ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਨਾਲ ਪੁਰਾਤਨ ਰਵਾਇਤਾਂ ਅਨੁਸਾਰ ਹੋਈ ਹੋਲੇ-ਮਹੱਲੇ ਦੀ ਆਰੰਭਤਾ
ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ)- ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ, ਜੋ ਕਿ 27 ਫਰਵਰੀ ਯਾਨੀ ਅੱਜ ਤੋਂ 1 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਦੀ ਆਰੰਭਤਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਰਵਾਇਤਾਂ ਅਨੁਸਾਰ ਬੜੀ ਹੀ ਸਾਨੋ-ਸ਼ੌਕਤ ਅਤੇ ਆਧਿਆਤਮਿਕ ਉਤਸ਼ਾਹ ਨਾਲ ਕੀਤੀ ਗਈ। ਨਗਾਰਿਆਂ ਦੀ ਚੋਟ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੌਮੀ ਤਿਉਹਾਰ ਦੀ ਸ਼ੁਰੂਆਤ ਹੋਈ, ਜਿਸ ਨਾਲ ਪੂਰਾ ਵਾਤਾਵਰਣ ਗੁਰੂ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ।
ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਰਾਤ ਦੇ ਦੀਵਾਨ ਸਜਾਏ ਗਏ। ਗੁਰੂ ਘਰ ਦੇ ਕੀਰਤਨੀਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਸ਼ਰਧਾ ਭਾਵ ਨਾਲ ਹਾਜ਼ਰੀ ਭਰੀ।
ਰਸਮੀ ਆਗਾਜ਼ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ, ਅੰਤ੍ਰਿੰਗ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਰਦੇਵ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ, ਐਸ਼ ਡੀ ਐਮ ਸੁਖਪਾਲ ਸਿੰਘ , ਬਾਬਾ ਤੀਰਥ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਪੁਰਾਤਨ ਰਵਾਇਤ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਦੀ ਦਸਤਾਰਬੰਦੀ ਕਰਕੇ ਸਨਮਾਨਿਤ ਕੀਤਾ ਗਿਆ। ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅਰਦਾਸ ਕੀਤੀ ਗਈ ਅਤੇ ਸੰਤ ਮਹਾਪੁਰਸ਼ਾਂ ਵਲੋਂ ਨਗਾਰਿਆਂ ’ਤੇ ਚੋਟ ਲਗਾ ਕੇ ਹੋਲਾ ਮਹੱਲਾ ਦੀ ਆਰੰਭਤਾ ਦਾ ਐਲਾਨ ਕੀਤਾ ਗਿਆ।
;
;
;
;
;
;
;
;