ਬਰਜਿੰਦਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਮੋਗਾ, 4 ਅਪ੍ਰੈਲ- ਬਰਜਿੰਦਰ ਸਿੰਘ ਬਰਾੜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਮੈਂ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ ਏਜੰਸੀਆਂ ਨਾਲ ਮਿਲ ਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ ਗਿਆਨੀ ਹਰਪ੍ਰੀਤ ਸਿੰਘ ਤੇ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ 'ਤੇ ਕੌਮ ਨੂੰ ਭਾਵੁਕ ਕਰਕੇ ਬੀਤੇ ਸਮੇਂ ਵਿਚ ਕੁਝ ਲੋਕਾਂ ਵਲੋਂ ਵੱਡੀ ਸਾਜਿਸ਼ ਰਚੀ ਗਈ, ਜਿਸ ਨੂੰ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਨਾਮ ਦਿੱਤਾ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਉਹ ਗੱਲਾਂ ਦਾ ਪਤਾ ਲੱਗਾ, ਜੋ ਕਿ ਪੰਥ ਅਤੇ ਪੰਜਾਬ ਤੋਂ ਓਹਲੇ ਪਰਦੇ ਦੇ ਪਿੱਛੇ ਚੱਲ ਰਹੀਆਂ ਸਨ । ਪੰਥ ਦੀ ਨੁਮਾਇੰਦਾਂ ਜਥੇਬੰਦੀ ਨੂੰ ਖ਼ਤਮ ਕਰਨ ਲਈ ਕੇਂਦਰੀ ਤਾਕਤਾਂ ਨੇ ਐਸੀ ਸਾਜਿਸ਼ ਘੜੀ ਕਿ ਕਿਸੇ ਨੂੰ ਭਿਣਕ ਤੱਕ ਨਾ ਲੱਗੀ । ਇਸ ਸਾਜਿਸ਼ ਦਾ ਹਿੱਸਾ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀ ਆਪ ਸਰਕਾਰ ਵੀ ਸੀ, ਜਿੰਨ੍ਹਾਂ ਨੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਰ ਦਾਅ ਵਰਤਿਆ।
ਪੰਥਕ ਪਰਿਵਾਰ ਹੋਣ ਕਰਕੇ ਸਾਨੂੰ ਵੀ ਇਸ ਜਾਲ 'ਚ ਫਸਾਉਣ ਲਈ ਮਨਪ੍ਰੀਤ ਸਿੰਘ ਇਆਲੀ ਨੇ ਭੂਮਿਕਾ ਨਿਭਾਈ ਤੇ ਮੈਂ ਉਸਦੇ ਨਾਲ ਇਸ ਦਲ ਵਿਚ ਚਲਾ ਗਿਆ ਪਰ ਜਦ ਵੀ ਗੱਲ ਪੰਥ ਤੇ ਪੰਜਾਬ ਦੇ ਹਿੱਤ ਦੀ ਆਉਂਦੀ ਹੈ ਤਾਂ ਮਨਪ੍ਰੀਤ ਇਆਲੀ ਚੁੱਪ ਵੱਟ ਲੈਂਦਾ । ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬਿਆਨਬਾਜ਼ੀ ਵੇਲੇ ਹੀ ਅੱਗੇ ਆਉਂਦਾ ਤੇ ਖੁੱਲ੍ਹ ਕੇ ਬੋਲਦਾ ਪਰ ਸਰਕਾਰਾਂ ਖ਼ਿਲਾਫ਼ ਇਕ ਲਫ਼ਜ ਨਹੀਂ ਬੋਲਦਾ। ਇਸ ਦਾ ਵੱਡਾ ਕਾਰਨ ਇਆਲੀ ਦੇ ਵਪਾਰਕ ਹਿੱਤ - ਕਲੋਨੀਆਂ ਆਦਿ ਦੇ ਕੰਮ ਹੋ ਸਕਦੇ ਹਨ, ਇਆਲੀ ਦੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨਾਲ ਇਕ ਗੱਲਬਾਤ ਹੈ।ਕਈ ਵਾਰ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੈਨੂੰ ਡਿਪਟੀ ਸੀ.ਐੱਮ ਬਣਨ ਦੀ ਪੇਸ਼ਕਸ਼ ਵੀ ਆਈ ਹੈ।
ਗਿਆਨੀ ਹਰਪ੍ਰੀਤ ਸਿੰਘ ਬਾਰੇ ਤਾਂ ਹੁਣ ਸੰਗਤ ਖੁਦ ਹੀ ਜਾਣ ਚੁੱਕੀ ਹੈ ਕਿ ਕਿਵੇਂ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਏਜੰਸੀਆਂ ਦੇ ਆਖੇ ਖਤਮ ਕਰਨ ਦਾ ਹਰ ਹੀਲਾ ਵਰਤਿਆ । ਗਿਆਨੀ ਹਰਪ੍ਰੀਤ ਸਿੰਘ ਉਹ ਹੀ ਕਰਦਾ ਤੇ ਬੋਲਦਾ ਹੈ, ਜੋ ਉਸ ਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ । ਮੈਂ ਪਾਰਟੀ ਵਿਚ ਰਹਿੰਦੇ ਕਾਫ਼ੀ ਸਮੇਂ ਤੋਂ ਇਹ ਸਭ ਕੁਝ ਹੁੰਦਾ ਦੇਖ ਰਿਹਾ ਹਾਂ ਪਰ ਹੁਣ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਪੰਥ ਤੋਂ ਇਹ ਸਭ ਛੁਪਾ ਕੇ ਰੱਖਾਂ।ਮੈਨੂੰ ਅਫਸੋਸ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸਦਾ ਹਿੱਸਾ ਬਣਿਆ।
ਮੈਂ ਅੱਜ ਇਸ ਨਵੇਂ ਦਲ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿਚ ਪੰਥ ਦੀ ਕਚਹਿਰੀ ਵਿਚ ਸੱਚ ਸਭ ਦੇ ਸਾਹਮਣੇ ਰੱਖਾਂਗਾ ।
;
;
;
;
;
;
;
;