਿੰਘ ਸਹੋਤਾ ਦੁਆਰਾ ਲਿਖਿਆ ਗਿਆ ਹੈ। ਦਰਅਸਲ ਇਹ ਪੁਸਤਕ ਉਸ ਦੇ ਜੀਵਨ ਵਿਚ ਕਿਸੇ ਮੁਕਾਮ ਤੱਕ ਪਹੁੰਚਣ ਲਈ ਕੀਤੇ ਸੰਘਰਸ਼ ਦੀ ਦਾਸਤਾਨ ਹੈ। ਨਾਲ਼ ਹੀ ਇਹ ਉਨ੍ਹਾਂ ਸਾਰੇ ਉਪਰਾਲਿਆਂ ਦਾ ਬਿਓਰਾ ਹੈ ਜੋ ਲੇਖਕ ਵਲੋਂ ਵਾਲਮੀਕਿ ਅਤੇ ਮਜ਼੍ਹਬੀ ਸਿੱਖਾਂ ਨੂੰ ਸਹੂਲਤਾਂ ਦਵਾਉਣ ਲਈ ਕੀਤੇ ਗਏ। ਇਹ ਪੁਸਤਕ 35 ਪਾਠਾਂ 'ਤੇ ਆਧਾਰਿਤ ਹੈ। ਲੇਖਕ ਇਸ ਸੰਬੰਧੀ ਗੱਲਬਾਤ ਆਪਣੇ ਬਚਪਨ ਤੋਂ ਸ਼ੁਰੂ ਕਰਦਾ ਹੈ। ਆਪਣੀ ਵਿੱਦਿਆ ਅਤੇ ਨੌਕਰੀ ਬਾਰੇ ਦੱਸ ਕੇ ਉਹ ਆਪਣੇ ਅਸਲ ਸੰਘਰਸ਼ ਦੀ ਗੱਲ ਸ਼ੁਰੂ ਕਰਦਾ ਹੈ। ਪਹਿਲਾਂ ਪੰਜਾਬ ਸਿਵਲ ਸਕੱਤਰੇਤ ਦੀ ਹੜਤਾਲ ਤੋਂ ਗੱਲ ਸ਼ੁਰੂ ਕਰਦਿਆਂ ਲੇਖਕ ਅਜਿਹੀਆਂ ਹਾਲਤਾਂ ਵਿਚ ਇਕ ਲੀਡਰ ਵਜੋਂ ਆਪਣੀਆਂ ਮੰਗਾਂ ਮਨਵਾਉਣ ਵਿਚ ਕਾਮਯਾਬ ਹੁੰਦਾ ਹੈ। ਇਸ ਤੋਂ ਅੱਗੇ ਕਦੀ ਕੋਈ ਮੰਗ ਪੱਤਰ ਅਤੇ ਕਦੀ ਕਿਸੇ ਹੋਰ ਸੰਘਰਸ਼ ਰਾਹੀਂ ਉਹ ਵਾਲਮੀਕਿ ਅਤੇ ਮਜ਼੍ਹਬੀ ਸਿੱਖਾਂ ਦੀ ਹੱਕ ਪ੍ਰਾਪਤ ਕਰਨ ਦੀ ਕਹਾਣੀ ਬਿਆਨ ਕਰਦਾ ਹੈ। ਇਸ ਦੌਰਾਨ ਪੰਡਤ ਬਖ਼ਸ਼ੀ ਰਾਮ ਦਾ ਵੀ ਦਿਹਾਂਤ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਕਰਨੈਲ ਸਿੰਘ ਸਹੋਤਾ ਵਲੋਂ ਆਪਣਾ ਸੰਘਰਸ਼ ਜਾਰੀ ਰੱਖਦਾ ਹੈ। ਇਸੇ ਦੌਰਾਨ ਵਾਲਮੀਕਿ ਸਭਾ ਦਾ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਵੀ ਲਗਾਤਾਰ ਕੋਸ਼ਿਸ਼ਾਂ ਰਾਹੀਂ ਪਨੋਰਮਾ ਕਮੇਟੀ ਦਾ ਗਠਨ ਹੁੰਦਾ ਹੈ ਅਤੇ ਰਿਜ਼ਰਵੇਸ਼ਨ ਐਕਟ ਪਾਸ ਹੁੰਦਾ ਹੈ। ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਰਾਹੀਂ 12.5 ਪ੍ਰਤਿਸ਼ਤ ਰਿਜ਼ਰਵੇਸ਼ਨ ਸਹੀ ਘੋਸ਼ਿਤ ਹੁੰਦਾ ਹੈ। ਇਸ ਤੋਂ ਬਾਅਦ ਇਸ ਸਭਾ ਦਾ ਸੌ ਸਾਲਾਂ ਦਾ ਇਤਿਹਾਸ ਵੀ ਕਲਮਬੱਧ ਕੀਤਾ ਗਿਆ ਹੈ। ਇਸ ਸਭਾ ਦੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਸਾਹਿਬਾਨ ਬਾਬੂ ਗੰਡੂ ਦਾਸ, ਬਾਬੂ ਚੂਨੀ ਲਾਲ ਥਾਪਰ, ਚੌਧਰੀ ਡੋਗਰ ਰਾਮ, ਪੰਡਤ ਬਖ਼ਸ਼ੀ ਰਾਮ, ਭਗਤ ਗੁਰਾਂਦਾਸ ਹੰਸ, ਮਾਸਟਰ ਗਿਆਨ ਚੰਦ ਅਤੇ ਕਰਨੈਲ ਸਿੰਘ ਸਹੋਤਾ ਵਲੋਂ ਕੀਤੇ ਉਪਰਾਲੇ ਵੀ ਕਲਮਬੱਧ ਕੀਤੇ ਗਏ ਹਨ। ਪੁਸਤਕ ਦੇ ਅੰਤ ਵਿਚ ਕੁਝ ਵਾਲਮੀਕਿ ਲੀਡਰਾਂ ਦੀਆਂ ਜੀਵਨੀਆਂ ਦਿੱਤੀਆਂ ਗਈਆਂ ਹਨ। ਇਸ ਢੰਗ ਨਾਲ ਇਹ ਪੁਸਤਕ ਇਸ ਸਭਾ ਦਾ ਅਹਿਮ ਦਸਤਾਵੇਜ਼ ਸਾਬਤ ਹੁੰਦੀ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਸ਼ੁਭ ਕਰਮਨ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 94178-55876
ਇਤਿਹਾਸਕ ਨਾਵਲ, ਸਾਹਿਤ ਦਾ ਇਕ ਮਹੱਤਵਪੂਰਨ ਰੂਪ ਹੈ। ਇਸ ਦੁਆਰਾ ਪਾਠਕਾਂ ਨੂੰ ਸਮਕਾਲੀ ਜੀਵਨ ਦੀਆਂ ਇਤਿਹਾਸਕ ਘਟਨਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਲੇਖਕ, ਸੰਬੰਧਿਤ ਵਿਸ਼ੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਉਪਰੰਤ ਇਸ ਨੂੰ ਗਲਪ ਕਲਾ ਰਾਹੀਂ ਪ੍ਰਸਤੁਤ ਕਰਦਾ ਹੈ। ਪੰਜਾਬੀ ਸਾਹਿਤ ਵਿਚ ਇਤਿਹਾਸਕ ਨਾਵਲਾਂ ਦੀ ਘਾਟ ਨੂੰ ਪੂਰਾ ਕਰਨ ਹਿਤ ਹਰੀ ਸਿੰਘ ਢੁੱਡੀਕੇ ਨੇ ਆਪਣੇ ਨਵੇਂ ਨਾਵਲ 'ਸ਼ੁਭ ਕਰਮਨ' ਦੀ ਰਚਨਾ ਕੀਤੀ ਹੈ, ਇਸ ਤੋਂ ਪਹਿਲਾਂ ਉਸ ਦੇ ਕਈ ਇਤਿਹਾਸਕ ਨਾਵਲ ਅਤੇ ਹੋਰ ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਨਾਵਲ ਦਾ ਨਾਇਕ ਰਾਮਗੜ੍ਹੀਆ ਮਿਸਲ ਦਾ ਮੁਖੀ ਸੂਰਬੀਰ ਜੱਸਾ ਸਿੰਘ ਰਾਮਗੜ੍ਹੀਆ ਹੈ। ਪਿਛੋਕੜ ਵਿਚ ਅਹਿਮਦਸ਼ਾਹ ਅਬਦਾਲੀ ਦੇ ਭਾਰਤ ਉਤੇ ਕੀਤੇ ਹਮਲਿਆਂ ਅਤੇ ਜ਼ੁਲਮਾਂ ਦਾ ਵਰਨਣ ਕਰਦਿਆਂ ਪੰਜਾਬ ਦੇ ਬਹਾਦਰ ਸਿੱਖਾਂ ਵਲੋਂ ਟੱਕਰ ਲੈਂਦਿਆਂ ਦਰਸਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਸਿੱਖਾਂ ਵਿਚ ਜੂਝ ਮਰਨ ਦੀ ਰੂਹ ਭਰ ਦਿੱਤੀ। ਜੱਸਾ ਸਿੰਘ ਨੇ ਪਹਿਲਾਂ ਗੁਰੂ ਸਾਹਿਬ ਅਤੇ ਬਾਅਦ ਵਿਚ ਮਾਤਾ ਸੁੰਦਰੀ ਜੀ ਦੀ ਅਗਵਾਈ ਵਿਚ ਸਿੱਖ ਧਰਮ ਦੇ ਮਹਾਨ ਵਿਰਸੇ ਅਤੇ ਸ਼ਸਤਰ ਵਿੱਦਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਨਾਵਲ ਦੇ ਇਸ ਮੁੱਖ ਪਾਤਰ ਦੇ ਨਾਲ ਲੇਖਕ ਨੇ ਬੰਦਾ ਸਿੰਘ, ਨਵਾਬ ਕਪੂਰ ਸਿੰਘ, ਮਤਾਬ ਸਿੰਘ ਭੰਗੂ, ਸੁੱਖਾ ਸਿੰਘ ਮਾੜੀ, ਜ਼ਕਰੀਆ ਖ਼ਾਨ, ਮੀਰ ਮੰਨੂੰ, ਅਦੀਨਾ ਬੇਗ, ਚੜ੍ਹਤ ਸਿੰਘ ਆਦਿ ਇਤਿਹਾਸਕ ਪਾਤਰਾਂ ਨਾਲ ਵੀ ਜਾਣ-ਪਛਾਣ ਕਰਵਾਈ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਪੰਜਾਬ ਵਿਚ ਹਾਹਾਕਾਰ ਮਚ ਗਈ। ਖ਼ਾਲਸਾ ਫ਼ੌਜ ਦੇ ਦੋ ਦਲ (ਬੁੱਢਾ ਦਲ ਤੇ ਤਰਨਾ ਦਲ) ਬਣਾ ਦਿੱਤੇ ਗਏ। ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਘੜ ਸਿੰਘ ਨੇ ਅਬਦੁਲ ਰੱਜਾਕ ਤੇ ਕਾਜ਼ੀ ਨੂੰ ਕਤਲ ਕਰਕੇ ਭਾਈ ਸਾਹਿਬ ਦੀ ਸ਼ਹੀਦੀ ਦਾ ਬਦਲਾ ਲੈ ਲਿਆ। ਨਾਦਰਸ਼ਾਹ ਨੇ ਦਿੱਲੀ ਵਿਖੇ ਭਾਰੀ ਕਤਲੇ-ਆਮ ਤੇ ਲੁੱਟਮਾਰ ਕੀਤੀ। ਸਿੰਘਾਂ ਨੇ ਦੁਸ਼ਮਣ ਦੀ ਫ਼ੌਜ ਉਤੇ ਤੀਰਾਂ ਦੀ ਵਰਖਾ ਕਰ ਦਿੱਤੀ, ਜਿਸ ਨਾਲ ਭਗਦੜ ਮਚ ਗਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਮਤਾਬ ਸਿੰਘ ਭੰਗੂ ਤੇ ਸੁੱਖਾ ਸਿੰਘ ਨੇ ਮੱਸਾ ਰੰਗੜ ਦਾ ਸਿਰ ਵੱਢ ਦਿੱਤਾ। ਅਜਿਹੀਆਂ ਬੀਰਤਾ ਭਰਪੂਰ ਘਟਨਾਵਾਂ ਤੇ ਲੜਾਈਆਂ ਦਾ ਵਰਨਣ ਕਰਨ ਉਪਰੰਤ ਜੱਸਾ ਸਿੰਘ ਦੇ ਅੰਤਿਮ ਸਮੇਂ ਬਾਰੇ ਲੇਖਕ ਦਸਦਾ ਹੈ ਕਿ 20 ਅਕਤੂਬਰ, 1783 ਨੂੰ ਜਦੋਂ ਉਹ ਅੰਮ੍ਰਿਤਸਰ ਪਹੁੰਚਦਾ ਹੈ ਤਾਂ ਪੇਟ ਦਰਦ ਦੀ ਤਕਲੀਫ਼ ਕਾਰਨ ਉਸ ਨੇ ਆਖਰੀ ਸਾਹ ਲਿਆ। ਇਸ ਤਰ੍ਹਾਂ ਪੰਜਾਬ ਦਾ ਇਹ ਮਹਾਨ ਸਪੂਤ, ਸੂਬਰੀਰ ਯੋਧਾ, ਅਦੁੱਤੀ ਪ੍ਰਬੰਧਕ ਤੇ ਸੰਸਥਾਪਕ ਪੰਜਾਬ ਨੂੰ ਵਿਦੇਸ਼ੀ ਖਤਰਿਆਂ ਤੋਂ ਮੁਕਤ ਕਰਨ ਪਿਛੋਂ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਲਾਸਾਨੀ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਹ ਇਕ ਵਡਮੁੱਲੀ ਪੁਸਤਕ ਹੈ। ਇਸ ਦੀ ਛਪਾਈ ਅਤੇ ਦਿੱਖ ਸ਼ਲਾਘਾਯੋਗ ਹੈ। ਪਰੂਫ਼ ਰੀਟਿੰਗ ਕਾਰਨ ਕੁਝ ਇਕ ਗ਼ਲਤੀਆਂ ਰਹਿ ਗਈਆਂ ਹਨ, ਜਿਵੇਂ ਪੰਨਾ 18 ਉਤੇ 'ਵਾਰ ਦੀਏ ਸੁੱਤ ਚਾਰ' ਦੀ ਥਾਂ 'ਤੇ 'ਵਾਰ ਦੀਏ ਮੁਠ ਚਾਰ' ਛਪ ਗਿਆ ਹੈ। ਸਮੁੱਚੇ ਤੌਰ 'ਤੇ ਲੇਖਕ ਵਲੋਂ ਇਹ ਇਤਿਹਾਸਕ ਨਾਵਲ ਲਿਖਣ ਦਾ ਉਪਰਾਲਾ ਪ੍ਰਸੰਸਾਯੋਗ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਭੂਤਾਂ ਦੇ ਸਿਰਨਾਵੇਂ
ਲੇਖਕ : ਡਾ. ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98781-17285
ਚਿੰਤਕ ਤੇ ਲੇਖਕ ਡਾ. ਸਾਧੂ ਰਾਮ ਲੰਗੇਆਣਾ ਵਿਅੰਗ ਦੇ ਖੇਤਰ ਵਿਚ ਇਕ ਜਾਣਿਆ-ਪਹਿਚਾਣਿਆ ਚਰਚਿਤ ਨਾਂਅ ਹੈ। ਪੰਜਾਬੀ ਮਾਂ-ਬੋਲੀ ਦੀ ਨਿਰੰਤਰ ਸੇਵਾ ਕਰਦਿਆਂ ਉਹ 3 ਵਾਰਤਕ ਵਿਅੰਗ ਪੁਸਤਕਾਂ, 4 ਬਾਲ ਸਾਹਿਤ-ਕਾਵਿ ਅਤੇ ਕਹਾਣੀ-ਸੰਗ੍ਰਹਿ ਅਤੇ ਇਕ ਪੁਸਤਕ ਸੰਪਾਦਿਤ ਕਰਕੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ ਅਤੇ ਹੁਣ ਬੱਚਿਆਂ ਲਈ ਤਰਕਸ਼ੀਲ ਬਾਲ ਨਾਵਲ 'ਭੂਤਾਂ ਦੇ ਸਿਰਨਾਵੇਂ' ਲੈ ਕੇ ਲੋਕ ਹਾਜ਼ਰ ਹੋਇਆ ਹੈ। ਸਾਡੇ ਸਮਾਜ ਦੇ ਲੋਕਾਂ ਨੂੰ ਅਖੌਤੀ ਪਾਖੰਡਵਾਦ, ਟੂਣੇ ਟਾਮਣਾਂ ਦੇ ਅੰਧਵਿਸ਼ਵਾਸੀ ਜਾਲ ਨੇ ਬੁਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਜਕੜਿਆ ਹੋਇਆ ਹੈ। ਜਿਸ ਕੋਹੜ ਨੂੰ ਧੋਣ ਲਈ ਲੇਖਕ ਨੇ ਆਪਣੀਆਂ ਲਿਖਤਾਂ ਰਾਹੀਂ ਸ਼ਾਲਾਘਾਯੋਗ ਬੀੜਾ ਚੁੱਕਿਆ ਹੈ। ਲੇਖਕ ਵਲੋਂ ਨਾਵਲ ਨੂੰ 8 ਭਾਗਾਂ ਵਿਚ ਵੰਡਿਆ ਗਿਆ ਹੈ। ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਇਕ 'ਲਾਜੋ' ਨਾਂਅ ਦੀ ਬਿਰਧ ਮਾਤਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨਾਲ ਪ੍ਰਸ਼ਨ-ਉੱਤਰਾਂ ਰਾਹੀਂ ਬਾਤਾਂ ਪਾਉਂਦੀ ਹੋਈ ਬੱਚਿਆਂ ਨੂੰ ਭੂਤਾਂ, ਪ੍ਰੇਤਾਂ, ਵਹਿਮਾਂ-ਭਰਮਾਂ ਤੋਂ ਸੁਚੇਤ ਰਹਿਣ ਅਤੇ ਵਿਗਿਆਨਕ ਸੋਚ ਨਾਲ ਜੁੜਨ ਦਾ ਬਾਕਮਾਲ ਚਾਨਣਾ ਪਾਉਂਦੀ ਹੈ। ਨਾਵਲ ਅੰਦਰਲੇ ਕਈ ਵਿਸ਼ਿਆਂ ਨੂੰ ਸੁਣ ਕੇ ਜਦੋਂ ਭੂਤਾਂ, ਪ੍ਰੇਤਾਂ, ਪਾਖੰਡੀ ਤਾਂਤਰਿਕਾਂ ਦਾ ਪਰਦਾ ਫਾਸ਼ ਹੁੰਦਾ ਹੈ ਤਾਂ ਉਦੋਂ ਜਿਥੇ ਬੱਚਿਆਂ ਦੇ ਮਨਾਂ ਅੰਦਰ ਇਕਦਮ ਚੇਤਨਤਾ ਬਾਰੇ ਹੈਰਾਨਗੀ ਪੈਦਾ ਹੁੰਦੀ ਹੈ। ਉੱਥੇ ਬਹੁਤ ਸਾਰੀਆਂ ਘਟਨਾਵਾਂ ਬਾਲ ਮਨਾਂ ਨੂੰ ਹਾਸਿਆਂ ਨਾਲ ਖਿੜ ਖਿੜ ਕਰਕੇ ਹੱਸਣ ਲਈ ਵੀ ਖ਼ੂਬ ਵਿਟਾਮਿਨ ਦਿੰਦੀਆਂ ਹਨ ਅਤੇ ਨਾਲ-ਨਾਲ ਬੱਚਿਆਂ ਅੰਦਰ ਰੌਚਿਕਤਾ ਪੈਦਾ ਹੁੰਦੀ ਹੈ। ਲੇਖ਼ਕ ਦੀ ਸ਼ੈਲੀ ਅਤੇ ਗੱਲ ਕਹਿਣ ਦਾ ਢੰਗ ਵਧੀਆ ਤੇ ਸਰਲ ਹੈ। ਨਾਵਲ ਵਿਚ 'ਤਾਈ ਨਿਹਾਲੀ' ਅਤੇ 'ਤਾਇਆ ਨਰੈਣਾ' ਮੁੱਖ ਪਾਤਰ ਸਿਰਜੇ ਗਏ ਹਨ। ਨਾਵਲ ਦੇ ਪਹਿਲੇ ਭਾਗ ਵਿਚ 'ਰੋਹੀ ਵਾਲਾ ਖੂਹ' ਅਤੇ 'ਤ੍ਰਿਵੈਣੀ' ਦੇ ਦਰੱਖਤਾਂ ਤੋਂ ਮਿਲਣ ਵਾਲੇ ਇਨਸਾਨੀ ਲਾਭ, ਭਾਗ ਦੋ ਵਿਚ 'ਭੂਤਾਂ ਵਾਲਾ ਖੂਹ', 'ਦਾਦੀ ਮਾਂ ਦਾ ਸੁਫ਼ਨਾ', ਭਾਗ ਤਿੰਨ ਵਿਚ 'ਪੱਥਰ ਦਾ ਆਨਾਂ', ਭਾਗ ਚਾਰ ਵਿਚ 'ਸ਼ਰਾਧ', 'ਬਲੱਡ ਗਰੁੱਪ', ਭਾਗ ਪੰਜ ਵਿਚ 'ਔਂਤਰਾ ਬਾਬਾ', 'ਗੋਲਕ ਬਾਬੇ ਦੀ', ਭਾਗ ਛੇ ਵਿਚ 'ਚੌਕੀ ਇੰਚਾਰਜ', ਭਾਗ ਸੱਤ ਵਿਚ 'ਰਾਸ਼ੀਫਲ', ਭਾਗ ਅੱਠ ਵਿਚ 'ਪੁੱਠੇ ਪੈਰਾਂ ਵਾਲੀ ਭੂਤ', ਬਹੁਤ ਹੀ ਕਾਬਲੇ ਤਾਰੀਫ਼ ਮੁੱਲਵਾਨ ਰਚਨਾਵਾਂ ਹਨ। ਇਨ੍ਹਾਂ ਤੋਂ ਇਲਾਵਾ ਲੇਖਕ ਵੱਲੋਂ ਪੁਰਾਣੇ ਸਮਿਆਂ ਵਿਚ ਸਾਧ ਸੰਤਾਂ ਦੇ ਘੋਲ ਕੇ ਪਿਲਾਏ ਜਾਣ ਵਾਲੇ ਤਵੀਤਾਂ ਦੀ ਅਤੇ ਸਵਾਹ ਦੀਆਂ ਪੁੜੀਆਂ ਦੀ ਅਸਲੀਅਤ ਬਾਰੇ ਬਹੁਤ ਢੁੱਕਵੇਂ ਵਿਸਥਾਰ ਦਿੱਤੇ ਗਏ ਹਨ। ਘਰੇਲੂ ਰਸਮਾਂ ਦੇ ਨਾਲ-ਨਾਲ ਪਸ਼ੂ, ਪੰਛੀ ਅਤੇ ਰੁੱਖਾਂ ਦੇ ਵਹਿਮ-ਭਰਮ ਬਾਰੇ ਵਾਰਤਕ ਅਤੇ ਕਾਵਿ ਚਿੱਤਰਾਂ ਰਾਹੀਂ ਗੱਲਬਾਤ ਕੀਤੀ ਗਈ ਹੈ। ਲੇਖਕ ਵਲੋਂ ਹੋਰ ਬਹੁਤ ਸਾਰੀਆਂ ਅੰਧ-ਵਿਸ਼ਵਾਸੀ ਰਸਮਾਂ ਦੇ ਕਰਮ ਕਾਂਡਾਂ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਨਾਵਲ ਵਿਚਲੀਆਂ ਬਹੁਤ ਸਾਰੀਆਂ ਰਚਨਾਵਾਂ ਫਿਲਮਾਂਕਣ ਯੋਗ ਵੀ ਹਨ। ਲੇਖਕ ਅੰਦਰ ਸੱਚ ਲਿਖਣ ਦਾ ਜਜ਼ਬਾ ਹੈ। ਨਾਵਲ ਪੜ੍ਹਨਯੋਗ ਅਤੇ ਸਾਂਭਣਯੋਗ ਹੈ। ਮੈਨੂੰ ਆਸ ਹੈ ਕਿ ਡਾ. ਸਾਧੂ ਰਾਮ ਲੰਗੇਆਣਾ ਦੇ ਇਸ ਬਾਲ ਨਾਵਲ 'ਭੂਤਾਂ ਦੇ ਸਿਰਨਾਵੇਂ' ਦਾ ਪੰਜਾਬੀ ਸਾਹਿਤ ਜਗਤ ਵਿਚ ਭਰਪੂਰ ਸਵਾਗਤ ਹੋਵੇਗਾ।
ਫੁੱਲਾਂ ਦੀ ਵਰਣਮਾਲਾ
ਸੰਪਾਦਕ : ਦਰਸ਼ਨ ਸਿੰਘ ਬਰੇਟਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94786-35500
ਸਮੀਖਿਆ ਅਧੀਨ ਪੁਸਤਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ (ਮਾਨਸਾ) ਦੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਸੰਪਾਦਿਤ ਕੀਤੀ ਹੈ। ਪ੍ਰਿੰਸੀਪਲ ਦਾ ਵਿਚਾਰ ਹੈ ਕਿ ਸਕੂਲੀ ਵਿਦਿਆਥੀਆਂ ਦੇ ਕੋਮਲ ਹਿਰਦਿਆਂ ਨੂੰ ਸਾਹਿਤਕ ਮਾਹੌਲ ਪ੍ਰਦਾਨ ਕੀਤਾ ਜਾਵੇ ਤਾਂ ਉਨ੍ਹਾਂ ਦੀਆਂ ਤੋਤਲੀਆਂ ਵੇਦਨਾਵਾਂ ਦਾ ਵਹਾਅ ਟੁੱਟੇ-ਫੁੱਟੇ ਸ਼ਬਦਾਂ ਰਾਹੀਂ ਆਪ ਮੁਹਾਰੇ ਵਹਿਣ ਲੱਗ ਪੈਂਦਾ ਹੈ ਅਤੇ ਸੁੰਦਰ ਸਾਹਿਤਕ ਰਚਨਾਵਾਂ ਨੂੰ ਜਨਮ ਦਿੰਦਾ ਹੈ ਏਸੇ ਸੋਚ ਨੂੰ ਲੈਕੇ ਇਨ੍ਹਾਂ ਨੇ ਆਪਣੇ ਸਕੂਲ ਦੇ ਸਾਹਿਤਕਾਰ ਅਤੇ ਸਾਹਿਤਕ ਰੁਚੀਆਂ ਵਾਲੇ ਅਧਿਆਪਕਾਂ ਦਾ ਸਹਿਯੋਗ ਲੈ ਕੇ ਬਾਲਾਂ ਦੇ ਸਾਹਿਤ ਦੀ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਤਿਆਰ ਕੀਤੀ ਹੈ ਜਿਸ ਵਿਚ ਬਾਲਾਂ ਦੀਆਂ ਚੌਵੀ ਕਵਿਤਾਵਾਂ ਗੀਤ ਪੰਜ ਮਿੰਨੀ ਕਹਾਣੀਆਂ ਅਤੇ ਛੇ ਵਾਰਤਕ ਲਿਖਤਾਂ ਸ਼ਾਮਿਲ ਕੀਤੀਆਂ ਹਨ। ਲੇਖਕ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ। ਵਿਦਿਆਰਥੀ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਸਾਰੇ ਬਾਲ ਲੇਖਕਾਂ ਨੇ ਚੰਗੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਵਾਰਤਕ ਲਿਖੀ ਹੈ। ਜਿੱਥੇ ਚੰਗੀਆਂ ਗੀਤ ਕਵਿਤਾਵਾਂ ਲਿਖੀਆਂ ਹਨ ਉੱਥੇ ਮਿੰਨੀ ਕਹਾਣੀਆਂ ਦਾ ਸਿੱਟਾ ਵੀ ਸਿਖਿਆਦਾਇਕ ਕੱਢਿਆ ਹੈ ਵਾਰਤਕ ਵਿਚ ਵਾਰਤਕ ਵਾਲੇ ਗੁਣ ਮੌਜੂਦ ਹਨ। ਭਵਿੱਖ ਦੇ ਚੰਗੇ ਸਾਹਿਤਕਾਰ ਬਣਨ ਦੀਆਂ ਸਾਰੇ ਬੱਚਿਆਂ ਵਿਚ ਸ਼ੁਭਾਵਨਾਵਾਂ ਛੁਪੀਆਂ ਹੋਈਆਂ ਹਨ ਭਵਿੱਖ ਵਿਚ ਅਭਿਆਸ ਅਤੇ ਤਜਰਬੇ ਨਾਲ ਲਿਖਤਾਂ ਵਿਚ ਹੋਰ ਵੀ ਖ਼ੂਬਸੂਰਤੀ ਆਵੇਗੀ ਅਧਿਆਪਕਾਂ ਦੀ ਸਾਰੀ ਟੀਮ ਨੇ ਵਿਦਿਆਰਥੀਆਂ ਅੰਦਰ ਛੁਪੀ ਸਿਰਜਣਾਤਿਮਕ ਪ੍ਰਵਿਰਤੀ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਾਗਰੂਕ ਕੀਤਾ ਹੈ। ਕਿਤਾਬ ਪੜ੍ਹਦਿਆਂ ਪ੍ਰਸਿੱਧ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਤੋਂ ਪਤਾ ਲੱਗਾ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪੜ੍ਹਾਈ, ਖੇਡਾਂ, ਸਕਾਊਟਿੰਗ, ਐਨ.ਐੱਸ.ਐੱਸ. ਅਤੇ ਰੈਡਕਰਾਸ ਆਦਿ ਖੇਤਰਾਂ ਵਿਚ ਵੀ ਪੂਰੀ ਮੁਹਾਰਤ ਰੱਖਦੇ ਹਨ। ਇਸ ਸਕੂਲ ਦੇ ਉਭਰਦੇ ਅਤੇ ਭਵਿੱਖ ਦੇ ਸਾਹਿਤਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਦੀ ਇਕ ਕਿਤਾਬ 'ਤਾਰੇ ਕਰਨ ਇਸ਼ਾਰੇ' ਇਸ ਤੋਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਹੈ। ਚਿੱਤਰ ਰਚਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਕ ਹੀ ਸਿੱਖਿਆ ਵੀ ਦਿੰਦੀਆਂ ਹਨ। ਪ੍ਰਿੰਸੀਪਲ ਸ. ਦਰਸ਼ਨ ਸਿੰਘ ਬਰੇਟਾ, ਅਧਿਆਪਕ ਅਜ਼ੀਜ਼ ਰਾਏ, ਕੇਵਲ ਧਰਮਪੁਰਾ, ਕੁਲਜੀਤ ਪਾਠਕ ਅਤੇ ਵਿਦਿਆਰਥੀ ਸਹਿ-ਸੰਪਾਦਕ ਦਿਲਪ੍ਰੀਤ ਕੌਰ ਅਤੇ ਚਰਨਜੀਤ ਕੌਰ ਸਾਰੇ ਹੀ ਬਹੁਤ-ਬਹੁਤ ਮੁਬਾਰਕਾਂ ਦੇ ਹੱਕਦਾਰ ਹਨ ਜਿਨ੍ਹਾਂ ਨੇ ਰਲ ਕੇ ਬਾਲਾਂ ਅੰਦਰ ਛੁਪੀ ਵਿਲੱਖਣ ਕਲਾ ਨੂੰ ਉਜਗਾਰ ਕਰਨ ਵਿਚ ਇਕ ਬਹੁਤ ਹੀ ਮਿਹਨਤੀ ਅਧਿਆਪਕਾਂ ਵਾਲਾ ਸ਼ਾਨਦਾਰ ਰੋਲ ਨਿਭਾਇਆ ਹੈ। ਇਹ ਕਲਾ ਕਿਸਾਨ ਦੇ ਬੀਜੇ ਬੀਜ ਵਾਂਗਰ ਹੁੰਦੀ ਹੈ ਜੇ ਕਿਸਾਨ ਨੇ ਉਸ ਬੀਜ ਨੂੰ ਵਧੀਆ ਵਾਤਾਵਰਨ, ਪਾਣੀ, ਖਾਦ ਆਦਿ ਸਮੇਂ ਸਿਰ ਪਾਏ ਅਤੇ ਗੋਡੀ ਕੀਤੀ ਹੈ ਤਾਂ ਬੀਜ ਪੂਰਾ ਪੌਦਾ ਬਣ ਕੇ ਖਿਲਰਦਾ ਅਤੇ ਫੈਲਦਾ ਹੈ ਅਤੇ ਕਿਸਾਨ ਨੂੰ ਮਨ ਭਾਉਂਦਾ ਫਲ ਵੀ ਦਿੰਦਾ ਹੈ ਜੇ ਕਿਸਾਨ ਲਾਪ੍ਰਵਾਹੀ ਕਰ ਜਾਵੇ ਤਾਂ ਓਹੀ ਬੀਜ ਮਿੱਟੀ ਵਿਚ ਰਲ ਕੇ ਇਕ ਦਿਨ ਮਿੱਟੀ ਹੋ ਜਾਂਦਾ ਹੈ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896