JALANDHAR WEATHER

ਸੀਰੀਆ 'ਚ ਦਹਿਸ਼ਤਗਰਦ ਅੱਡੇ 'ਤੇ ਬਰਤਾਨਵੀ ਹਵਾਈ ਫੌਜ ਦੀ ਸਾਂਝੀ ਹਵਾਈ ਕਾਰਵਾਈ

ਇੰਗਲੈਂਡ, 4 ਜਨਵਰੀ (ਸੁਖਜਿੰਦਰ ਸਿੰਘ ਢੱਡੇ)- ਸੀਰੀਆ 'ਚ ਮੁੜ ਸਿਰ ਚੁੱਕ ਰਹੀ ਦਹਿਸ਼ਤਗਰਦ ਸੰਸਥਾ ਇਸਲਾਮਿਕ ਸਟੇਟ ਦੇ ਗੁਪਤ ਅੱਡਿਆਂ ਖ਼ਿਲਾਫ਼ ਬਰਤਾਨਵੀ ਹਵਾਈ ਫੌਜ ਵਲੋਂ ਫਰਾਂਸ ਦੇ ਸਹਿਯੋਗ ਨਾਲ ਵੱਡੀ ਹਵਾਈ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਦਹਿਸ਼ਤਗਰਦਾਂ ਵਲੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਸੰਭਾਲਣ ਲਈ ਵਰਤੇ ਜਾ ਰਹੇ ਇਕ ਭੂਗਰਭੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ।

ਰੱਖਿਆ ਸੂਤਰਾਂ ਅਨੁਸਾਰ ਦਹਿਸ਼ਤਗਰਦ ਸੰਸਥਾ ਲੰਮੇ ਸਮੇਂ ਤੋਂ ਇਸ ਥਾਂ ਨੂੰ ਆਪਣੇ ਮੁੱਖ ਹਥਿਆਰ ਭੰਡਾਰ ਵਜੋਂ ਵਰਤ ਰਹੀ ਸੀ। ਖੁਫੀਆ ਏਜੰਸੀਆਂ ਵਲੋਂ ਮਿਲੀ ਪੱਕੀ ਜਾਣਕਾਰੀ ਦੇ ਆਧਾਰ ‘ਤੇ ਕਈ ਦਿਨਾਂ ਤੱਕ ਨਿਗਰਾਨੀ ਕੀਤੀ ਗਈ, ਜਿਸ ਤੋਂ ਬਾਅਦ ਇਸ ਅੱਡੇ ਨੂੰ ਤਬਾਹ ਕਰਨ ਦਾ ਫ਼ੈਸਲਾ ਲਿਆ ਗਿਆ। ਹਵਾਈ ਹਮਲਾ ਰਾਤ ਦੇ ਸਮੇਂ ਬਹੁਤ ਹੀ ਯੋਜਨਾਬੱਧ ਢੰਗ ਨਾਲ ਕੀਤਾ ਗਿਆ, ਤਾਂ ਜੋ ਆਸ-ਪਾਸ ਦੇ ਨਾਗਰਿਕ ਇਲਾਕਿਆਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਪਹੁੰਚੇ। ਸੂਤਰਾਂ ਮੁਤਾਬਕ ਨਿਸ਼ਾਨੇ ‘ਤੇ ਸਿੱਧੀ ਬੰਬਾਰੀ ਕੀਤੀ ਗਈ, ਜਿਸ ਨਾਲ ਅੱਡਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਦਹਿਸ਼ਤਗਰਦ ਸੰਸਥਾ ਨੂੰ ਵੱਡਾ ਝਟਕਾ ਲੱਗਿਆ ਹੈ।

ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਕਾਰਵਾਈ ਦਹਿਸ਼ਤਗਰਦੀ ਵਿਰੋਧੀ ਅੰਤਰਰਾਸ਼ਟਰੀ ਮੁਹਿੰਮ ਦਾ ਹਿੱਸਾ ਹੈ। ਅਧਿਕਾਰੀਆਂ ਅਨੁਸਾਰ ਦਹਿਸ਼ਤਗਰਦ ਸੰਸਥਾਵਾਂ ਨੂੰ ਦੁਬਾਰਾ ਮਜ਼ਬੂਤ ਹੋਣ ਤੋਂ ਰੋਕਣ ਲਈ ਅਜਿਹੀਆਂ ਕਾਰਵਾਈਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਤੱਕ ਦਹਿਸ਼ਤਗਰਦੀ ਦਾ ਖ਼ਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਤਦ ਤੱਕ ਸਖ਼ਤ ਕਾਰਵਾਈ ਜਾਰੀ ਰਹੇਗੀ।
ਫੌਜੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਹਵਾਈ ਹਮਲੇ ਨਾਲ ਦਹਿਸ਼ਤਗਰਦਾਂ ਦੀ ਹਮਲਾਵਰ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਨਾਲ ਹੀ ਇਹ ਕਾਰਵਾਈ ਦਹਿਸ਼ਤਗਰਦ ਗਰੋਹਾਂ ਲਈ ਸਪੱਸ਼ਟ ਚੇਤਾਵਨੀ ਹੈ ਕਿ ਉਨ੍ਹਾਂ ਦੀ ਹਰ ਗਤੀਵਿਧੀ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਕਾਰਵਾਈ ਤੋਂ ਬਾਅਦ ਮੱਧ ਪੂਰਬ ਦੇ ਹਾਲਾਤਾਂ ‘ਤੇ ਦੁਨੀਆ ਭਰ ਦੀ ਨਜ਼ਰ ਟਿਕੀ ਹੋਈ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਸਾਂਝੀਆਂ ਹਵਾਈ ਕਾਰਵਾਈਆਂ ਨਾਲ ਖੇਤਰ ਵਿਚ ਅਮਨ ਅਤੇ ਸਥਿਰਤਾ ਕਾਇਮ ਕਰਨ ਵਿਚ ਮਦਦ ਮਿਲ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ