ਆਟੋ ਚਾਲਕ ਦੀ ਭੇਦਭਰੀ ਹਾਲਤ ’ਚ ਮੌਤ , ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋਣ ਦੀ ਇਲਾਕੇ ’ਚ ਚਰਚਾ
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ) - ਭਾਰਗੋ ਕੈਂਪ ਦੇ ਰਹਿਣ ਵਾਲੇ ਆਟੋ ਚਾਲਕ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ ਹੈ, ਜਿਸ ਦੀ ਪਛਾਣ ਮਿੱਤੂ (35) ਵਜੋਂ ਦੱਸੀ ਗਈ ਹੈ। ਮ੍ਰਿਤਕ ਦੀ ਮਾਂ ਅਨੁਸਾਰ ਅੱਜ ਦੇਰ ਸ਼ਾਮ ਉਸ ਦਾ ਲੜਕਾ ਘਰ ਆਇਆ, ਤਾਂ ਉਹ ਅਸਹਿਜ ਮਹਿਸੂਸ ਕਰ ਰਿਹਾ ਸੀ। ਉਸ ਨੇ ਜੂਸ ਪੀਣ ਦੀ ਇੱਛਾ ਜਾਹਿਰ ਕੀਤੀ, ਜਦੋਂ ਉਸ ਨੂੰ ਜੂਸ ਦਿੱਤਾ ਗਿਆ, ਤਾਂ ਉਸ ਤੋਂ ਕੁਝ ਸਮਾਂ ਬਾਅਦ ਹੀ ਉਸ ਦੀ ਤਬੀਅਤ ਵਿਗੜ ਗਈ ਅਤੇ ਅਚਾਨਕ ਹੀ ਉਸ ਦੀ ਮੌਤ ਹੋ ਗਈ। ਮਿੱਤੂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਇਕੱਠੇ ਹੋਏ ਇਲਾਕਾ ਵਾਸੀਆਂ ਨੇ ਦੋਸ਼ ਲਗਾਏ ਕਿ ਇਲਾਕੇ ’ਚ ਵੱਡੇ ਪੱਧਰ ’ਤੇ ਨਸ਼ੇ ਵਿਕ ਰਹੇ ਹਨ। ਇਲਾਕੇ ’ਚ ਚਰਚਾ ਹੋ ਰਹੀ ਹੈ ਕਿ ਮਿੱਤੂ ਵੀ ਨਸ਼ਿਆਂ ਦੀ ਲਪੇਟ ’ਚ ਆ ਗਿਆ ਸੀ, ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਅੱਜ ਮਿੱਤੂ ਨੇ ਵਾਧੂ ਮਾਤਰਾ ’ਚ ਨਸ਼ਾ ਕਰ ਲਿਆ ਹੋਵੇਗਾ, ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ।
ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਮੋਹਨ ਲਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਲਿਆ। ਥਾਣਾ ਮੁਖੀ ਨੇ ਕਿਹਾ ਕਿ ਫਿਲਹਾਲ ਪਰਿਵਾਰਕ ਮੈਂਬਰਾਂ ਵਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਸੰਬੰਧੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਕੋਈ ਖ਼ੁਲਾਸਾ ਹੋਵੇਗਾ, ਤਾਂ ਉਸ ਦੇ ਆਧਾਰ ’ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
;
;
;
;
;
;