JALANDHAR WEATHER

11 ਕਿਲੋ ਹੈਰੋਇਨ, 5.7 ਲੱਖ ਰੁਪਏ ਦੀ ਡਰੱਗ ਮਨੀ ਸਣੇ 2 ਕਾਬੂ

ਗੁਰਦਾਸਪੁਰ, 7 ਫਰਵਰੀ (ਰੋਹਿਤ ਗੁਪਤਾ)- ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇਕ ਵੱਡੀ ਸਫਲਤਾ ’ਚ, ਗੁਰਦਾਸਪੁਰ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੰਗਠਿਤ ਨਾਰਕੋਟਿਕਸ ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 11 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਵਸੀਮ, ਜੋ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦੇ ਕਾਸਿਮਪੁਰ ਦਾ ਰਹਿਣ ਵਾਲਾ ਹੈ ਅਤੇ ਹਰਸ਼ਦੀਪ ਸਿੰਘ ਉਰਫ਼ ਹਰਸ਼, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ (RJ453R2918) ਅਤੇ ਹੁੰਡਈ ਵਰਨਾ ਕਾਰ (38011Z0888) ਨੂੰ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਭਾਰਤ ’ਚ ਆਪਣੇ ਹੈਂਡਲਰਾਂ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਅਸਿੱਧੇ ਤੌਰ 'ਤੇ ਸੰਪਰਕ ’ਚ ਸਨ। ਨੈਟਵਰਕ ਦੇ ਅਗਲੇਰੇ ਅਤੇ ਪਿਛਲੇਰੇ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਇਕ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਕਾਰਵਾਈ ’ਚ ਦੋਸ਼ੀ ਹਰਸ਼ਦੀਪ ਹਰਸ਼ ਨੂੰ ਗੁਰਦਾਸਪੁਰ ਦੇ ਪਿੰਡ ਚਿੱਟੀ ਦੇ ਨੇੜੇ ਤੋਂ 8 ਕਿਲੋ ਹੈਰੋਇਨ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਉਹ ਆਪਣੀ ਵਰਨਾ ਕਾਰ ’ਚ ਹੈਰੋਇਨ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ ’ਚ ਦੋਸ਼ੀ ਮੁਹੰਮਦ ਵਸੀਮ ਨੂੰ ਦੀਨਾ ਨਗਰ ’ਚ ਪਨਿਆੜ ਸ਼ੂਗਰ ਮਿੱਲ ਨੇੜੇ ਨਾਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਹੌਂਡਾ ਸਿਟੀ ਕਾਰ ਦੀ ਤਲਾਸ਼ੀ ਦੌਰਾਨ, 6 ਪੈਕੇਟਾਂ ’ਚ ਪੈਕ ਕੀਤੀ ਹੈਰੋਇਨ, ਜਿਸ ਦਾ ਵਜ਼ਨ 3 ਕਿਲੋਗ੍ਰਾਮ ਸੀ, ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਸੰਬੰਧ ’ਚ, 2 ਵੱਖ-ਵੱਖ ਮਾਮਲੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਦੋਰੰਗਲਾ ਵਿਖੇ ਦਰਜ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ