ਬੀਕੇਯੂ ਸਿੱਧੂਪੁਰ ਨੇ ਮੁਕਤ ਵਪਾਰ ਸਮਝੌਤੇ ਨੂੰ ਕਿਹਾ ਦੇਸ਼ ਅਤੇ ਕਿਸਾਨ ਵਿਰੋਧੀ
ਚਾਉਕੇ (ਬਠਿੰਡਾ), 21 ਫਰਵਰੀ (ਮਨਜੀਤ ਸਿੰਘ ਘੜੈਲੀ) - ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲ੍ਹੋ ਦਾ ਦੂਜਾ ਸੂਬਾ ਪੱਧਰੀ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਬੱਲ੍ਹੋ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਪੰਜਾਬ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਪੁੱਜਕੇ ਜਿੱਥੇ ਸਰਧਾਂਜਲੀ ਦਿੱਤੀ ਉੱਥੇ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਦੀ ਜ਼ੋਰਦਾਰ ਆਲੋਚਨਾ ਕੀਤੀ। ਜਥੇਬੰਦੀ ਨੇ ਸਪੱਸ਼ਟ ਆਖਿਆ ਕਿ ਇਹ ਸਮਝੌਤਾ ਸਮੁੱਚੇ ਦੇਸ਼ ਅਤੇ ਕਿਸਾਨ ਵਿਰੋਧੀ ਹੈ। ਜਥੇਬੰਦੀ ਨੇ ਇਹ ਵੀ ਦੱਸਿਆ ਕਿ ਸਮਝੌਤੇ ਦੇ ਮਾਰੂ ਅਸਰਾਂ ਤੋਂ ਜਾਣੂੰ ਕਰਵਾਉਣ ਲਈ ਪੰਜਾਬ ਸਮੇਤ ਦੇਸ਼ ਅੰਦਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਕੀਰਤਨੀਏ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਰਸਭਿੰਨਾ ਕੀਰਤਨ ਕੀਤਾ ।ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵਲੋਂ ਦਿੱਲੀ ਕਿਸਾਨ ਅੰਦੋਲਨ ਅਤੇ ਵੱਖ ਵੱਖ ਸਮੇਂ ਹੋਏ ਅੰਦੋਲਨਾਂ ਅਤੇ ਮੀਟਿੰਗਾਂ ਚ ਡਾ. ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ, ਐਮਐਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ, ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ, 2020 ਬਿਜਲੀ ਸੋਧ ਬਿੱਲ ਨੂੰ ਨਾ ਲੈ ਕੇ ਆਉਣਾ, ਖੇਤੀ ਖੇਤਰ ਨੂੰ ਪੋਲਿਊਸ਼ਨ ਐਕਟ ਤੋਂ ਬਾਹਰ ਰੱਖਣਾ ਆਦਿ ਕਿਸਾਨਾਂ, ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਿਖਤ ਚ ਮੰਨਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਅੱਜ ਦਾ ਇਕੱਠ ਸ਼ੁਭਕਰਨ ਸਿੰਘ ਬੱਲ੍ਹੋ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਵੀ ਇਹ ਇਕੱਠ ਕੀਤਾ ਗਿਆ ਹੈ।
;
;
;
;
;
;
;
;
;