JALANDHAR WEATHER

ਹੱਦਬੰਦੀ ਦੀ ਕਾਰਵਾਈ ਪੰਜਾਬ ਨਾਲ ਭਾਰੀ ਵਿਤਕਰੇ ਵਾਲੀ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 15 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਵਿਚ ਹੱਦਬੰਦੀ ਦੀ ਪ੍ਰਸਤਾਵਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਜਨਸੰਖਿਆ ਆਧਾਰਿਤ ਹੱਦਬੰਦੀ ਦੀ ਕਾਰਵਾਈ ਪੰਜਾਬ ਨਾਲ ਭਾਰੀ ਵਿਤਕਰੇ ਵਾਲੀ ਹੈ।ਉਨ੍ਹਾਂ ਕਿਹਾ ਕਿ ਉਹਨਾਂ ਦੀ ਪਾਰਟੀ ਹੱਦਬੰਦੀ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸਰਬ ਪਾਰਟੀ ਮੀਟਿੰਗ ਦੀ ਪਹਿਲਕਦਮੀ ਦੇ ਹੱਕ ਵਿਚ ਹੈ। ਸੁਖਬੀਰ ਸਿੰਘ ਬਾਦਲ ਨੇ ਹੱਦਬੰਦੀ ਦੀ ਕਾਰਵਾਈ ਦੇ ਵਿਤਕਰੇ ਭਰਪੂਰ ਸਰੂਪ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਇਕ ਘੱਟ ਗਿਣਤੀ ਸਰੂਪ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਜਨਸੰਖਿਆ ਆਧਾਰਿਤ ਹੱਦਬੰਦੀ ਦੇ ਅਸੀਂ ਸਭ ਤੋਂ ਵੱਧ ਸ਼ਿਕਾਰ ਹੋਵਾਂਗੇ।

ਪੰਜਾਬ ਵਿਚ ਸਿਰਫ ਨਾ ਮਾਤਰ ਸੀਟਾਂ ਦਾ ਵਾਧਾ ਹੋਵੇਗਾ ਜਦੋਂ ਕਿ ਹਰਿਆਣਾ ਵਿਚ ਸੀਟਾਂ ਵਿਚ 100 ਫੀਸਦੀ ਵਾਧਾ ਹੋਵੇਗਾ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕਿਥੇ ਰਹਿ ਜਾਵਾਂਗੇ ? ਅਸੀਂ ਪਹਿਲਾਂ ਹੀ ਸਥਾਪਿਤ ਵਿਵਸਥਾ ਕਾਰਨ ਵਿਤਕਰੇ ਤੇ ਅਨਿਆਂ ਦੇ ਪੀੜਤ ਹਾਂ।  ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੱਦਬੰਦੀ ਦੀ ਕਾਰਵਾਈ ਜਨਸੰਖਿਆ ਕੰਟਰੋਲ ਦੇ ਕੌਮੀ ਏਜੰਡੇ ਦੀ ਪਾਲਣਾ ਕਰਨ ਲਈ ਪੰਜਾਬ ਵਾਸਤੇ ਸਜ਼ਾ ਹੈ ਤੇ ਜਿਹੜੇ ਰਾਜਾਂ ਨੇ ਕੌਮੀ ਟੀਚਿਆਂ ਦੀ ਪੂਰਤੀ ਦੀ ਪਰਵਾਹ ਨਹੀਂ ਕੀਤੀ, ਉਨ੍ਹਾਂ ਲਈ ਇਨਾਮ ਵਾਂਗੂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ