ਸ਼ਹੀਦ ਪਰਗਟ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਅਜਨਾਲਾ, ਰਮਦਾਸ, ਗੱਗੋਮਾਹਲ, 5 ਜਨਵਰੀ (ਢਿੱਲੋਂ,ਵਾਹਲਾ,ਸੰਧੂ)- ਸ੍ਰੀਨਗਰ ਦੇ ਅਨੰਤਨਾਗ ਵਿਖੇ ਸ਼ਹਾਦਤ ਦਾ ਜਾਮ ਪੀਣ ਵਾਲੇ ਇਤਿਹਾਸਕ ਕਸਬਾ ਰਮਦਾਸ ਦੇ ਜੰਮਪਲ ਸ਼ਹੀਦ ਪਰਗਟ ਸਿੰਘ ਦਾ ਉਸ ਦੇ ਜੱਦੀ ਪਿੰਡ ਰਮਦਾਸ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਸੈਂਕੜੇ ਨਮ ਅੱਖਾਂ ਨੇ ਸ਼ਹੀਦ ਪਰਗਟ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ I ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਪਰਗਟ ਸਿੰਘ ਦੇ ਪਿਤਾ ਸ. ਜੋਗਿੰਦਰ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੇਰੇ ਸ਼ਹੀਦ ਪੁੱਤਰ ਪਰਗਟ ਸਿੰਘ ਦੀ ਪਤਨੀ ਮਨਜਿੰਦਰ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ I ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਪਰਗਟ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਦੇ ਨਾਲ ਹੈ ਅਤੇ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਉਨ੍ਹਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ, ਐਸ.ਡੀ.ਐਮ ਰਵਿੰਦਰ ਸਿੰਘ ਅਰੋੜਾ, ਨਾਇਬ ਤਹਿਸੀਲਦਾਰ ਅਭਿਨਵ ਤੀਵਾੜੀ, ਐਸ.ਐੱਚ.ਓ ਅਰਜਨ ਕੁਮਾਰ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਰਿੰਦਰਪਾਲ ਸਿੰਘ ਤਾਲਬਪੁਰਾ, ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਪ੍ਰਧਾਨ ਹਰਪਾਲ ਸਿੰਘ ਸਿੰਧੀ, ਹਰਜਿੰਦਰ ਸਿੰਘ ਬਾਜਵਾ, ਸਰਪੰਚ ਰਾਜਵਿੰਦਰ ਸਿੰਘ ਰਾਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ I
;
;
;
;
;
;
;
;