JALANDHAR WEATHER

ਜ਼ਮੀਨ ਵੇਚਣ ਦੇ ਮਾਮਲੇ ’ਚ 28 ਲੱਖ ਦੀ ਠੱਗੀ, 3 ’ਤੇ ਮਾਮਲਾ ਦਰਜ

ਭਵਾਨੀਗੜ੍ਹ (ਸੰਗਰੂਰ), 20 ਮਾਰਚ (ਲਖਵਿੰਦਰ ਪਾਲ ਗਰਗ) –ਪਿੰਡ ਆਲੋਅਰਖ ਦੇ ਇਕ ਵਿਅਕਤੀ ਨਾਲ 14 ਵਿੱਘੇ ਜ਼ਮੀਨ ਵੇਚਣ ਨੂੰ ਲੈ ਕੇ 28 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਪੁਲਿਸ ਵਲੋਂ ਇਕ ਵਿਅਕਤੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।

ਇਸ ਸੰਬੰਧੀ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਆਲੋਅਰਖ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਇਕ ਦੋਸਤ ਨੇ ਪਿੰਡ ਸਕਰੌਦੀ ਵਿਖੇ 14 ਵਿੱਘੇ ਵਿਕਾਊ ਜ਼ਮੀਨ ਬਾਰੇ ਦੱਸਿਆ। ਜਿਸ ਨੂੰ ਉਹ ਖ਼੍ਰੀਦਣਾ ਚਾਹੁੰਦਾ ਸੀ। ਜ਼ਮੀਨ ਦੀ ਫ਼ਰਦ ਵੇਖਣ ਤੋਂ ਉਸ ਨੂੰ ਪਤਾ ਚੱਲਿਆ ਸੀ ਕਿ ਜ਼ਮੀਨ ’ਤੇ ਕਰਜ਼ਾ ਵਗੈਰਾ ਵੀ ਲਿਆ ਹੋਇਆ ਸੀ। ਉਸ ਨੇ ਜ਼ਮੀਨ ਦਾ ਸੌਦਾ ਪਿੰਡ ਸਕਰੌਦੀ ਦੇ ਗੁਰਜੀਤ ਸਿੰਘ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਤੇ ਪਿਤਾ ਰੁਪਿੰਦਰ ਸਿੰਘ ਨਾਲ ਕੀਤਾ ਸੀ। ਬਿਆਨੇ ਵਜੋਂ ਉਸ ਨੇ ਕੁੱਲ 15 ਲੱਖ ਰੁਪਏ ਚੈੱਕ ਅਤੇ ਨਗਦ ਰਾਸ਼ੀ ਦੇ ਕੇ ਐਗਰੀਮੈਂਟ ਲਿਖ ਲਿਆ ਸੀ। ਇਸ ਤੋਂ ਬਾਅਦ ਜ਼ਮੀਨ ਵੇਚਣ ਵਾਲਿਆਂ ਨੇ ਅਕਤੂਬਰ 2024 ਵਿਚ ਉਸ ਕੋਲੋਂ ਬੈਂਕ ਦਾ ਲੋਨ ਭਰਨ ਲਈ ਰੁਪਿਆਂ ਦੀ ਮੰਗ ਕੀਤੀ ਸੀ ਤਾਂ ਉਸ ਨੇ ਵੱਖ-ਵੱਖ ਸਮਿਆਂ ’ਤੇ ਇਨ੍ਹਾਂ ਨੂੰ ਨਕਦ ਅਤੇ ਬੈਂਕਾਂ ਰਾਹੀ 13 ਲੱਖ ਰੁਪਏ ਹੋਰ ਦੇ ਦਿੱਤੇ ਸੀ ਤੇ ਉਨ੍ਹਾਂ ਕੋਲੋਂ ਲਿਖਤੀ ਰਸੀਦ ਲੈ ਕੇ ਰਜਿਸਟਰੀ ਕਰਾਉਣ ਦੀ ਤਰੀਕ ਨੂੰ ਹੋਰ ਵਧਾ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਰਜਿਸਟਰੀ ਕਰਵਾਉਣ ਨੂੰ ਲੈ ਕੇ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ । ਇਸ ਦੌਰਾਨ ਸ਼ਿਕਾਇਤਕਰਤਾ ਰਜਿਸਟਰੀ ਕਰਵਾਉਣ ਨੂੰ ਲੈ ਕੇ ਉਨ੍ਹਾਂ ਦੇ ਘਰ ਚਲਾ ਗਿਆ ਤਾਂ ਉਨ੍ਹਾਂ ਰਜਿਸਟਰੀ ਨਾ ਕਰਵਾਉਣ ਸੰਬੰਧੀ ਜਵਾਬ ਦਿੰਦਿਆਂ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ । ਜਿਸ ਤੋਂ ਪ੍ਰੇਸ਼ਾਨ ਹੁੰਦਿਆਂ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਇਨਸਾਫ਼ ਲੈਣ ਲਈ ਗੁਹਾਰ ਲਗਾਈ।

ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਦੀ ਜਾਂਚ-ਪੜਤਾਲ ਕਰਦਿਆਂ ਦਵਿੰਦਰ ਸਿੰਘ ਵਾਸੀ ਆਲੋਅਰਖ ਦੇ ਬਿਆਨਾਂ ’ਤੇ ਪਿੰਡ ਸਕਰੌਦੀ ਵਾਸੀ ਗੁਰਜੀਤ ਸਿੰਘ, ਉਸ ਦੇ ਪਿਤਾ ਰੁਪਿੰਦਰ ਸਿੰਘ ਤੇ ਮਾਤਾ ਸੁਰਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ