ਪੰਜਾਬ ਦੀ ਧੀ ਨੇ ਅਮਰੀਕਾ ਵਿੱਚ ਬਣਾਈ ਪਹਿਚਾਣ,ਫੁਲਬ੍ਰਾਈਟ ਫੈਲੋਸ਼ਿਪ ਨਾਲ ਮਿਲੀ ਵੱਡੀ ਉਪਲਬਧੀ
ਅੰਮ੍ਰਿਤਸਰ, 20 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੈਂਸਰਾ ਕਲਾਂ ਦੀ ਸਾਇੰਸ ਮਿਸਟ੍ਰੈੱਸ ਡਾ. ਗਗਨਦੀਪ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਹ ਪੰਜਾਬ ਤੋਂ ਇਕੱਲੀ ਅਤੇ ਭਾਰਤ ਤੋਂ ਕੁੱਲ੍ਹ ਤਿੰਨ ਅਧਿਆਪਕਾਂ ਵਿਚੋਂ ਚੁਣੀ ਗਈ, ਜਿਨ੍ਹਾਂ ਨੂੰ ਪ੍ਰਸਿੱਧ *Fulbright TEA ਪ੍ਰੋਗਰਾਮ* ਤਹਿਤ ਸੰਯੁਕਤ ਰਾਜ ਅਮਰੀਕਾ ਵਿਚ ਟ੍ਰੇਨਿੰਗ ਲਈ ਚੁਣਿਆ ਗਿਆ। ਇਹ ਫੈਲੋਸ਼ਿਪ ਹਾਸਲ ਕਰਨਾ ਬਹੁਤ ਹੀ ਮੁਸ਼ਕਿਲ ਮੰਨਿਆ ਜਾਂਦਾ ਹੈ।
ਡਾ. ਗਗਨਦੀਪ ਕੌਰ ਨੇ 21 ਜਨਵਰੀ ਤੋਂ 12 ਮਾਰਚ 2026 ਤੱਕ ਅਮਰੀਕਾ ਵਿੱਚ ਰਹਿ ਕੇ ਇਹ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੀ ਪ੍ਰਸਿੱਧ ਯੂਨੀਵਰਸਿਟੀ ‘University of Massachusetts Lowell’ ਵਿਚ ਵਿਸ਼ੇਸ਼ ਤਾਲੀਮ ਪ੍ਰਾਪਤ ਕੀਤੀ। ਟ੍ਰੇਨਿੰਗ ਦੌਰਾਨ ਉਨ੍ਹਾਂ ਨੇ ਆਧੁਨਿਕ ਅਧਿਆਪਨ ਪੱਧਤੀਆਂ, ਵਿਗਿਆਨ ਸਿੱਖਿਆ ਦੇ ਨਵੇਂ ਤਰੀਕੇ, ਕਲਾਸਰੂਮ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਬਾਰੇ ਵਿਸਥਾਰ ਨਾਲ ਸਿੱਖਿਆ ਹਾਸਲ ਕੀਤੀ। ਪ੍ਰੋਗਰਾਮ ਦੇ ਹਿੱਸੇ ਵਜੋਂ ਉਨ੍ਹਾਂ ਨੇ ਅਮਰੀਕਾ ਦੇ ਸਕੂਲਾਂ ਵਿਚ 40 ਘੰਟਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਵੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਉੱਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲਿਆ।
ਇਸ ਅੰਤਰਰਾਸ਼ਟਰੀ ਪ੍ਰੋਗਰਾਮ ਦਾ ਸਮਾਪਨ ਸਮਾਰੋਹ *Washington, DC* ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਦੇ ਅਧਿਕਾਰੀ, ਭਾਰਤੀ ਦੂਤਾਵਾਸ ਦੇ ਪ੍ਰਤਿਨਿਧੀ ਅਤੇ ਆਈ.ਐਫ.ਐਸ. ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਆਏ ਅਧਿਆਪਕਾਂ ਨਾਲ ਸਿੱਖਿਆ ਸੰਬੰਧੀ ਮਹੱਤਵਪੂਰਨ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ਼੍ਰਿੰਦਰ ਸਿੰਘ ਨੇ ਡਾ. ਗਗਨਦੀਪ ਕੌਰ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਸਕੂਲ ਅਤੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਦੀ ਅਧਿਆਪਕਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ ਨੇ ਵੀ ਆਪਣੀ ਟੀਮ ਸਮੇਤ ਡਾ. ਗਗਨਦੀਪ ਕੌਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਹੋਰ ਅਧਿਆਪਕਾਂ ਲਈ ਪ੍ਰੇਰਣਾ ਬਣਦੀਆਂ ਹਨ।
ਡਾ. ਗਗਨਦੀਪ ਕੌਰ ਨੇ ਕਿਹਾ ਕਿ ਉਹ ਸਕੂਲ ਸਿੱਖਿਆ ਵਿਭਾਗ, ਪੰਜਾਬ ਦੀ ਧੰਨਵਾਦੀ ਹਨ, ਜਿਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਟ੍ਰੇਨਿੰਗ ਵਿਚ ਭਾਗ ਲੈਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇਕ ਵਿਲੱਖਣ ਅਤੇ ਯਾਦਗਾਰ ਅਨੁਭਵ ਹੈ ਅਤੇ ਭਵਿੱਖ ਵਿਚ ਉਹ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੀ ਗੁਣਵੱਤਾ ਵਾਲੀ ਸਿੱਖਿਆ ਲਈ ਕੰਮ ਕਰਨਗੇ
;
;
;
;
;
;
;