ਵੇਖਿਓ ਕਿਤੇ ਇਸ ਵਾਰ ਹੋਰ ਕਿਸੇ ਨੂੰ ਮੌਕਾ ਨਾ ਦੇ ਦਿਓ-ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੂੰ ਅਤੇ ਫਿਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਕਿੰਨੇ ਸਾਲ ਬਰਬਾਦ ਕਰ ਦਿੱਤੇ ਅਤੇ ਪੰਜਾਬ ਨੂੰ ਹਰ ਪੱਖ ਤੋਂ ਪਿੱਛੇ ਕਰ ਦਿੱਤਾ। ਉਨ੍ਹਾਂ ਸਟੇਜ ਤੋਂ ਹੱਥ ਜੋੜਦੇ ਹੋਏ ਕਿਹਾ ਕਿ ਵੇਖਿਓ ਕਿਤੇ ਇਸ ਵਾਰ ਹੋਰ ਕਿਸੇ ਨੂੰ ਮੌਕਾ ਨਾ ਦੇ ਦਿਓ। ਉਨ੍ਹਾਂ ਦਾ ਇਸ਼ਾਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸਤ ਵਿਚ ਲੋਕਾਂ ਦੀ ਸੇਵਾ ਲਈ ਲੱਗੇ ਸਨ ਅਤੇ ਤੁਸੀਂ ਪੰਜ ਵਾਰ ਮੁੱਖ ਮੰਤਰੀ ਬਣਾਇਆ। ਉਨ੍ਹਾਂ ਭਗਵੰਤ ਮਾਨ ’ਤੇ ਤਨਜ ਕਸਦਿਆਂ ਕਿਹਾ ਕਿ ਉਹ ਸੁਰੱਖਿਆ ਵਿਚ ਸ਼ੇਰ ਬਣਿਆ ਫਿਰਦਾ ਹੈ। ਕੋਈ ਪਿੰਡ ਚੁਣ ਲਵੇ ਉਸ ਪਿੰਡ ਵਿਚ ਬਿਨਾਂ ਸੁਰੱਖਿਆ ਦੀ ਮੈਂ ਆ ਜਾਵਾਂਗਾ ਅਤੇ ਭਗਵੰਤ ਮਾਨ ਆ ਜਾਵੇ, ਪਤਾ ਲੱਗ ਜਾਵੇਗਾ ਕਿ ਹਾਰ ਕਿਸ ਦੇ ਪੈਂਦੇ ਹਨ।
ਸੁਖਬੀਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੂੰ ਰੈਲੀ ਦੀ ਵੱਡੀ ਸਫ਼ਲਤਾ ’ਤੇ ਵਧਾਈ ਦਿੰਦਿਆਂ ਕਿਹਾ ਕਿ ਹਲਕੇ ਲਈ ਰੋਜੀ ਬਾਈ ਜੋ ਵੀ ਕੰਮ ਕਹੇਗਾ, ਉਹ ਹੋਵੇਗਾ। ਖਜ਼ਾਨੇ ਦੀ ਚਾਬੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹੱਥ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਣਨ ’ਤੇ ਪੰਜਾਬੀਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਕਾਰਖਾਨੇ ਲਵਾਉਣ ਤੋਂ ਪਹਿਲਾਂ ਵੀ ਪੰਜਾਬੀਆਂ ਦੀ 75 ਪ੍ਰਤੀਸ਼ਤ ਨੌਕਰੀ ਦੇਣ ਦੀ ਗੱਲ ਪੱਕੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2022 ਦੀਆਂ ਚੋਣਾਂ ਵਿਚ ਮੁਲਾਜ਼ਮਾਂ ਨੇ ਹੀ ਆਮ ਆਦਮੀ ਪਾਰਟੀ ਲਿਆਂਦੀ ਹੈ ਤੇ ਹੁਣ ਉਸ ਸਰਕਾਰ ਤੋਂ ਡਾਂਗਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਡੀ.ਏ. ਦੀਆਂ ਕਿਸ਼ਤਾਂ ਦਿੱਤੀਆਂ ਜਾਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ’ਤੇ ਲਾਉਣ ਲਈ ਪੰਜਾਬ ਵਿਚ ਸਕਿੱਲ ਯੂਨੀਵਰਸਿਟੀ ਖੋਲ੍ਹੀ ਜਾਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸਟੇਜ ਤੋਂ ਭੰਡਿਆ, ਪਰ ਭਾਜਪਾ ਖ਼ਿਲਾਫ਼ ਗੱਲ ਕਰਨ ਤੋਂ ਪਾਸਾ ਵੱਟਿਆ।
;
;
;
;
;
;
;
;